ਨੰਗਲ: ਸੋਸ਼ਲ ਮੀਡੀਆ ਇਕ ਅਜਿਹਾ ਪਲੈਟਫਾਰਮ ਹੈ ਜਿਸ ਤੋਂ ਕੁਝ ਲੋਕ ਰਾਤੋ ਰਾਤ ਮਸ਼ਹੂਰ ਹੋ ਸਕਦੇ ਹਨ ਜਿੱਥੇ ਇਸਨੇ ਕਿੰਨੇ ਲੋਕਾਂ ਦੀ ਜਿੰਦਗੀ ਬਣਾ ਦਿੱਤੀ ਉਥੇ ਹੀ ਕੁਝ ਲੋਕਾਂ ਨੂੰ ਮੁਸੀਬਤ ਵਿੱਚ ਵੀ ਫਸਾ ਦਿੱਤਾ। ਅਜਿਹਾ ਹੀ ਮਾਮਲਾ ਨੰਗਲ ਤੋਂ ਸਾਹਮਣੇ ਆਇਆ ਜਿੱਥੇ ਇਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਦੀ ਬੱਚੀਆਂ ਨਾਲ ਇਤਰਾਜ ਯੋਗ ਤਸਵੀਰਾਂ ਵਾਇਰਲ ਹੋ ਗਈਆਂ। ਉਸਦੇ ਵਿਰੁੱਧ ਨੰਗਲ ਪੁਲਸ ਨੇ ਵੱਖ-ਵੱਖ ਧਾਰਾਵਾਂ ਅਧੀਨ ਪਰਚਾ ਦਰਜ ਕੀਤਾ ਹੈ। ਇਹ ਪਰਚਾ ਬਾਲੜੀਆਂ ਦੇ ਕਥਿਤ ਤੌਰ ’ਤੇ ਸਰੀਰਕ ਸ਼ੋਸ਼ਣ ਕਰਨ ’ਤੇ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਇਸ ਪ੍ਰਿੰਸੀਪਲ ਦੀਆਂ ਬਾਲੜੀਆਂ ਨਾਲ ਕਥਿਤ ਤੌਰ ’ਤੇ ਇਤਰਾਜ਼ਯੋਗ ਤਸਵੀਰਾਂ ਡਿਜੀਟਲ ਪਲੇਟ ਫਾਰਮ ’ਤੇ ਧੜਾਧੜ ਵਾਇਰਲ ਹੋ ਰਹੀਆਂ ਸਨ। ਪਿੰਡ ਦਘੌੜ ਦੇ ਨਿਵਾਸੀ ਅਸ਼ਵਨੀ ਕੁਮਾਰ ਨੇ ਨਾ ਸਿਰਫ਼ ਪੁਲਸ ਨੂੰ ਦਰਖ਼ਾਸਤ ਦਿੱਤੀ ਸਗੋਂ ਡਿਜੀਟਲ ਪਲੇਟ ਫਾਰਮ ’ਤੇ ਲਾਈਵ ਹੋ ਕੇ ਇਸ ਘਟਨਾ ਬਾਰੇ ਦੱਸਿਆ ਸੀ। ਇਹ ਵਿਅਕਤੀ ਬਹੁਤ ਚਲਾਕ ਹੋਣ ਦੇ ਬਾਵਜੂਦ ਛੋਟੇ ਜਿਹੀ ਗਲਤੀ ਕਾਰਨ ਅੜਿੱਕੇ ਆ ਗਿਆ। ਨਾਬਾਲਗ ਸਕੂਲੀ ਬਾਲੜੀਆਂ, ਜਿਨ੍ਹਾਂ ਦੀ ਉਮਰ 12 ਤੋਂ 17 ਦਰਮਿਆਨ ਹੀ ਹੈ, ਨਾਲ ਖਿੱਚੀਆਂ ਇਤਰਾਜ਼ਯੋਗ ਤਸਵੀਰਾਂ ਇਸ ਪ੍ਰਿੰਸੀਪਲ ਨੇ ਕੰਪਿਊਟਰ ਵਿਚ ਪਾ ਕੇ ਰੱਖੀਆਂ ਸਨ। ਕੰਪਿਊਟਰ ’ਚ ਤਕਨੀਕੀ ਨੁਕਸ ਆਉਣ ਕਾਰਨ ਕੰਪਿਊਟਰ ਇਕ ਮਕੈਨਿਕ ਕੋਲ ਠੀਕ ਕਰਨ ਲਈ ਭੇਜਿਆ, ਜਿੱਥੋਂ ਇਹ ਫੋਟੋਆਂ ਵਾਇਰਲ ਹੋ ਗਈਆਂ। ਇਹ ਵੀ ਪਤਾ ਲੱਗਾ ਹੈ ਕਿ ਉਸ ਮਕੈਨਿਕ ਨਾਲ ਇਸ ਪ੍ਰਿੰਸੀਪਲ ਦੇ ਪਹਿਲਾਂ ਦੋਸਤੀ ਵਾਲੇ ਸਬੰਧ ਸਨ ਪਰ ਹੁਣ ਇਹ ਸਬੰਧ ਵਿਗੜ ਗਏ ਹਨ। ਚਰਚਾ ਇਹ ਵੀ ਹੈ ਕਿ ਹੁਣ ਇਹ ਵਿਅਕਤੀ ਪਿੰਡ ਤੋਂ ਬਾਹਰ ਹੈ ਅਤੇ ਇਸ ਦਾ ਮੋਬਾਇਲ ਨੰਬਰ ਵੀ ਬੰਦ ਆ ਰਿਹਾ ਹੈ। ਇਸ ਵਿਅਕਤੀ ਦੇ ਪੰਜਾਬ ਤੋਂ ਬਾਹਰ ਭੱਜਣ ਦੀ ਗੱਲ ਸੁਣ ਭੜਕੇ ਕਈ ਪਿੰਡਾਂ ਦੇ ਲੋਕਾਂ ਨੇ ਬੀਤੇ ਦਿਨ ਪਿੰਡ ਨਾਨਗਰਾਂ ਵਿਚ ਧਰਨਾ ਲਗਾਉਣ ਦੀ ਗੱਲ ਵੀ ਕਹੀ ਸੀ। ਧਰਨੇ ਤੋਂ ਕੁਝ ਦੇਰ ਬਾਅਦ ਸਥਾਨਕ ਪੁਲਸ ਨੇ ਉਕਤ ਵਿਅਕਤੀ ਖ਼ਿਲਾਫ਼ ਐੱਫ਼. ਆਈ. ਆਰ. ਨੰਬਰ 0015 ਦਰਜ ਕਰਕੇ ਮਾਹੌਲ ਖ਼ਰਾਬ ਹੋਣ ਤੋਂ ਬਚਾ ਕਰ ਦਿੱਤਾ ਹੈ। ਦਰਜ ਐੱਫ. ਆਈ. ਆਰ. ਮੁਤਾਬਕ ਸ਼ਿਕਾਇਤਕਰਤਾ ਦੀ ਸ਼ਿਕਾਇਤ ’ਤੇ ਇਸ ਵਿਅਕਤੀ ਖ਼ਿਲਾਫ਼ ਧਾਰਾ 376 ਸਣੇ ਪਾਕਸੋ ਐਕਟ ਅਧੀਨ ਪਰਚਾ ਦਰਜ ਹੋਇਆ ਹੈ। ਡੀ. ਐੱਸ. ਪੀ. ਸਤੀਸ਼ ਕੁਮਾਰ ਅਨੁਸਾਰ ਸ਼ਿਕਾਇਤਕਰਤਾ ਦੀ ਦਰਖ਼ਾਸਤ ’ਤੇ ਮੁੱਢਲੀ ਜਾਂਚ ਤੋਂ ਬਾਅਦ ਕੇਸ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਕੇਸ ਦੀ ਅਗਲੇਰੀ ਜਾਂਚ ਲਈ ਟੀਮ ਦਾ ਗਠਨ ਵੀ ਕਰ ਦਿੱਤਾ ਗਿਆ ਹੈ। ਜਲਦ ਗ੍ਰਿਫ਼ਤਾਰੀ ਕੀਤੀ ਜਾਵੇਗੀ।
Comment here