ਅਪਰਾਧਖਬਰਾਂਚਲੰਤ ਮਾਮਲੇ

ਗੁਰੂ ਘਰ ਵਿਖੇ ਜੁੱਤੀਆਂ ਸਣੇ ਦਾਖ਼ਲ ਵਿਅਕਤੀਆਂ ਨੇ ਕੀਤੀ ਬੇਅਦਬੀ ਦੀ ਕੋਸ਼ਿਸ਼

ਸ੍ਰੀ ਮੁਕਤਸਰ ਸਾਹਿਬ-ਮੁਕਤਸਰ ਦੇ ਪਿੰਡ ਫਕਰਸਰ ਦੇ ਗੁਰਦੁਆਰਾ ਮਾਤਾ ਸਾਹਿਬ ਦੇਵਾ ਕੌਰ ਜੀ ਵਿਖੇ ਬੀਤੀ ਰਾਤ ਦੋ ਸ਼ੱਕੀ ਵਿਅਕਤੀਆਂ ਵੱਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਮੁਤਾਬਕ ਰਾਤ ਦੌਰਾਨ ਦੋ ਵਿਅਕਤੀ ਗੁਰਦੁਆਰਾ ਸਾਹਿਬ ਵਿਚ ਜੁਤੀਆਂ ਸਮੇਤ ਦਾਖ਼ਲ ਹੋਏ ਅਤੇ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵਾਲੀ ਜਗ੍ਹਾ ’ਤੇ ਰੁਮਾਲਿਆਂ, ਗੋਲਕ ਅਤੇ ਹੋਰ ਸਾਮਾਨ ਨਾਲ ਛੇੜਛਾੜ ਕੀਤੀ। ਅੰਮ੍ਰਿਤ ਵੇਲੇ ਜਦੋਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਪ੍ਰਕਾਸ਼ ਕਰਨ ਲਈ ਉੱਥੇ ਪਹੁੰਚੇ ਤਾਂ ਉਨ੍ਹਾਂ ਵੇਖਿਆ ਕਿ ਮੇਨ ਗੇਟ ਦਾ ਤਾਲਾ ਟੁੱਟਿਆ ਹੋਇਆ ਹੈ ਅਤੇ ਸਾਮਾਨ ਵੀ ਖਿਲਰਿਆ ਹੋਇਆ ਸੀ।
ਦੱਸ ਦੇਈਏ ਕਿ ਜਿਸ ਸਥਾਨ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬਿਰਾਜਮਾਨ ਹੈ, ਉਸ ਜਗ੍ਹਾ ’ਤੇ ਪਈ ਗੋਲਕ ਨੂੰ ਜਿੰਦਰਾ ਲੱਗਿਆ ਹੋਇਆ ਸੀ। ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ਼ ਸਾਹਮਣੇ ਆਈ ਹੈ ਅਤੇ ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਗੱਲ ਕਰਦਿਆਂ ਪਿੰਡ ਦੇ ਨੌਜਵਾਨ ਸੁਖਬੀਰ ਸਿੰਘ ਨੇ ਕਿਹਾ ਕਿ ਉਕਤ ਵਿਅਕਤੀ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਲਈ ਆਏ ਸਨ ਕਿਉਂਕਿ ਜੇਕਰ ਉਹ ਚੋਰੀ ਦੀ ਨੀਅਤ ਨਾਲ ਆਏ ਹੁੰਦੇ ਤਾਂ ਉਨ੍ਹਾਂ ਗੋਲਕ ਨਾਲ ਜ਼ਿਆਦਾ ਛੇੜਛਾੜ ਕਰਨੀ ਸੀ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਸਿੱਖਾਂ ਦਾ ਧਿਆਨ ਭਟਕਾਇਆ ਜਾ ਰਿਹਾ ਹੈ ਤਾਂ ਜੋ ਅਸੀਂ ਮੋਹਾਲੀ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਕੌਂਮੀ ਇਨਸਾਫ਼ ਮੋਰਚਾ ਵਿਚ ਸ਼ਾਮਲ ਨਾ ਹੋ ਸਕੀਏ। ਇਸ ਮੌਕੇ ਉਨ੍ਹਾਂ ਬਾਕੀ ਪਿੰਡਾਂ ਦੇ ਲੋਕਾਂ ਨੂੰ ਸੁਚੇਤ ਹੋਣ ਦੀ ਸਲਾਹ ਦਿੱਤੀ ਤਾਂ ਜੋ ਅਜਿਹੀ ਕੋਈ ਘਟਨਾ ਨਾ ਵਾਪਰੇ।

Comment here