ਖਬਰਾਂਖੇਡ ਖਿਡਾਰੀਵਿਸ਼ੇਸ਼ ਲੇਖ

ਗੁੰਮਨਾਮੀ ਦੀ ਜ਼ਿੰਦਗੀ ਬਸਰ ਕਰਦੇ ਕੂਚ ਕਰ ਗਏ ਕੌਮਾਂਤਰੀ ਖਿਡਾਰੀ

ਕੌਮਾਂਤਰੀ ਪੱਧਰ ’ਤੇ ਦੇਸ਼ ਦਾ ਨਾਂਅ ਰੌਸ਼ਨ ਕਰਨ ਵਾਲੇ ਪੁਰਾਣੇ ਕੌਮਾਂਤਰੀ ਖਿਡਾਰੀ ਗੁੰਮਨਾਮੀ ਦੀ ਜ਼ਿੰਦਗੀ ਬਸਰ ਕਰਦੇ ਦੁਨੀਆ ਤੋਂ ਕੂਚ ਕਰ ਗਏ ਪਰ ਕਿਸੇ ਵੀ ਸਰਕਾਰ ਨੇ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਮੁੱਲ ਨਾ ਪਾਇਆ। ਹਾਕਮ ਸਿੰਘ ਭੱਠਲ ਉਨ੍ਹਾਂ ਪੰਜਾਬੀ ਅਥਲੀਟਾਂ ਵਿਚੋਂ ਇਕ ਸਨ ਜਿਨ੍ਹਾਂ ਨੇ ਏਸ਼ੀਅਨ ਖੇਡਾਂ ਤੇ ਏਸ਼ਿਆਈ ਅਥਲੈਟਿਕਸ ਮੀਟ ਵਿਚ ਦੋ ਸੋਨ ਤਗਮੇ ਜਿੱਤ ਕੇ ਦੇਸ਼ ਤੇ ਰਾਜ ਦਾ ਨਾਂਅ ਰੌਸ਼ਨ ਕੀਤਾ ਸੀ। ਹਾਕਮ ਸਿੰਘ ਨੇ 1978 ਏਸ਼ੀਅਨ ਖੇਡਾਂ ਵਿਚ 20 ਕਿੱਲੋਮੀਟਰ ਵਾਕ ਵਿਚ ਸੋਨੇ ਦਾ ਤਗਮਾ ਹੀ ਨਹੀਂ ਜਿੱਤਿਆ, ਸਗੋਂ ਆਪਣੇ ਨਾਂਅ ਏਸ਼ੀਅਨ ਰਿਕਾਰਡ ਵੀ ਦਰਜ ਕਰਵਾਇਆ ਸੀ। ਅਗਲੇ ਵਰ੍ਹੇ ਟੋਕੀਓ ਵਿਖੇ ਏਸ਼ੀਅਨ ਟਰੈਕ ਐਂਡ ਅਥਲੈਟਿਕਸ ਮੀਟ ਵਿਚ ਵੀ ਹਾਕਮ ਨੇ 20 ਕਿੱਲੋਮੀਟਰ ਵਾਕ ਵਿਚ ਨਵਾਂ ਰਿਕਾਰਡ ਪੈਦਾ ਕਰ ਕੇ ਸੋਨੇ ਦਾ ਤਗਮਾ ਜਿੱਤਿਆ ਸੀ। ਮਾਣਮੱਤੀਆਂ ਪ੍ਰਾਪਤੀਆਂ ਦੇ ਬਾਵਜੂਦ ਵੀ ਹਾਕਮ ਸਿੰਘ ਭੱਠਲ ਨੂੰ ਜ਼ਿੰਦਗੀ ਵਿਚ ਵਾਰ-ਵਾਰ ਜੱਦੋ-ਜਹਿਦ ਕਰਨੀ ਪਈ। ਸਭ ਤੋਂ ਪਹਿਲਾਂ ਉਸ ਦੇ ਮਨ ’ਤੇ ਉਸ ਸਮੇਂ ਸੱਟ ਲੱਗੀ ਜਦੋਂ ਇਹ ਖਿਤਾਬ ਜਿੱਤਣ ਦੇ ਬਾਵਜੂਦ ਮਹਿਕਮੇ ਵਲੋਂ ਉਸ ਨੂੰ ਕੋਈ ਤਰੱਕੀ ਨਹੀਂ ਦਿੱਤੀ ਗਈ। ਆਖਰ ਬੇਆਬਰੂ ਹੋ ਕੇ ਹਾਕਮ ਸਿੰਘ ਭੱਠਲ ਨੇ ਫ਼ੌਜ ਨੂੰ ਅਲਵਿਦਾ ਕਹਿ ਦਿੱਤਾ ਤੇ ਆਪਣੇ ਜੱਦੀ ਪਿੰਡ ਭੱਠਲਾਂ ਵਿਖੇ ਇਕ ਏਕੜ ਜ਼ਮੀਨ ’ਤੇ ਖੇਤੀਬਾੜੀ ਕਰ ਕੇ ਆਪਣੀ ਰੋਜ਼ੀ ਰੋਟੀ ਕਮਾਉਣ ਲੱਗੇ। ਕੁਝ ਸਮੇਂ ਬਾਅਦ ਭਾਰਤ ਸਰਕਾਰ ਵਲੋਂ ਉਲਪਿੰਕ ਤੇ ਏਸ਼ੀਅਨ ਖੇਡਾਂ ਵਿਚੋਂ ਸੋਨ ਤਗਮਾ ਜੇਤੂ ਖਿਡਾਰੀਆਂ ਲਈ ਜੀਵਨ ਪੈਨਸ਼ਨ ਸ਼ੁਰੂ ਕੀਤੀ ਗਈ ਸੀ। ਇਸ ਨੂੰ ਹਾਸਿਲ ਕਰਨ ਲਈ ਵੀ ਉਨ੍ਹਾਂ ਨੂੰ ਕਾਫ਼ੀ ਖੱਜਲ ਖ਼ੁਆਰ ਹੋਣਾ ਪਿਆ।
ਇਸ ਤੋਂ ਬਾਅਦ ਏਸ਼ੀਅਨ ਚੈਂਪੀਅਨ ਹਾਕਮ ਸਿੰਘ ਨੂੰ ਆਪਣੀ ਰੋਜ਼ੀ ਰੋਟੀ ਦੇ ਰੁਜ਼ਗਾਰ ਲਈ ਦਰ-ਦਰ ਭਟਕਣਾ ਪਿਆ। ਭਾਵੇਂ ਬਾਅਦ ਵਿਚ ਉਨ੍ਹਾਂ ਨੂੰ ਪੰਜਾਬ ਪੁਲਿਸ ਵਿਭਾਗ ਵਿਚ ਬਤੌਰ ਸਿਪਾਹੀ (ਅਥਲੈਟਿਕਸ ਕੋਚ) ਨੌਕਰੀ ਮਿਲ ਗਈ। ਉਹ ਨੌਕਰੀ ਵੀ ਉਨ੍ਹਾਂ ਨੂੰ ਇਕ ਖਤਰਨਾਕ ਹਾਦਸੇ ਕਾਰਨ ਛੱਡਣੀ ਪਈ। ਉਲੰਪਿੰਕ, ਵਿਸ਼ਵ, ਏਸ਼ੀਅਨ ਖੇਡਾਂ, ਰਾਸ਼ਟਰਮੰਡਲ ਖੇਡਾਂ ਵਿਚੋਂ ਸੋਨੇ ਦਾ ਤਗਮਾ ਜਿੱਤਣ ਵਾਲੇ ਖਿਡਾਰੀਆਂ ਨੂੰ ਮਿਲਣ ਵਾਲਾ ਵੱਕਾਰੀ ਸਨਮਾਨ ਅਰਜਨ ਐਵਾਰਡ ਵੀ ਹਾਕਮ ਸਿੰਘ ਭੱਠਲ ਨੂੰ 30 ਵਰਿ੍ਹਆਂ ਦੀ ਲੰਬੀ ਉਡੀਕ ਕਰਨ ਉਪਰੰਤ ਮਿਲਿਆ। ਜਿਸ ਵਿਚ 3 ਲੱਖ ਰੁਪਏ, ਪ੍ਰਸ਼ੰਸਾ ਪੱਤਰ, ਯਾਦਗਾਰੀ ਚਿੰਨ੍ਹ ਸ਼ਾਮਿਲ ਸਨ। ਭਿਆਨਕ ਬਿਮਾਰੀ ਕਾਰਨ ਉਹ ਜਦੋਂ ਪ੍ਰਾਈਵੇਟ ਹਸਪਤਾਲ ’ਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਸੀ ਤਾਂ ਸਹਾਇਤਾ ਲਈ ਨਾ ਸਰਕਾਰ ਤੇ ਨਾ ਹੀ ਪ੍ਰਸ਼ਾਸਨ ਨੇ ਉਨ੍ਹਾਂ ਦੀ ਕੋਈ ਸਾਰ ਲਈ। ਉਨ੍ਹਾਂ ਦੇ ਭੋਗ ਮੌਕੇ ਉਨ੍ਹਾਂ ਦੀ ਯਾਦ ਵਿਚ ਯਾਦਗਾਰ ਬਣਾਉਣ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਨੂੰ ਸੈਨਿਕ ਵਿਭਾਗ ਵਿਚ ਤਰਸ ਦੇ ਆਧਾਰ ’ਤੇ ਨੌਕਰੀ ਦੇਣ ਦਾ ਭਰੋਸਾ ਦਿਵਾਇਆ ਗਿਆ ਸੀ, ਪਰ ਅਜੇ ਤੱਕ ਪ੍ਰਸ਼ਾਸਨ ਵਲੋਂ ਇਹ ਵਾਅਦਾ ਪੂਰਾ ਨਾ ਕੀਤਾ ਗਿਆ ਤੇ ਨਾ ਹੀ ਉਨ੍ਹਾਂ ਦੀ ਯਾਦ ਵਿਚ ਕੋਈ ਯਾਦਗਾਰ ਬਣਾਈ ਗਈ ਹੈ। ਇਸ ਸੰਬੰਧੀ ਉਨ੍ਹਾਂ ਦੇ ਬੇਟੇ ਸੁਖਜੀਤ ਸਿੰਘ, ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਸਿਰਫ਼ ਉਨ੍ਹਾਂ ਦੇ ਬਜ਼ੁਰਗਾਂ ਦੀ ਮਿਲਣ ਵਾਲੀ ਪੈਨਸ਼ਨ ਤੋਂ ਇਲਾਵਾ ਪ੍ਰਾਈਵੇਟ ਠੇਕੇ ਦੀ ਡਰਾਈਵਰੀ ਨੌਕਰੀ ਕਰ ਕੇ ਆਪਣਾ ਗੁਜ਼ਾਰਾ ਕਰ ਰਹੇ ਹਨ।
ਪਹਿਲੀਆਂ ਏਸ਼ੀਅਨ ਖੇਡਾਂ ਦੇ ਮਹਾਨ ਨਾਇਕ ਨਿੱਕਾ ਸਿੰਘ ਦਾ 7 ਦਹਾਕਿਆਂ ਬਾਅਦ ਵੀ ਕਿਸੇ ਵੀ ਸਰਕਾਰ ਨੇ ਮੁੱਲ ਨਾ ਪਾਇਆ। ਉਹ ਆਪਣੀਆਂ ਮਨ ਦੀਆਂ ਸਧਰਾਂ ਮਨ ਵਿਚ ਹੀ ਲੈ ਕੇ ਗੁੰਮਨਾਮੀ ਦੀ ਜਿੰਦਗੀ ਬਸਰ ਕਰਦਿਆਂ 13 ਨਵੰਬਰ 1993 ਨੂੰ ਇਸ ਦੁਨੀਆਂ ’ਚੋਂ ਕੂਚ ਕਰ ਗਏ। ਉਨ੍ਹਾਂ ਦੀ ਇੱਛਾ ਸੀ ਕਿ ਜੇਕਰ ਉਸ ਨੂੰ ਕੋਈ ਰੁਜ਼ਗਾਰ ਨਹੀਂ ਮਿਲਦਾ ਤਾਂ ਘੱਟੋ-ਘੱਟ ਉਸ ਦੇ ਬੱਚਿਆਂ ਨੂੰ ਹੀ ਰੁਜ਼ਗਾਰ ਮਿਲ ਜਾਵੇ, ਪਰ ਉਸ ਦੇ ਮਨ ਦੀ ਇਹ ਇੱਛਾ ਵੀ ਪੂਰੀ ਨਾ ਹੋ ਸਕੀ। ਨਿੱਕਾ ਸਿੰਘ ਨੇ ਪਹਿਲੀਆਂ ਏਸ਼ੀਅਨ ਖੇਡਾਂ 1951 ਅਤੇ 1954 ਵਿਚ ਸੋਨੇ ਦਾ ਤਗਮਾ ਹੀ ਨਹੀਂ ਜਿੱਤਿਆ ਸਗੋਂ ਨਵਾਂ ਰਿਕਾਰਡ ਆਪਣੇ ਨਾਂਅ ਦਰਜ ਕਰਵਾ ਕੇ ਦੇਸ਼ ਦੀ ਸ਼ਾਨ ਵਿਚ ਵਾਧਾ ਕੀਤਾ ਸੀ। ਅਣਗੌਲਿਆ ਗੋਲੇ ਦਾ ਸਰਬੋਤਮ ਸੁਟਾਵਾ ਪ੍ਰਦੱਮਣ ਸਿੰਘ ਉਨ੍ਹਾਂ ਮਹਾਨ ਪੰਜਾਬੀ ਅਥਲੀਟਾਂ ਵਿਚੋਂ ਇਕ ਸੀ ਜਿਸ ਨੇ ਏਸ਼ੀਅਨ ਖੇਡਾਂ ਤੇ ਰਾਸ਼ਟਰਮੰਡਲ ਖੇਡਾਂ ਵਿਚ ਕੌਮਾਂਤਰੀ ਪੱਧਰ ’ਤੇ ਸੋਨੇ, ਚਾਂਦੀ, ਕਾਂਸੀ ਦੇ ਤਗਮੇ ਜਿੱਤ ਕੇ ਦੇਸ਼ ਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਸੀ।
ਪ੍ਰਦੱਮਣ ਸਿੰਘ 6 ਫੁੱਟ ਦੇ ਉਚੇ ਕੱਦ ਦੇ ਤਕੜੇ ਜੁੱਸੇ ਦਾ ਮਾਲਕ ਏਸ਼ੀਆ ਦਾ ਸਰਬੋਤਮ ਸੁਟਾਵਾ ਸੀ। ਜਿਸ ਨੇ 1952 ਤੋਂ 1962 ਤੱਕ ਪੂਰੇ 10 ਵਰ੍ਹੇ ਏਸ਼ੀਆ ਦੇ ਕਿਸੇ ਵੀ ਸੁਟਾਵੇ ਨੂੰ ਨੇੜੇ ਨਹੀਂ ਢੁਕਣ ਦਿੱਤਾ। ਪ੍ਰਦੱਮਣ ਸਿੰਘ ਨੇ ਪਹਿਲੀਆਂ ਏਸ਼ੀਅਨ ਖੇਡਾਂ 1951 ਵਿਚ ਭਾਗ ਲਿਆ ਸੀ, ਪਰ 1954 ਦੀਆਂ ਮਨੀਲਾ (ਫਿਲੀਪੀਨਜ਼) ਖੇਡਾਂ ਵਿਚ ਪ੍ਰਦੱਮਣ ਸਿੰਘ ਦੀ ਗੁੱਡੀ ਸ਼ਿਖਰਾਂ ’ਤੇ ਸੀ। ਉਨ੍ਹਾਂ ਖੇਡਾਂ ਵਿਚ ਪ੍ਰਦੱਮਣ ਸਿੰਘ ਨੇ 46 ਫੁੱਟ 11 ਇੰਚ ਗੋਲਾ ਤੇ 54 ਫੁੱਟ 9 ਇੰਚ ਡਿਸਕਸ ਸੁੱਟ ਕੇ 2 ਨਵੇਂ ਰਿਕਾਰਡ ਕਾਇਮ ਕਰ ਕੇ ਏਸ਼ੀਅਨ ਖੇਡਾਂ ਵਿਚ ਭਾਰਤ ਲਈ ਦੋ ਸੋਨ ਤਗਮੇ ਜਿੱਤੇ ਸਨ। 1958 ਵਿਚ ਟੋਕੀਓ ਏਸ਼ੀਅਨ ਖੇਡਾਂ ਵਿਚ ਪ੍ਰਦੱਮਣ ਸਿੰਘ ਨੇ ਟੀਮ ਦੇ ਕਪਤਾਨ ਵਜੋਂ ਭਾਗ ਲਿਆ। ਉਨ੍ਹਾਂ ਦੀ ਅਗਵਾਈ ਹੇਠ ਬਲਕਾਰ ਸਿੰਘ, ਉਡਣਾ ਸਿੱਖ ਮਿਲਖਾ ਸਿੰਘ, ਜੋਗਿੰਦਰ ਸਿੰਘ ਵਰਗੇ ਸਿਰਕੱਢ ਅਥਲੀਟਾਂ ਨੇ ਭਾਗ ਲਿਆ ਸੀ। ਪ੍ਰਦੱਮਣ ਸਿੰਘ ਨੇ ਇਨ੍ਹਾਂ ਖੇਡਾਂ ਵਿਚ ਵੀ ਤਰਥੱਲੀ ਮਚਾ ਦਿੱਤੀ ਸੀ। ਪ੍ਰਦੱਮਣ ਨੇ 49.4 ਮੀਟਰ ਗੋਲਾ ਸੁੱਟ ਕੇ ਆਪਣਾ ਪੁਰਾਣਾ ਹੀ ਰਿਕਾਰਡ ਤੋੜਿਆ ਤੇ ਇਕ ਹੋਰ ਸੋਨ ਤਗਮਾ ਦੇਸ਼ ਦੀ ਝੋਲੀ ਵਿਚ ਪਾਇਆ। ਵੈਨਕੂਵਰ ਕੈਨੇਡਾ ਦੀਆਂ ਰਾਸ਼ਟਰਮੰਡਲ ਖੇਡਾਂ ਵਿਚ ਪ੍ਰਦੱਮਣ ਸਿੰਘ ਨੇ ਸਭ ਤੋਂ ਦੂਰ ਗੋਲਾ ਸੁੱਟਿਆ।
1962 ਦੀਆਂ ਏਸ਼ੀਅਨ ਖੇਡਾਂ ਜਕਾਰਤਾ ਵਿਖੇ ਡਿਸਕਸ ਸੁੱਟਣ ਲਈ ਵਾਰਮਅਪ ਹੁੰਦੇ ਹੋਏ ਉਸ ਦੇ ਮੂੰਹ ’ਤੇ ਜੋਗਿੰਦਰ ਸਿੰਘ ਕੋਲੋਂ ਡਿਸਕਸ ਵੱਜ ਗਈ। ਮਾਂ ਦੇ ਪੁੱਤ ਨੇ ਫਿਰ ਵੀ ਹੌਸਲਾ ਨਾ ਹਾਰਿਆ। ਮੂੰਹ ਬੰਨ੍ਹ ਕੇ ਵੀ ਮੈਦਾਨ ਵਿਚ ਨਿੱਤਰਿਆ ਤੇ 158 ਮੀਟਰ ਡਿਸਕਸ ਸੁੱਟ ਕੇ ਚਾਂਦੀ ਦਾ ਤਗਮਾ ਜਿੱਤਿਆ। 1962 ਤੋਂ ਬਾਅਦ ਰੀਹ ਦੀ ਬਿਮਾਰੀ ਕਾਰਨ ਸਾਰਾ ਕੁਝ ਛੱਡਣਾ ਪਿਆ। 1982 ਵਿਚ ਰਾਮਪੁਰਾ ਵਿਖੇ ਮਾਲਵਾ ਕਾਲਜ ਵਿਚ ਅਥਲੈਟਿਕਸ ਮੀਟ ਦੇ ਉਦਘਾਟਨ ਉਪਰੰਤ ਵਾਪਸ ਪਰਤਦਿਆਂ ਰਾਹ ਵਿਚ ਹਾਦਸਾ ਵਾਪਰ ਗਿਆ। ਜਿਸ ਕਾਰਨ ਉਨ੍ਹਾਂ ਦੀ ਰੀੜ੍ਹ ਦੀ ਹੱਡੀ ’ਤੇ ਸੱਟ ਵੱਜੀ। ਜਿਸ ਕਾਰਨ 3 ਮਹੀਨੇ ਸੀ.ਐਮ.ਸੀ. ਲੁਧਿਆਣਾ ਵਿਖੇ ਜਿੰਦਗੀ ਤੇ ਮੌਤ ਨਾਲ ਸੰਘਰਸ਼ ਕਰਦੇ ਰਹੇ। ਉਹ ਸੰਕਟਮਈ ਘੜੀ ਦੌਰਾਨ ਇਸ ਚੈਂਪੀਅਨ ਦੀ ਸਾਰ ਲੈਣ ਲਈ ਕੋਈ ਨਾ ਬਹੁੜਿਆ। ਇਲਾਜ ਦਾ ਸਾਰਾ ਖ਼ਰਚਾ ਆਪ ਖ਼ੁਦ ਸਹਿਣਾ ਪਿਆ। ਅਥਲੈਟਿਕਸ ਦਾ ਇਹ ਮਹਾਨ ਸਿਤਾਰਾ 42 ਵਰ੍ਹੇ ਸਰਕਾਰੀ ਸਹਾਇਤਾ ਤੇ ਮਾਣ ਸਨਮਾਨ ਲਈ ਤਰਸਦਾ ਰਿਹਾ। 