ਵਿਸ਼ੇਸ਼ ਲੇਖ

ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ’ਤੇ ਵਿਸ਼ੇਸ਼

-ਹਰਸਿਮਰਨ ਕੌਰ
ਸੋਢੀ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ 1534 ਈਸਵੀ ਵਿੱਚ ਲਹੌਰ ਦੀ ਚੂਨਾ ਮੰਡੀ ਵਿਖੇ ਗਰੀਬ ਪਰੀਵਾਰ ਦੇ ਵਿੱਚ ਹੋਇਆ। ਮਾਪਿਆਂ ਦਾ ਪਹਿਲਾ ਬੱਚਾ ਹੋਣ ਕਰਕੇ ਆਪ ਜੀ ਨੂੰ ਜੇਠਾ ਕਿਹਾ ਜਾਣ ਲੱਗਾ। ਅੰਮ੍ਰਿਤਸਰ ਦੇ ਪਿੰਡ ਬਾਸਰਕੇ ਨਾਨਕੇ ਹੋਣ ਕਰਕੇ ਆਪ ਜੀ ਦਾ ਜੇਠਾ ਜੀ ਦਾ ਆਉਣਾ ਜਾਣਾ ਬਣਿਆ ਰਹਿੰਦਾ ਸੀ।ਇੱਥੇ ਹੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨਾਲ ਮਿਲਾਪੜੇ ਸੰਬੰਧ ਬਣ ਜਾਣ ਕਰਕੇ ਗੁਰੂ ਰਾਮਦਾਸ ਜੀ (ਜੇਠਾ ਜੀ) ਗੋਇੰਦਵਾਲ ਸਾਹਿਬ ਆ ਗਏ।ਜੇਠਾ ਜੀ ਨੇ ਗੁਰੂ ਅਰਮਦਾਸ ਜੀ ਦੀ ਬਹੁਤ ਸੇਵਾ ਕੀਤੀ ਤੇ ਇਸ ਸੇਵਾ ਤੇ ਨਿਮਰਤਾ ਨੂੰ ਦੇਖਦਿਆਂ ਗੁਰੂ ਅਮਰਦਾਸ ਜੀ ਨੇ ਆਪਣੀ ਬੇਟੀ ਦਾ ਵਿਆਹ ਭਾਈ ਜੇਠਾ ਜੀ ਕਰ ਦਿੱਤਾ ਤੇ ਆਪਣੇ ਪਰਿਵਾਰ ਇੱਕ ਹਿੱਸਾ ਬਣਾ ਲਿਆ।ਬੀਬੀ ਭਾਨੀ ਜੀ ਜੋ ਕਿ ਗੁਰੂ ਅਮਰਦਾਸ ਜੀ ਦੀ ਬੇਟੀ ਸੀ ਤੇ ਗੁਰੂ ਰਾਮਦਾਸ ਜੀ ਦੀ ਪਤਨੀ ਸੀ।
ਗੁਰੁ ਅਮਰਦਾਸ ਜੀ ਭਾਈ ਜੇਠਾ ਜੀ ਦੀ ਸੇਵਾ ਤੋਂ ਬਹੁਤ ਖੁਸ਼ ਸੀ।ਗੁਰੂ ਅਮਰਦਾਸ ਜੀ ਨੇ ਆਪਣੀ ਗੱਦੀ ਦਾ ਵਾਰਿਸ ਵੀ ਭਾਈ ਜੇਠਾ ਜੀ ਨੂੰ ਚੁਣ ਲਿਆ ਤੇ ਜੇਠਾ ਜੀ ਦਾ ਨਾਮ ਬਦਲ ਕੇ ਰਾਮਦਾਸ ਰੱਖ ਦਿੱਤਾ।
ਜੇਕਰ ਗੁਰੂ ਸਾਹਿਬ ਦੇ ਜੀਵਨ ਉੱਤੇ ਝਾਤ ਪਾਈਏ ਤਾਂ ਪਤਾ ਚੱਲਦਾ ਹੈ ਕਿ ਆਪ ਜੀ ਸੇਵਾ ਸਹਿਣਸ਼ੀਲਤਾ ਅਤੇ ਆਗਿਆਕਾਰੀ ਸੁਭਾਅ ਦੇ ਮਾਲਿਕ ਸਨ। ਗੁਰੂ ਸਾਹਿਬ ਨੇ ਸਿੱਖ ਧਰਮ ਦੇ ਪ੍ਰਚਾਰ ਦੇ ਲਈ ਇੱਕ ਕੇਂਦਰੀ ਸਥਾਨ ਦੀ ਲੋੜ ਮਹਿਸੂਸ ਕੀਤੀ ਤੇ ਰਾਮਦਾਸਪੁਰ ਨਗਰ ਵਸਾਇਆ ,ਜਿਸ ਨੂੰ ਬਾਅਦ ਵਿੱਚ ਅੰਮ੍ਰਿਤਸਰ ਸਰੋਵਰ ਯਾਨੀ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਵਜੋਂ ਜਾਣਿਆ ਜਾਣ ਲੱਗਾ। ਗੁਰੂ ਸਾਹਿਬ ਨੇ ਕਈ ਸਰੋਵਰ ਸਾਹਿਬ ਖੁਦਵਾਏ, ਜਿੱਥੇ ਹਰ ਕਿਸੇ ਦਾ ਦੁੱਖ ਦਰਦ ਦੂਰ ਹੁੰਦਾ।
“ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ”
ਗੁਰੂ ਜੀ ਨੇ 30 ਰਾਗਾਂ ਦੇ ਵਿੱਚ 638 ਸਲੋਕਾਂ ਦੀ ਰਚਨਾ ਕੀਤੀ ਤੇ ਇਹ ਸਾਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਸ਼ੋਬਿਤ ਕੀਤੀ। ਗੁਰੂ ਸਾਹਿਬ ਜੀ ਨੇ ਰੂੜੀਵਾਦੀ ਪਰੰਪਰਾਵਾਂ ਨੂੰ ਤੋੜਦਿਆਂ ਸਿੱਖ ਧਰਮ ਨੂੰ ਸਭ ਤੋਂ ਵਡਮੁੱਲੀ ਦੇਣ ਦਿੱਤੀ 4 ਲਾਵਾਂ ਦੇ ਰੂਪ ਵਿੱਚ। ਆਪ ਜੀ ਨੇ ਸੂਹੀ ਰਾਗ ਦੇ ਵਿੱਚ 4 ਲਾਵਾਂ ਦੀ ਬਾਣੀ ਦਾ ਉਚਾਰਣ ਕੀਤਾ ,ਜਿਸ ਤੋਂ ਬਾਅਦ ਸਿੱਖ ਧਰਮ ਦੇ ਵਿੱਚ ਇੱਕ ਹੋਰ ਵਿਲੱਖਣਤਾ ਆ ਗਈ।
ਗੁਰੂ ਰਾਮਦਾਸ ਜੀ ਦੀ ਬਾਣੀ
ਗੁਰੂ ਰਾਮਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇਕ ਵੱਡਾ ਹਿੱਸਾ ਹੈ। ਜਿੱਥੇ ਗੁਰੂ ਨਾਨਕ ਸਾਹਿਬ ਨੇ 19 ਰਾਗਾਂ ਵਿਚ ਬਾਣੀ ਦੀ ਰਚਨਾ ਕੀਤੀ ਹੈ ਉੱਥੇ ਗੁਰੂ ਅੰਗਦ ਦੇਵ ਜੀ ਦੇ 9 ਸਲੋਕ ਵਾਰਾਂ ਵਿਚ ਦਰਜ ਹਨ। ਗੁਰੂ ਅਮਰਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਵਾਲੇ 19 ਰਾਗਾਂ ਵਿਚੋਂ 17 ਰਾਗਾਂ ਵਿਚ ਬਾਣੀ ਰਚੀ ਤੇ ਗੁਰੂ ਰਾਮਦਾਸ ਜੀ ਨੇ 30 ਰਾਗਾਂ ਵਿਚ ਬਾਣੀ ਰਚੀ। ਇਸ ਵਿਚ 19 ਰਾਗ ਗੁਰੂ ਨਾਨਕ ਜੀ ਵਾਲੇ ਹਨ ਅਤੇ 11 ਰਾਗ ਹੋਰ ਵਰਤੇ ਹੋਏ ਨੇ। ਇਹ 11 ਰਾਗ ਜੈਤਸਰੀ, ਦੇਵ ਗੰਧਾਰੀ, ਬਿਹਾਗੜਾ, ਟੋਡੀ, ਬੈਰਾੜੀ, ਗੌਂਡ, ਨਟ ਨਾਰਾਇਣ ਮਾਲੀ ਗਉੜਾ, ਕੇਦਾਰਾ, ਕਾਨੜਾ ਤੇ ਕਲਿਆਣ ਹਨ। ਇਸ ਤਰ੍ਹਾਂ ਕੁੱਲ ਮਿਲਾ ਕੇ ਉਨ੍ਹਾਂ ਨੇ 246 ਪਦੇ, 31 ਅਸ਼ਟਪਦੀਆਂ, 32 ਛੰਦ, 138 ਸ਼ਲੋਕ, 8 ਵਾਰਾਂ ਵਿਚ 183 ਪਾਉੜੀਆਂ, ਪਹਰੇ (1) ਵਣਜਾਰਾ (1), ਕਰਹਲੇ (2) ਘੋੜੀਆਂ (2) ਦੀ ਰਚਨਾ ਕੀਤੀ। ਇਨ੍ਹਾਂ ਵਿਚ ਪ੍ਰਭੂ ਪ੍ਰਤੀ ਵੈਰਾਗ, ਬਿਰਹਾ, ਪ੍ਰਭੂ ਦੇ ਦਰਸ਼ਨ ਕਰਨ ਦੀ ਆਸ, ਹਰਿ ਕੀ ਵਡਿਆਈ, ਪਾਠ-ਵਿਹਾਰ, ਨਾਮ ਸਿਮਰਨ, ਸਾਧ ਸੰਗਿ, ਸਦਾਚਾਰਕ ਕਰਮ, ਅੰਮ੍ਰਿਤ ਵੇਲੇ ਦਾ ਜਾਗਣਾ ਤੇ ਸੱਚ ਬੋਲਣ ਦੇ ਉਪਦੇਸ਼ ਦਿੱਤੇ ਗਏ ਹਨ। ਗੁਰੂ ਰਾਮਦਾਸ ਜੀ ਦਾ ਬਾਣੀ ਵਿਚ ਸੁਨੇਹਾ ਹੈ ਕਿ ਹਰ ਇਨਸਾਨ ਅੰਦਰ ਹਰੀ ਦੀ ਜੋਤ ਜਗ ਰਹੀ ਹੈ। ਇਸ ਕਰਕੇ ਹਰ ਇਕ ਨੂੰ ਪਿਆਰ ਕਰੋ, ਨਿਰਮਾਣਤਾ ਧਾਰੋ, ਹਊਮੈ ਛੱਡੋ। ਗੁਰੂ ਦੀ ਸੰਗਤ ਵਿਚ ਬੈਠ ਕੇ ਆਪਣਾ ਜੀਵਨ ਸਵਾਰੋ।  ਚੰਗੇ ਕੰਮ ਕਰੋ ਜਿਨ੍ਹਾਂ ਨਾਲ ਸਾਡੇ ਅੰਦਰੋਂ ਵਿਕਾਰ ਭਾਵ ਹਨੇਰਾ ਮਿਟ ਜਾਂਦਾ ਹੈ। ਰਾਮ ਨਾਮ ਰਤਨ ਕੋਠੜੀ ਗੜ ਮੰਦਰਿ ਏਕ ਲੁਕਾਨੀ॥ ਸਤਿਗੁਰੂ ਮਿਲੈ ਤ ਖੋਜੀਐ ਮਿਲਿ ਜੋਤੀ ਜੋਤਿ ਸਮਾਨੀ॥ (ਅੰਗ 1178) ਮਿਹਨਤ ਮੁਸ਼ੱਕਤ ਤੋਂ ਬਾਅਦ ਵੀ ਨਿਰਮਾਣਤਾ ਉਨ੍ਹਾਂ ਦੇ ਜੀਵਨ ਦਾ ਅਸਲੀ ਅੰਗ ਸੀ। ਜਿਉ ਭਾਵੈ ਤਿਉ ਰਾਖਿ ਲੈ ਹਮਰ ਸਰਣਿ ਪ੍ਰਭ ਆਏ ਰਾਮ ਰਾਜੇ॥ ਯਾ ਫਿਰ ਅਰਜ਼ੋਈ ਕਰਦੇ ਨੇ ‘ਹਮ ਬਾਰਿਕ ਤੂ ਗੁਰ ਪਿਤਾ ਹੈ ਦੇ ਮਤਿ ਸਮਝਾਏ।’ ਆਪਣੇ ਪ੍ਰੀਤਮ ਦੇ ਮੇਲ ਲਈ ਲੋਚਦੇ ਹਨ ਆਉ ਸਖੀ ਹਰਿ ਮੇਲੁ ਕਰੇਹਾ॥ ਮੇਰੇ ਪ੍ਰੀਤਮ ਕਾ ਮੈ ਦੇਇ ਸਨੇਹਾ॥ ਮੇਰੀ ਬੇਦਨ ਹਰਿ ਗੁਰੁ ਪੂਰਾ ਜਾਣੈ॥ ਹਉ ਰਹਿ ਨਾ ਸਕਾ ਬਿਨੁ ਨਾਮ ਵਖਾਣੈ॥ ਚੰਗੇ ਆਚਰਨ, ਸਰਬਤ ਦਾ ਭਲਾ ਤੇ ਨਾਮ ਜਪਣ ਨਾਲ ਇਨਸਾਨ ਚਾਰੇ ਪਾਸੇ ਜਾਣਿਆ ਜਾਂਦਾ ਹੈ, ਭਾਵੇਂ ਛੋਟੀ ਜਾਤ ਦਾ ਹੀ ਹੋਵੇ। ਨੀਚ ਜਾਤਿ ਹਰਿ ਜਪਤਿਆ ਉਤਮ ਪਦਵੀ ਪਾਇ॥ ਰਵਿਦਾਸ ਚਮਾਰੁ ਉਸਤਤਿ ਕਰੇ ਹਰਿ ਕੀਰਤਿ ਨਿਮਖ ਇਕ ਗਾਇ॥ ਨਾਮ ਦੇਅ ਪ੍ਰਤਿ ਲਗੀ ਹਰਿ ਸੇਤੀ ਲੋਕੁ ਛੀਪਾ ਕਹੈ ਬੁਲਾਇ॥ ਇਸ ਤੋਂ ਬਿਨਾਂ ਅੱਜ ਜੋ ਹਰ ਪਾਸੇ ਧੜੇ ਬਣ ਰਹੇ ਨੇ ਕੌਮ ਵਿਚ, ਦੇਸ਼ ਵਿਚ ਆਦਿ ਬਾਬਤ ਲਿਖਦੇ ਨੇ ‘ਸਭ ਪੜੇ ਮਾਇਆ ਮੋਹ ਪਸਾਰੀ’ ਇਹ ਏਕਤਾ ਸਹਿਕਾਰਤਾ ਦੇ ਰਸਤਿਆਂ ’ਤੇ ਵੱਡੀ ਰੁਕਾਵਟ  ਬਣਦੇ ਨੇ। ਅੱਜ ਗ੍ਰਹਿਸਤੀ ਨੂੰ ਛੱਡ ਕੇ ਜੋ ਪਾਖੰਡੀ ਸਾਧੂ ਲੋਕਾਂ ਨੂੰ ਕੁਰਾਹੇ ਪਾਉਂਦੇ ਨੇ ਉਨ੍ਹਾਂ ਨੂੰ ਨੀਵਾਂ ਦੱਸ ਕੇ ਗ੍ਰਹਿਸਤ ਜੀਵਨ ਦੀ ਮਹੱਤਤਾ ਦੱਸੀ ਹੈ। ਜਿਤੁ ਗ੍ਰਿਹਿ ਗੁਲ ਗਾਵਤੇ, ਹਰਿ ਕੇ ਗੁਨ ਗਾਵਤੇ ਤਿਤ ਗ੍ਰਿਹਿ ਵਾਜੇ ਪੰਚ ਸ਼ਬਦ ਵਡਭਾਗ ਮਥੋਰਾ॥ ਬਾਣਿ ਵਿਚ ਪ੍ਰਕਿਰਤਕ ਚਿਤਰਣ (1) ਬਰਸੈ ਮੇਘੁ ਸਖੀ ਘਰਿ ਪਾਹੁਨ ਆਏ (2) ਜਿਉ ਪਸਰੀ ਸੂਰਜ ਕਿਰਣਿ ਜੋਤਿ (3)ਚਕਵੀ ਪ੍ਰੀਤਿ ਸੂਰਜ ਮੁਖ ਲਾਗੇ ਪ੍ਰੋਫੈਸਰ ਪੂਰਨ ਸਿੰਘ ਨੇ ਗੁਰੂ ਰਾਮਦਾਸ ਜੀ ਦੀ ਬਾਣੀ ਬਾਰੇ ਲਿਖਿਆ ਹੈ:- ‘‘ਬਾਣੀ ਪ੍ਰੀਤਾਂ ਦੀ ਉਹ ਵਗਦੀ ਲੈਅ ਹੈ ਜਿਸ ਦੀ ਮਿੱਠੀ ਠੰਢੀ ਧੁਨੀ ਪਿਆਰੇ ਦੀ ਸਿਕ ਪੁਜਾਂਦੀ ਹੈ ਅਤੇ ਉਸ ਜਾਦੂਮਈ ਝਲਕਾਰੇ ਦਾ ਗਾਇਨ ਹੈ। ਉਸ ਬਿਰਹੋਂ ਕੁੱਠੀ ਪ੍ਰਭੂ ਮਹੇਲੀ ਦੇ ਮੁਖੋ ਨਿਕਲੀ ਹੈ ਜੋ ਇਕ ਭੋਰੀ ਦਰਸ਼ਨ ਲਈ ਤਰਸਦੀ ਹੈ ਤੇ ਇਕ ਹੋਰ ਲਈ ਯਾਚਨਾ  ਕਰਦੀ ਹੈ। ਗੁਰੂ ਜੀ ਦੇ ਬਚਨ ਸਮੁੱਚੀ ਮਨੁੱਖੀ ਆਤਮਾ ਨੂੰ ਜਗਾ ਦਿੰਦੇ ਹਨ ਅਤੇ ਗੁਰੂ ਰਾਮਦਾਸ ਜੀ ਦੀ ਬਾਣੀ ਹਰ ਇਕ ਨੂੰ ਪਵਿੱਤਰ ਪੁਨੀਤ ਕਰ ਦਿੰਦੀ ਹੈ।’’ ਬਾਣੀ ਦਾ ਮੁੱਖ ਵਿਸ਼ਾ ਆਪਣੇ ਪਿਆਰੇ ਪ੍ਰਭੂ ਨੂੰ ਮਿਲਣ ਦਾ ਹੈ, ਉਸ ਲਈ ਤੜਪ ਹੈ ਜੇ ਕੋਈ ਉਸ ਨੂੰ ਮਿਲਾਵੇ ਤਾਂ ਹਰ ਕੁਰਬਾਨੀ ਉਹ ਕਰ ਸਕਦੇ ਹਨ। ਉਨ੍ਹਾਂ ਨੇ ਆਪਣੀ ਬਾਣੀ ਰਾਹੀਂ ਲੋਕਾਂ ਵਿਚ ਆਤਮਕ ਬਲ ਤੇ ਆਪੇ ਵਿਚ ਵਿਸ਼ਵਾਸ ਲਿਆਂਦਾ। ਬਾਣੀ ਲੌਕਿਕ ਪ੍ਰਤੀਕਾਂ ਨਾਲ ਪ੍ਰਮਾਤਮਾ ਦਾ ਸੁਨੇਹਾ ਦਿੰਦੀ ਹੈ ਜਿਵੇਂ ‘ਲਾਵਾਂ’ ਤੋਂ  ਹੀ ਅਸੀਂ ਉਦਾਹਰਣ ਲੈ ਸਕਦੇ ਹਾਂ। ਜਿਨ੍ਹਾਂ ਵਿਚ ਪ੍ਰਮਾਤਮਾ ਨੂੰ ਮਿਲਣ ਦਾ ਹੀ ਸੰਦੇਸ਼ਾ ਹੈ:- ਸਾਰੀ ਮਨੁੱਖਤਾ ਦੀ ਹੋਂਦ ਬਾਰੇ ਰਾਮਦਾਸ ਜੀ ਨੇ ਲਿਖਿਆ:- ‘ਏਕੋ ਪਵਣੁ ਪਾਣੀ ਸਭ ਏਕਾ ਏਕਾ ਜੋਤਿ ਸਬਾਈਆ॥ ਸਭ ਇਕਾ ਜੋਤਿ ਵਰਤੈ ਭਿਨਿ ਭਿਨਿ ਨ ਰਲਦੀ ਕਿਸੇ ਦੀ ਰਲਾਈਆ॥ ਸਾਰੀ ਬਾਣੀ ਗੁਰੂ ਰਾਮਦਾਸ ਜੀ ਦੀ ਅਨਹਦ ਅਨਾਹਦ ਦੇ ਗੁਣਾਂ ਦੇ ਗਾਇਨ ਦੀ ਵਿਚਾਰਧਾਰਾ ਹੈ ਤੇ ਸਾਰੀ ਲੋਕਾਈ ਦੀ ਪੱਥ ਪ੍ਰਦਰਸ਼ਕ ਹੋ ਕੇ ਨਿਬੜਦੀ ਹੈ। ਉਸ ’ਤੇ ਟੁਰ ਕੇ ਵੱਡੇ ਤੋਂ ਵੱਡਾ ਡਰ ਜੋ ਜਮ ਦਾ ਹੁੰਦਾ ਹੈ ਖਤਮ ਹੋ ਜਾਂਦਾ ਹੈ। ਇਕ ਉਤਮ ਪੰਥ ਸੁਨਿਓ ਗੁਰ ਸੰਗਤਿ ਤਿਹ ਮਿਲੰਤ ਜਮ ਤਰਾਸ ਮਿਟਾਈ॥ ਇਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖਹੁ ਸਰਣਾਈ।

Comment here