ਸਿਆਸਤਖਬਰਾਂ

ਗੁਲਾਮ ਨਬੀ ਅਜ਼ਾਦ ਵੀ ਕੈਪਟਨ ਦੀ ਰਾਹ ਤੁਰੇ…!!

ਆਜ਼ਾਦ ਦੀਆਂ ਰੈਲੀਆਂ ਨੇ ਸਿਆਸੀ ਅਟਕਲਾਂ ਨੂੰ ਦਿੱਤੀ ਹਵਾ
ਜਲਦੀ ਹੀ ਨਵੀਂ ਪਾਰਟੀ ਦਾ ਕਰ ਸਕਦੇ ਗਠਨ
ਜੰਮੂ-ਜੰਮੂ-ਕਸ਼ਮੀਰ ਕਾਂਗਰਸ ਵਿਚ ਸਾਬਕਾ ਰਾਜ ਸਭਾ ਸੰਸਦ ਮੈਂਬਰ ਅਤੇ ਕਾਂਗਰਸ ਦੇ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਦੇ ਕਰੀਬ 20 ਵਫ਼ਾਦਾਰਾਂ ਨੇ ਪਿਛਲੇ ਦੋ ਹਫ਼ਤਿਆਂ ਵਿਚ ਆਪਣੀ ਪਾਰਟੀ ਦੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸੰਸਦ ਵਿਚ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਰੱਦ ਕਰਨ ਦੇ ਆਪਣੇ ਸਖ਼ਤ ਵਿਰੋਧ ਮਗਰੋਂ ਆਜ਼ਾਦ ਨੇ ਕਿਹਾ ਕਿ ਉਨ੍ਹਾਂ ਦੀ ਇਕਮਾਤਰ ਮੰਗ ਸੂਬੇ ਦੀ ਬਹਾਲੀ ਅਤੇ ਵਿਧਾਨ ਸਭਾ ਚੋਣਾਂ ਕਰਾਉਣ ਦੀ ਹੈ। ਆਜ਼ਾਦ ਵਲੋਂ ਜੰਮੂ-ਕਸ਼ਮੀਰ ’ਚ ਰਿਕਾਰਡ ਤੋੜ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਆਜ਼ਾਦ ਦੀਆਂ ਤੇਜ਼ ਰਫ਼ਤਾਰ ਰੈਲੀਆਂ ਨੇ ਸਿਆਸੀ ਅਟਕਲਾਂ ਨੂੰ ਹਵਾ ਦਿੱਤੀ ਹੈ। ਸੂਤਰਾਂ ਮੁਤਾਬਕ ਆਜ਼ਾਦ ਜਲਦੀ ਹੀ ਆਪਣੀ ਨਵੀਂ ਪਾਰਟੀ ਦਾ ਗਠਨ ਕਰ ਸਕਦੇ ਹਨ।
ਇਨ੍ਹਾਂ ਪੈਂਤੜਿਆਂ ਤੋਂ ਆਜ਼ਾਦ ਜੰਮੂ-ਕਸ਼ਮੀਰ ਵਿਚ ਆਪਣੀ ਪੈਠ ਮਜ਼ਬੂਤ ਕਰਨਾ ਚਾਹ ਰਹੇ ਹਨ। ਦੱਸ ਦੇਈਏ ਕਿ ਆਜ਼ਾਦ ਦੀਆਂ ਰੈਲੀਆਂ ’ਚ ਭਾਰੀ ਭੀੜ ਨੇ ਕਾਂਗਰਸ ਪਾਰਟੀ ਦੇ ਸੁਪਰਵਾਈਜ਼ਰਾਂ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਕਾਂਗਰਸ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਆਜ਼ਾਦ ਆਪਣੀ ਪਾਰਟੀ ਬਣਾਉਂਦੇ ਹਨ ਤਾਂ ਜੰਮੂ-ਕਸ਼ਮੀਰ ਦੇ ਜ਼ਿਆਦਾਤਰ ਕਾਂਗਰਸ ਨੇਤਾਵਾਂ ਦੇ ਉਨ੍ਹਾਂ ਨਾਲ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਦੇ ਇਕ ਕਰੀਬੀ ਸੂਤਰ ਨੇ ਕਿਹਾ ਕਿ ਪਾਰਟੀ ਦੇ ਹੋਰ ਆਗੂ ਹਨ, ਜਿਨ੍ਹਾਂ ਨੇ ਆਜ਼ਾਦ ਨਾਲ ਸੰਪਰਕ ਕੀਤਾ ਹੈ।
ਚਰਚਾ ਦਾ ਬਜ਼ਾਰ ਗਰਮ ਹੈ ਕਿ ਆਜ਼ਾਦ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਂਗ ਨਵੀਂ ਪਾਰਟੀ ਬਣਾ ਸਕਦੇ ਹਨ। ਹਾਲਾਂਕਿ ਆਜ਼ਾਦ ਖ਼ੁਦ ਨੂੰ 24 ਕੈਰੇਟ ਕਾਂਗਰਸੀ ਦੱਸ ਰਹੇ ਹਨ। ਦੱਸ ਦੇਈਏ ਕਿ ਆਜ਼ਾਦ ਪਾਰਟੀ ਤੋਂ ਦਰਕਿਨਾਰ ਚੱਲ ਰਹੇ ਹਨ। ਪਾਰਟੀ ਵਿਚ ਕੇਂਦਰੀ ਅਗਵਾਈ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਜੀ-23 ਧੜੇ ਦਾ ਹਿੱਸਾ ਬਣਨ ਮਗਰੋਂ ਉਨ੍ਹਾਂ ਤੋਂ ਇਕ-ਇਕ ਕਰ ਕੇ ਸਾਰੀਆਂ ਜ਼ਿੰਮੇਵਾਰੀਆਂ ਲਈਆਂ ਜਾ ਚੁੱਕੀਆਂ ਹਨ।

Comment here