2000 ਵਿਚ ਖਿਡਾਰੀਆਂ ਨੂੰ ਦਿੱਤੇ ਜਾਣ ਵਾਲੇ ਸਰਬੋਤਮ ਐਵਾਰਡ ਅਰਜਨ ਐਵਾਰਡ ਲਾਈਫ ਆਫ ਅਚੀਵਮੈਂਟ ਉਸ ਸਮੇਂ ਦੇ ਕੇ ਨਿਵਾਜਿਆ ਗਿਆ ਜਦੋਂ ਉਹ ਜ਼ਿੰਦਗੀ ਤੇ ਮੌਤ ਨਾਲ ਸੰਘਰਸ਼ ਕਰ ਰਿਹਾ ਸੀ। ਸਰਕਾਰਾਂ ਵਲੋਂ ਖਿਡਾਰੀਆਂ ਨੂੰ ਅਣਗੌਲਿਆਂ ਕਰਨਾ ਭਾਰਤੀ ਖੇਡ ਜਗਤ ਦਾ ਸਭ ਤੋਂ ਵੱਡਾ ਦੁਖਾਂਤ ਹੈ। ਮੌਜੂਦਾ ‘ਆਪ’ ਸਰਕਾਰ ਨੇ ਵੀ ਆਪਣੇ ਇਕ ਵਰ੍ਹੇ ਦੇ ਕਾਰਜਕਾਲ ਦੌਰਾਨ ਪੁਰਾਣੇ ਕੌਮਾਂਤਰੀ ਖਿਡਾਰੀਆਂ ਦੀ ਸਾਰ ਨਹੀਂ ਲਈ।
ਭਾਰਤ ਦੇ ਏਸ਼ੀਆਈ ਚੈਂਪੀਅਨ ਬਲਕਾਰ ਸਿੰਘ ਨੂੰ ਖੰਡ ਮਿਲ ਜ਼ੀਰਾ ਵਿਖੇ ਨੌਕਰੀ ਕਰਨ ਲਈ ਮਜਬੂਰ ਹੋਣਾ ਪਿਆ। ਇਸੇ ਤਰ੍ਹਾਂ ਮਨੀਲਾ ਦੀਆਂ ਏਸ਼ਿਆਈ ਖੇਡਾਂ ਵਿਚੋਂ 800 ਮੀਟਰ ਦੌੜ ਵਿਚੋਂ ਚਾਂਦੀ ਦਾ ਤਗਮਾ ਜਿੱਤਣ ਵਾਲੇ ਸੋਹਣ ਸਿੰਘ ਨੂੰ ਆਪਣੇ ਆਖ਼ਰੀ ਦਿਨਾਂ ਵਿਚ ਆਪਣੀ ਰੋਜ਼ੀ ਰੋਟੀ ਲਈ ਜਲੰਧਰ ਦੇ ਇਕ ਸਿਨੇਮੇ ਦੇ ਗੇਟਕੀਪਰ ਦੀ ਨੌਕਰੀ ਕਰਨ ਲਈ ਮਜਬੂਰ ਹੋਣਾ ਪਿਆ। ਇੱਥੇ ਹੀ ਬੱਸ ਨਹੀਂ ਰੋਮ ਤੇ ਟੋਕੀਓ ਉਲੰਪਿਕ ਖੇਡਾਂ ਵਿਚ ਦੇਸ਼ ਦੀ ਪ੍ਰਤੀਨਿਧੀਤਾ ਕਰਨ ਵਾਲੇ ਤੇ ਚੌਥੀਆਂ ਏਸ਼ਿਆਈ ਖੇਡਾਂ ਵਿਚ ਉਡਣੇ ਸਿੱਖ ਨਾਲ 4”400 ਮੀਟਰ ਦੀ ਰਿਲੇਅ ਟੀਮ ਵਿਚ ਦੌੜਦਿਆਂ ਸੋਨੇ ਦੇ ਤਗਮਾ ਜੇਤੂ ਮਹਾਨ ਦੌੜਾਕ ਮੱਖਣ ਸਿੰਘ ਨੂੰ ਵੀ ਆਪਣੇ ਆਖਰੀ ਦਿਨਾਂ ਵਿਚ ਰੋਜ਼ੀ ਰੋਟੀ ਲਈ ਟਰੱਕ ਡਰਾਈਵਰ ਬਣਨ ਲਈ ਮਜਬੂਰ ਹੋਣਾ ਪਿਆ। ਇਹੀ ਭਾਰਤੀ ਖੇਡ ਜਗਤ ਦਾ ਸਭ ਤੋਂ ਵੱਡਾ ਦੁਖਾਂਤ ਹੈ।

– ਅਸ਼ੋਕ

Comment here