ਅਪਰਾਧਖਬਰਾਂਚਲੰਤ ਮਾਮਲੇ

ਗੁਰੂ ਘਰਾਂ ‘ਚ ਚੋਰੀਆਂ ਕਰਨ ਵਾਲੇ ਗਿਰੋਹ ਦੀਆਂ 5 ਔਰਤਾਂ ਕਾਬੂ

ਲੁਧਿਆਣਾ-ਧਾਰਮਿਕ ਥਾਵਾਂ ਉਪਰ ਚੋਰੀਆਂ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਔਰਤਾਂ ਦੇ ਗਿਰੋਹ ਦੀਆਂ 5 ਮੈਂਬਰਾਂ ਨੂੰ ਕਾਬੂ ਕੀਤਾ ਗਿਆ। ਇਹਨਾਂ ਨੂੰ ਗੁਰੂਦੁਆਰਾ ਰਾੜਾ ਸਾਹਿਬ ਵਿਖੇ ਇੱਕ ਔਰਤ ਦੀ ਸੋਨੇ ਦੀ ਚੈਨੀ ਖੋਹਣ ਮਗਰੋਂ ਕਾਬੂ ਕੀਤਾ ਗਿਆ। ਵਾਰਦਾਤ ਨੂੰ ਅੰਜਾਮ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ‘ਚ ਦਿੱਤਾ ਗਿਆ। ਇਸ ਘਟਨਾ ਦੀ ਸੀਸੀਟੀਵੀ ਵੀਡਿਓ ਵੀ ਸਾਮਣੇ ਆਈ। ਵੀਡਿਓ ਮਗਰੋਂ ਤੁਰੰਤ ਹਰਕਤ ਚ ਆਈ ਪੁਲਿਸ ਨੇ 5 ਔਰਤਾਂ ਨੂੰ ਗ੍ਰਿਫਤਾਰ ਕੀਤਾ। ਇਹਨਾਂ ਔਰਤਾਂ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਸੀਸੀਟੀਵੀ ‘ਚ ਤੁਸੀਂ ਦੇਖ ਸਕਦੇ ਹੋ ਕਿ ਗੁਰਦੁਆਰਾ ਰਾੜਾ ਸਾਹਿਬ ਦੇ ਲੰਗਰ ਹਾਲ ‘ਚ ਭੀੜ ਦੌਰਾਨ ਜਦੋਂ ਸ਼ਰਧਾਲੂ ਲੰਗਰ ਛਕਣ ਲਈ ਬਰਤਨ ਲੈਂਦੇ ਹਨ ਤਾਂ ਇਸੇ ਦੌਰਾਨ ਚੋਰ ਗਿਰੋਹ ਦੀਆਂ 5 ਔਰਤਾਂ ਇੱਕ ਨਵ ਵਿਆਹੁਤਾ ਨੂੰ ਘੇਰਾ ਪਾ ਲੈਂਦੀਆਂ ਹਨ। ਇਸ ਨਵ ਵਿਆਹੁਤਾ ਨੂੰ ਘੇਰੇ ‘ਚ ਲੈ ਕੇ ਧੱਕਾਮੁੱਕੀ ਕਰਦੇ ਹੋਏ ਉਸਦੇ ਗਲੇ ਚੋਂ ਸੋਨੇ ਦੀ ਚੈਨੀ ਸਮੇਤ ਲਾਕੇਟ ਉਤਾਰ ਲਈ ਜਾਂਦੀ ਹੈ, ਜਿਸ ਮਗਰੋਂ ਗਿਰੋਹ ਮੈਂਬਰ ਔਰਤਾਂ ਮੌਕੇ ਤੋਂ ਫ਼ਰਾਰ ਹੋ ਜਾਂਦੀਆਂ ਹਨ। ਸੀਸੀਟੀਵੀ ਮਗਰੋਂ ਪੁਲਸ ਹਰਕਤ ‘ਚ ਆਈ ਅਤੇ ਇਹਨਾਂ ਔਰਤਾਂ ਨੂੰ ਗ੍ਰਿਫਤਾਰ ਕਰਕੇ ਸੋਨੇ ਦੀ ਚੈਨੀ ਤੇ ਲਾਕੇਟ ਬਰਾਮਦ ਕੀਤਾ ਗਿਆ। ਇਹਨਾਂ ਦੀ ਪਛਾਣ ਲਾਜੋ, ਗੁੱਡੀ ਵਾਸੀ ਅਲੀਪੁਰ ਥਾਣਾ ਸਦਰ ਨਾਭਾ ਜਿਲ੍ਹਾ ਪਟਿਆਲਾ, ਰੇਨੂੰ, ਨੇਹਾ ਅਤੇ ਬੰਤੀ ਵਾਸੀ ਸ਼ਾਹਪੁਰ ਥਾਣਾ ਸ਼ੇਰਪੁਰ ਜਿਲ੍ਹਾ ਸੰਗਰੂਰ ਵਜੋਂ ਹੋਈ।
ਡੀਐਸਪੀ ਪਾਇਲ ਹਰਸਿਮਰਤ ਸਿੰਘ ਛੇਤਰਾ ਨੇ ਦੱਸਿਆ ਕਿ ਸ਼ਿੰਗਾਰਾ ਸਿੰਘ ਵਾਸੀ ਫਤਿਹਗੜ੍ਹ ਬੇਟ ਆਪਣੀ ਭਤੀਜੀ ਰਨਦੀਪ ਕੌਰ ਸਮੇਤ ਗੁਰਦੁਆਰਾ ਰਾੜਾ ਸਾਹਿਬ ਮੱਥਾ ਟੇਕਣ ਆਏ ਸੀ ਤਾਂ ਇਸੇ ਦੌਰਾਨ ਲੰਗਰ ਹਾਲ ‘ਚ ਸ਼ਰਧਾਲੂਆਂ ਦੀ ਭੀੜ ਦਾ ਫਾਇਦਾ ਚੁੱਕਦੇ ਹੋਏ ਉਕਤ ਪੰਜ ਔਰਤਾਂ ਨੇ ਰਨਦੀਪ ਕੌਰ ਦੇ ਗਲੇ ਚੋਂ ਸੋਨੇ ਦੀ ਚੈਨੀ ਸਮੇਤ ਲਾਕੇਟ ਖਿੱਚ ਲਈ ਅਤੇ ਮੌਕੇ ਤੋਂ ਭੱਜ ਗਈਆਂ। ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਹਨਾਂ ਔਰਤਾਂ ਨੂੰ ਗ੍ਰਿਫਤਾਰ ਕੀਤਾ। ਇਹਨਾਂ ਦਾ ਪਿਛਲਾ ਰਿਕਾਰਡ ਦੇਖਿਆ ਜਾ ਰਿਹਾ ਹੈ ਅਤੇ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੂੰ ਉਮੀਦ ਹੈ ਕਿ ਇਹਨਾਂ ਔਰਤਾਂ ਦੀ ਗ੍ਰਿਫਤਾਰੀ ਨਾਲ ਕਈ ਹੋਰ ਵਾਰਦਾਤਾਂ ਵੀ ਹੱਲ ਹੋਣਗੀਆਂ।

Comment here