ਬਾਲ ਵਰੇਸਵਿਸ਼ੇਸ਼ ਲੇਖ

ਗੁੱਸਾ ਬੁੱਧੀ ਨੂੰ ਅੰਨਾ ਕਰ ਦਿੰਦਾ ਹੈ

ਜਦੋਂ ਅਸੀਂ ਨਿਰਾਸ਼ਾ ਦੀ ਅਜਿਹੀ ਮੁਸ਼ਕਲ ਸਥਿਤੀ ’ਚ ਫਸੇ ਹੁੰਦੇ ਹਾਂ ਜਿਸ ਤੋਂ ਬਾਹਰ ਨਿਕਲਣ ਦਾ ਦੂਰ-ਦੂਰ ਤਕ ਕੋਈ ਰਾਹ ਦਿਖਾਈ ਨਹੀਂ ਦਿੰਦਾ ਤਾਂ ਅਸੀਂ ਮਜਬੂਰੀ ਦੀ ਇਸ ਹਾਲਤ ’ਚ ਗੁੱਸੇ ਹੋ ਜਾਂਦੇ ਹਾ। ਕਦੇ-ਕਦੇ ਸੋਚਿਆ ਹੋਇਆ ਜਦੋਂ ਪੂਰਾ ਨਹੀਂ ਹੁੰਦਾ ਤਾਂ ਅਸੀਂ ਹਿੰਸਕ ਹੋ ਉੱਠਦੇ ਹਾਂ। ਹੋਰ ਮਨੁੱਖੀ ਭਾਵਾਂ ਦੀ ਤਰ੍ਹਾਂ ਹੀ ਕ੍ਰੋਧ ਵੀ ਮਨੁੱਖ ਦਾ ਸੁਭਾਵਿਕ ਭਾਵ ਹੈ। ਦੂਜੇ ਸ਼ਬਦਾਂ ’ਚ ਕ੍ਰੋਧ ਸਰੀਰਕ ਤੇ ਭਾਵਨਾਤਮਿਕ ਦਰਦ ਪ੍ਰਤੀ ਕੁਦਰਤੀ ਪ੍ਰਤੀਕਿਰਿਆ ਹੈ। ਗੁੱਸੇ ਦੀ ਅਵਸਥਾ ’ਚ ਅਸੀਂ ਸਾਹਮਣੇ ਵਾਲੇ ਨੂੰ ਆਪਣੀਆਂ ਕੌੜੀਆਂ ਗੱਲਾਂ ਨਾਲ ਵੱਧ ਤੋਂ ਵੱਧ ਦੁੱਖ ਪਹੁੰਚਾਉਣਾ ਚਾਹੁੰਦੇ ਹਾਂ। ਇਸ ਦੀ ਤੁਲਨਾ ਉਸ ਭਖਦੇ ਹੋਏ ਭਾਂਬੜ ਨਾਲ ਕੀਤੀ ਜਾਂਦੀ ਹੈ ਜਿਸ ਨੂੰ ਇਕ ਗੁੱਸੇਖੋਰ ਬੰਦਾ ਆਪਣੇ ਹੱਥ ’ਚ ਸੰਭਾਲੀ ਰੱਖਦਾ ਹੈ, ਜਿਸ ਕਾਰਨ ਉਹ ਖ਼ੁਦ ਬੁਰੀ ਤਰ੍ਹਾਂ ਨੁਕਸਾਨਿਆ ਜਾਂਦਾ ਹੈ। ਮਨੁੱਖੀ ਜੀਵਨ ’ਚ ਗੁੱਸੇ ਦਾ ਅਸਰ ਬਹੁਤ ਹੀ ਖ਼ਤਰਨਾਕ ਹੁੰਦਾ ਹੈ। ਇਹ ਨਿੱਜੀ, ਪਰਿਵਾਰਕ, ਸਮਾਜਿਕ ਕਲੇਸ਼ ਤੇ ਤਬਾਹੀ ਦਾ ਕਾਰਨ ਬਣਦਾ ਹੈ। ਮਹਾਭਾਰਤ ਦੇ ਵਨਪਰਵ ’ਚ ਯਕਸ਼ ਨੇ ਯੁਧਿਸ਼ਟਰ ਨੂੰ ਇਕ ਸਵਾਲ ਪੁੱਛਿਆ ਸੀ, ‘ਇਸ ਦੁਨੀਆ ’ਚ ਦੁੱਖਾਂ ਤੋਂ ਕੌਣ ਮੁਕਤ ਹੈ?’ ਯੁਧਿਸ਼ਟਰ ਨੇ ਜਵਾਬ ਦਿੱਤਾ ਸੀ ਕਿ ਜੋ ਵਿਅਕਤੀ ਕਦੇ ਗੁੱਸਾ ਨਹੀਂ ਕਰਦਾ, ਉਹ ਹਮੇਸ਼ਾ ਹੀ ਦੁੱਖਾਂ ਤੋਂ ਮੁਕਤ ਰਹਿੰਦਾ ਹੈ। ਆਮ ਤੌਰ ’ਤੇ ਗੁੱਸੇ ਨੂੰ ਪਲ ਭਰ ਦਾ ਪਾਗ਼ਲਪਣ ਕਿਹਾ ਜਾਂਦਾ ਹੈ ਕਿਉਂਕਿ ਗੁੱਸੇ ਦੀ ਭਾਵਨਾ ’ਚ ਇਨਸਾਨ ਦੀ ਬੁੱਧੀ ਦੀਆਂ ਅੱਖਾਂ ਬੰਦ ਹੋ ਜਾਂਦੀਆਂ ਹਨ। ਅਰਸਤੂ ਨੇ ਇਕ ਵਾਰ ਕਿਹਾ ਸੀ, ‘ਕੋਈ ਵੀ ਵਿਅਕਤੀ ਕ੍ਰੋਧਿਤ ਹੋ ਸਕਦਾ ਹੈ ਤੇ ਇਹ ਆਸਾਨ ਹੈ ਪਰ ਉੱਚਿਤ ਵਿਅਕਤੀ ਨਾਲ, ਉੱਚਿਤ ਮਾਤਰਾ ’ਚ, ਉੱਚਿਤ ਸਮੇਂ ’ਤੇ, ਵਿਵੇਕਪੂਰਨ ਉਦੇਸ਼ਾਂ ਲਈ ਤੇ ਉੱਚਿਤ ਢੰਗ ਨਾਲ ਕ੍ਰੋਧਿਤ ਹੋਣਾ ਨਾ ਤਾਂ ਸਭ ਦੇ ਵੱਸ ’ਚ ਹੁੰਦਾ ਹੈ ਤੇ ਨਾ ਹੀ ਅਜਿਹਾ ਕਰਨਾ ਆਸਾਨ ਹੁੰਦਾ ਹੈ।’ ਅਰਥਾਤ ਗੁੱਸੇ ਦੀ ਹਾਲਤ ’ਚ ਵੀ ਬੁੱਧੀ ਨਾਲ ਕੰਮ ਕਰਨ ਦੀ ਜ਼ਰੂਰਤ ਹੈ ਨਹੀਂ ਤਾਂ ਕੁਝ ਹਾਸਲ ਨਹੀਂ ਹੁੰਦਾ ਸਿਵਾਏ ਪਛਤਾਵੇ ਤੋਂ। ਚਿੱਤ ’ਤੇ ਕਾਬੂ ਤੇ ਮਾਫ਼ ਕਰਨ ਦੀ ਭਾਵਨਾ ਨਾਲ ਅਸੀਂ ਗੁੱਸੇ ਦੀ ਅੱਗ ਨੂੰ ਆਸਾਨੀ ਨਾਲ ਬੁਝਾ ਸਕਦੇ ਹਾਂ ਤੇ ਇਸ ਦੇ ਖ਼ਤਰਨਾਕ ਨਤੀਜਿਆਂ ਤੋਂ ਖ਼ੁਦ ਨੂੰ ਸੁਰੱਖਿਅਤ ਰੱਖ ਸਕਦੇ ਹਾਂ।

-ਸ੍ਰੀਪ੍ਰਕਾਸ਼ ਸ਼ਰਮਾ

Comment here