ਵਿਸ਼ੇਸ਼ ਲੇਖ

ਗੁਰੂ ਗੋਬਿੰਦ ਸਿੰਘ ਜੀ ਇਕ ਧਾਰਮਿਕ ਤੇ ਅਧਿਆਤਮਕ ਸੰਤ 

ਇਤਿਹਾਸ ਪੁਰਸ਼ ਕਦੀ ਵੀ ਰਾਜਸੱਤਾ ਪ੍ਰਾਪਤੀ, ਜ਼ਮੀਨ-ਜਾਇਦਾਦ, ਧਨ ਜਾਇਦਾਦ ਜਾਂ ਸ਼ੋਹਰਤ ਪ੍ਰਾਪਤੀ ਲਈ ਲੜਾਈਆਂ ਨਹੀਂ ਲੜਦੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਜਿਹੇ ਇਤਿਹਾਸ ਪੁਰਸ਼ ਸਨ, ਜਿਨ੍ਹਾਂ ਨੇ ਸਾਰੀ ਉਮਰ ਬੇਇਨਸਾਫੀ, ਅਧਰਮ, ਜ਼ੁਲਮ ਅਤੇ ਘਾਣ ਦੇ ਵਿਰੁੱਧ ਤਲਵਾਰ ਚੁੱਕੀ ਅਤੇ ਲੜਾਈਆਂ ਲੜੀਆਂ। ਗੁਰੂ ਜੀ ਦੀਆਂ 3 ਪੀੜ੍ਹੀਆਂ ਨੇ ਦੇਸ਼-ਧਰਮ ਦੀ ਰੱਖਿਆ ਲਈ ਮਹਾਨ ਕੁਰਬਾਨੀ ਦਿੱਤੀ। ਅੱਜ ਦੇਸ਼ ਆਪਣੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ‘ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ’ ਦੇ ਰੂਪ ’ਚ ਮਨਾ ਰਿਹਾ ਹੈ, ਅਜਿਹੇ ’ਚ ਪੂਰੇ ਦੇਸ਼ ’ਚ ਸੁਤੰਤਰਤਾ ਸੈਨਾਨੀਆਂ, ਸ਼ਹੀਦਾਂ, ਬਲਿਦਾਨੀਆਂ ਨੂੰ ਯਾਦ ਕੀਤਾ ਜਾ ਰਿਹਾ ਹੈ। ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਉਨ੍ਹਾਂ ਦੇ ਪਾਵਨ-ਪਵਿੱਤਰ ਪ੍ਰਕਾਸ਼ ਦਿਹਾੜੇ ’ਤੇ ਨਮਨ ਕਰ ਕੇ ਹਰੇਕ ਭਾਰਤਵਾਸੀ ਮਾਣ ਮਹਿਸੂਸ ਕਰ ਰਿਹਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਦਾਰਸ਼ਨਿਕ, ਪ੍ਰਸਿੱਧ ਕਵੀ, ਨਿਡਰ ਅਤੇ ਨਿਰਭੈ ਯੋਧਾ, ਜੰਗੀ ਹੁਨਰ ਦੇ ਮਾਲਕ, ਮਹਾਨ ਲੇਖਕ ਅਤੇ ਸੰਗੀਤ ਦੇ ਪਾਰਖੂ ਵੀ ਸਨ। ਉਨ੍ਹਾਂ ਦਾ ਜਨਮ 1666 ਈ. ਨੂੰ ਪਟਨਾ ਵਿਖੇ ਹੋਇਆ। ਉਹ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਗੁਜਰੀ ਜੀ ਦੇ ਇਕਲੌਤੇ ਪੁੱਤਰ ਸਨ ਜਿਨ੍ਹਾਂ ਦਾ ਬਚਪਨ ਦਾ ਨਾਂ ਗੋਬਿੰਦ ਰਾਏ ਸੀ।
1699 ਈ. ਨੂੰ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕਰ ਕੇ ਪੰਜ ਪਿਆਰੇ ਸਾਜੇ। ਇਨ੍ਹਾਂ ਪੰਜ ਪਿਆਰਿਆਂ ’ਚ ਸਾਰੇ ਵਰਗਾਂ ਦੇ ਵਿਅਕਤੀ ਸਨ। ਇਸ ਤਰ੍ਹਾਂ ਉਨ੍ਹਾਂ ਨੇ ਜਾਤ-ਪਾਤ ਮਿਟਾਉਣ ਦੇ ਮਕਸਦ ਨਾਲ ਅੰਮ੍ਰਿਤ ਛਕਾਇਆ ਸੀ। ਬਾਅਦ ’ਚ ਉਨ੍ਹਾਂ ਨੇ ਖੁਦ ਵੀ ਅੰਮ੍ਰਿਤ ਛਕਿਆ ਅਤੇ ਗੋਬਿੰਦ ਰਾਏ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਣ ਗਏ। ਸ੍ਰੀ ਗੁਰੂ ਗੋਬਿੰਦ ਸਿੰਘ ਨੇ ਇਕ ਖਾਲਸਾਈ ਜੈਕਾਰਾ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ’ ਬੁਲੰਦ ਕੀਤਾ। ਨਾਲ ਹੀ ਉਨ੍ਹਾਂ ਨੇ ਆਦਰਸ਼ ਜੀਵਨ ਜਿਊਣ ਅਤੇ ਖੁਦ ’ਤੇ ਕਾਬੂ ਰੱਖਣ ਲਈ ਖਾਲਸਾ ਜੀ ਦੇ ਪੰਜ ਮੂਲ ਸਿਧਾਂਤਾਂ ਦੀ ਵੀ ਸਥਾਪਨਾ ਕੀਤੀ ਜਿਨ੍ਹਾਂ ’ਚ ਕੇਸ, ਕੰਘਾ, ਕੜਾ, ਕਛਹਿਰਾ, ਕਿਰਪਾਨ ਸ਼ਾਮਲ ਸਨ। ਇਹ ਸਿਧਾਂਤ ਚਰਿੱਤਰ ਨਿਰਮਾਣ ਦੇ ਮਾਰਗ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਵਿਅਕਤੀ ਚਰਿੱਤਰਵਾਨ ਹੋ ਕੇ ਹੀ ਉਲਟ ਹਾਲਾਤ ਤੇ ਅੱਤਿਆਚਾਰਾਂ ਵਿਰੁੱਧ ਲੜ ਸਕਦਾ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵੀਰਤਾ ਅਤੇ ਪ੍ਰਸਿੱਧੀ ਤੋਂ ਨੇੜੇ-ਤੇੜੇ ਦੇ ਪਹਾੜੀ ਰਾਜੇ ਈਰਖਾ ਕਰਨ ਲੱਗੇ, ਇੱਥੋਂ ਤੱਕ ਬਿਲਾਸਪੁਰ ਦੇ ਰਾਜਾ ਭੀਮਚੰਦ ਸਮੇਤ ਗੜਵਾਲ, ਕਾਂਗੜਾ ਦੇ ