ਸਿਆਸਤਚਲੰਤ ਮਾਮਲੇਵਿਸ਼ੇਸ਼ ਲੇਖ

ਗੁਲਾਮ ਦੇ ਕਾਂਗਰਸ ਤੋਂ ਅਜ਼ਾਦ ਹੋਣ ਦੇ ਮਾਅਨੇ…

ਸੀਨੀਅਰ ਕਾਂਗਰਸੀ ਆਗੂ ਗ਼ੁਲਾਮ ਨਬੀ ਆਜ਼ਾਦ ਵਲੋਂ ਪਾਰਟੀ ਤੋਂ ਅਸਤੀਫ਼ਾ ਦੇਣਾ ਕਈ ਪੱਖਾਂ ਤੋਂ ਇਕ ਵੱਡੀ ਖ਼ਬਰ ਹੈ। ਆਜ਼ਾਦ ਪਿਛਲੇ 50 ਸਾਲ ਤੋਂ ਕਾਂਗਰਸ ਨਾਲ ਜੁੜੇ ਰਹੇ। ਉਨ੍ਹਾਂ ਯੂਥ ਕਾਂਗਰਸ ਲਈ ਵੀ ਕੰਮ ਕੀਤਾ। ਲੰਬਾ ਸਮਾਂ ਇਸ ਦੇ ਪ੍ਰਧਾਨ ਵੀ ਰਹੇ। ਪਾਰਟੀ ਅੰਦਰ ਅਤੇ ਇਸ ਦੀਆਂ ਮਹੱਤਵਪੂਰਨ ਕਮੇਟੀਆਂ ਦੇ ਵੀ ਉਹ ਮੈਂਬਰ ਰਹੇ। ਲੰਬੇ ਸਮੇਂ ਤੱਕ ਕੇਂਦਰੀ ਮੰਤਰੀ ਵੀ ਰਹੇ ਅਤੇ ਰਾਜ ਸਭਾ ਵਿਚ 7 ਸਾਲ ਤੱਕ ਵਿਰੋਧੀ ਧਿਰ ਦੇ ਆਗੂ ਦਾ ਜ਼ਿੰਮਾ ਵੀ ਨਿਭਾਇਆ ਪਰ ਪਿਛਲੇ ਲੰਬੇ ਸਮੇਂ ਤੋਂ ਖ਼ਾਸ ਤੌਰ ‘ਤੇ ਜਦੋਂ ਤੋਂ ਰਾਹੁਲ ਗਾਂਧੀ ਨੇ ਪਾਰਟੀ ਦੀ ਜ਼ਿੰਮੇਵਾਰੀ ਸੰਭਾਲਣੀ ਸ਼ੁਰੂ ਕੀਤੀ, ਉਦੋਂ ਤੋਂ ਹੀ ਉਨ੍ਹਾਂ ਦੇ ਪਾਰਟੀ ਲੀਡਰਸ਼ਿਪ ਨਾਲ ਮਤਭੇਦ ਪੈਦਾ ਹੁੰਦੇ ਰਹੇ। ਰਾਹੁਲ ਗਾਂਧੀ ਜਨਵਰੀ, 2013 ਤੋਂ ਦਸੰਬਰ 2017 ਤੱਕ ਕਾਂਗਰਸ ਦੇ ਮੀਤ ਪ੍ਰਧਾਨ ਅਤੇ ਦਸੰਬਰ 2017 ਤੋਂ ਅਗਸਤ 2019 ਤੱਕ ਪਾਰਟੀ ਦੇ ਪ੍ਰਧਾਨ ਰਹੇ। ਇਸ ਸਾਰੇ ਸਮੇਂ ਵਿਚ ਉਹ ਅਕਸਰ ਹੀ ਵਿਵਾਦਾਂ ਵਿਚ ਘਿਰੇ ਰਹੇ ਅਤੇ ਪਾਰਟੀ ਨੂੰ ਇਕਜੁੱਟ ਨਾ ਕਰ ਸਕੇ। ਇਸ ਸਮੇਂ ਵਿਚ ਹੀ ਪਾਰਟੀ ਨੂੰ ਕੌਮੀ ਅਤੇ ਸੂਬਾਈ ਪੱਧਰ ‘ਤੇ ਵੱਖ-ਵੱਖ ਹੋਈਆਂ ਚੋਣਾਂ ਵਿਚ ਬਹੁਤੀ ਵਾਰ ਨਮੋਸ਼ੀਜਨਕ ਹਾਰ ਦਾ ਮੂੰਹ ਵੇਖਣਾ ਪਿਆ। ਉਨ੍ਹਾਂ ਨੇ ਕਿਸੇ ਵੀ ਪੱਧਰ ‘ਤੇ ਵੱਡੀ ਹੱਦ ਤੱਕ ਸੀਨੀਅਰ ਆਗੂਆਂ ਤੋਂ ਸਲਾਹ-ਮਸ਼ਵਰਾ ਲਏ ਬਗ਼ੈਰ ਜੋ ਵੀ ਕਦਮ ਚੁੱਕੇ, ਉਹ ਬਹੁਤੇ ਅਸਰਦਾਰ ਸਾਬਤ ਨਾ ਹੋ ਸਕੇ। ਸੋਨੀਆ ਗਾਂਧੀ ਰਾਹੁਲ ਅਤੇ ਪ੍ਰਿਅੰਕਾ ਗਾਂਧੀ ਵਾਡਰਾ ਦੇ ਇਸ਼ਾਰਿਆਂ ‘ਤੇ ਹੀ ਚਲਦੀ ਨਜ਼ਰ ਆਈ ਜਾਂ ਬਹੁਤੀ ਵਾਰ ਉਹ ਉਨ੍ਹਾਂ ਫ਼ੈਸਲਿਆਂ ਨੂੰ ਮੰਨਦੀ ਰਹੀ ਜੋ ਮੁਢਲੇ ਰੂਪ ਵਿਚ ਰਾਹੁਲ ਜਾਂ ਪ੍ਰਿਅੰਕਾ ਵਲੋਂ ਕੀਤੇ ਜਾਂਦੇ ਸਨ। ਪਾਰਟੀ ਦੇ ਅੰਦਰੂਨੀ ਵਿਗੜਦੇ ਹਾਲਾਤ ਨੂੰ ਵੇਖ ਕੇ ਇਸ ਦੇ ਉੱਚ ਪੱਧਰ ਦੇ 23 ਆਗੂਆਂ ਨੇ ਅਗਸਤ, 2020 ਨੂੰ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਨੂੰ ਇਕ ਪੱਤਰ ਲਿਖਿਆ ਸੀ, ਜਿਸ ਵਿਚ ਉਨ੍ਹਾਂ ਨੇ ਪਾਰਟੀ ਦੀ ਨਿੱਘਰਦੀ ਹਾਲਤ ਦਾ ਜ਼ਿਕਰ ਕੀਤਾ ਸੀ, ਇਸ ਨੂੰ ਲੀਹੇ ਪਾਉਣ ਲਈ ਵਿਸਥਾਰਤ ਸੁਝਾਅ ਦਿੱਤੇ ਸਨ ਅਤੇ ਇਹ ਵੀ ਕਿਹਾ ਸੀ ਕਿ ਪਾਰਟੀ ਦਾ ਪੂਰਾ ਪ੍ਰਬੰਧ ਇਸ ਦੇ ਸੰਵਿਧਾਨ ਨੂੰ ਮੁੱਖ ਰੱਖਦਿਆਂ ਨਿਯਮਾਂ ਅਨੁਸਾਰ ਹੋਣਾ ਜ਼ਰੂਰੀ ਹੈ। ਇਹ ਵੀ ਕਿ ਲਏ ਜਾਂਦੇ ਵੱਡੇ ਅਤੇ ਬਹੁਤੇ ਫ਼ੈਸਲਿਆਂ ਵਿਚ ਪਾਰਟੀ ਅੰਦਰ ਅੰਦਰੂਨੀ ਆਮ ਰਾਏ ਬਣਾਈ ਜਾਣੀ ਜ਼ਰੂਰੀ ਹੈ ਨਾ ਕਿ ਆਪੇ ਕੀਤੇ ਫ਼ੈਸਲਿਆਂ ਨੂੰ ਪਾਰਟੀ ‘ਤੇ ਠੋਸਿਆ ਜਾਣਾ ਚਾਹੀਦਾ ਹੈ। ਇਸ ਪੱਤਰ ਤੋਂ ਬਾਅਦ ਲਗਦਾ ਤਾਂ ਇਹ ਸੀ ਕਿ ਸੋਨੀਆ ਗਾਂਧੀ ਸਮੁੱਚੇ ਵਿਚਾਰ-ਵਟਾਂਦਰੇ ਤੋਂ ਬਾਅਦ ਪਾਰਟੀ ਵਲੋਂ ਅਪਣਾਏ ਗਏ ਢੰਗ-ਤਰੀਕਿਆਂ ਵਿਚ ਤਬਦੀਲੀ ਕਰੇਗੀ ਅਤੇ ਇਸ ਦੇ ਨਾਲ ਹੀ ਵੱਡੀ ਅਤੇ ਪ੍ਰੌੜ੍ਹ ਲੀਡਰਸ਼ਿਪ ਨੂੰ ਅੱਗੇ ਆਉਣ ਦਾ ਮੌਕਾ ਮਿਲੇਗਾ ਪਰ ਅਜਿਹਾ ਨਹੀਂ ਕੀਤਾ ਗਿਆ।
ਸੋਨੀਆ ਗਾਂਧੀ ਨੇ ਆਪਣੇ ਨੀਤੀ ਘਾੜਿਆਂ ਵਜੋਂ ਰਾਹੁਲ ਅਤੇ ਪ੍ਰਿਅੰਕਾ ਨੂੰ ਹੀ ਅੱਗੇ ਰੱਖਿਆ ਅਤੇ ਉਨ੍ਹਾਂ ਨੂੰ ਹੀ ਹਰ ਤਰ੍ਹਾਂ ਦੇ ਫ਼ੈਸਲੇ ਕਰਨ ਦੇ ਅਧਿਕਾਰ ਦੇ ਦਿੱਤੇ ਗਏ, ਜਿਸ ਕਾਰਨ ਪਾਰਟੀ ਦੀ ਲੀਡਰਸ਼ਿਪ ਅਤੇ ਇਸ ਦੀਆਂ ਸਫ਼ਾਂ ਵਿਚ ਖੜੌਤ ਪੈਦਾ ਹੋ ਗਈ। ਅਜਿਹੇ ਬਣੇ ਹਾਲਾਤ ਵਿਚ ਹੀ ਪਾਰਟੀ ਦੇ ਕਈ ਵੱਡੇ ਆਗੂਆਂ ਨੇ ਇਸ ਤੋਂ ਕਿਨਾਰਾ ਕਰ ਲਿਆ। ਗ਼ੁਲਾਮ ਨਬੀ ਆਜ਼ਾਦ ਦਾ ਅਸਤੀਫ਼ਾ ਵੀ ਇਸੇ ਕੜੀ ਦਾ ਹਿੱਸਾ ਹੀ ਮੰਨਿਆ ਜਾ ਸਕਦਾ ਹੈ। ਆਜ਼ਾਦ ਨੇ ਜਿਸ ਤਰ੍ਹਾਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਕਾਰਜਸ਼ੈਲੀ ਦੀ ਸਖ਼ਤ ਆਲੋਚਨਾ ਕਰਦਿਆਂ ਕਈ ਬੇਹੱਦ ਮਹੱਤਵਪੂਰਨ ਸਵਾਲ ਚੁੱਕੇ ਹਨ, ਉਨ੍ਹਾਂ ਦਾ ਜਵਾਬ ਦੇ ਸਕਣਾ ਸੌਖਾ ਨਹੀਂ ਹੈ ਅਤੇ ਇਹ ਵੀ ਕਿ ਜੇਕਰ ਪਾਰਟੀ ਅੰਦਰ ਮੁੜ ਸੁਰਜੀਤੀ ਪੈਦਾ ਕੀਤੀ ਜਾਣੀ ਹੈ ਤਾਂ ਉਸ ਲਈ ਇਸ ਦੀਆਂ ਸੰਗਠਨਾਤਮਕ ਚੋਣਾਂ ਕਰਵਾਉਣ ਦੀ ਜ਼ਰੂਰਤ ਹੋਵੇਗੀ।
ਆਜ਼ਾਦ ਨੇ ਇਹ ਵੀ ਕਿਹਾ ਹੈ ਕਿ ਇਸ ਕੌਮੀ ਪਾਰਟੀ ਨੂੰ ਕੱਠਪੁਤਲੀਆਂ ਦੀ ਜ਼ਰੂਰਤ ਨਹੀਂ ਹੈ ਜੋ ਕੁਝ ਇਕ ਆਗੂਆਂ ਦੇ ਇਸ਼ਾਰਿਆਂ ‘ਤੇ ਹੀ ਚੱਲ ਰਹੀਆਂ ਹੋਣ। ਇਸ ਸਮੇਂ ਜਦੋਂ ਕਿ ਕਾਂਗਰਸ ਬੇਹੱਦ ਕਮਜ਼ੋਰ ਹਾਲਤ ਵਿਚ ਵਿਚਰ ਰਹੀ ਹੈ, ਦੇਸ਼ ਦੇ ਬਹੁਤੇ ਰਾਜਾਂ ਵਿਚ ਇਹ ਸ਼ਕਤੀਹੀਣ ਹੋ ਚੁੱਕੀ ਹੈ। ਅਜਿਹੇ ਸਮੇਂ ਗ਼ੁਲਾਮ ਨਬੀ ਆਜ਼ਾਦ ਵਰਗੇ ਪ੍ਰੌੜ੍ਹ ਆਗੂ ਵਲੋਂ ਪਾਰਟੀ ਤੋਂ ਕਿਨਾਰਾ ਕਰਨਾ ਕਾਂਗਰਸ ਲਈ ਵੱਡੇ ਖਸਾਰੇ ਵਾਲੀ ਗੱਲ ਹੋਵੇਗੀ।

ਬਰਜਿੰਦਰ ਸਿੰਘ ਹਮਦਰਦ

Comment here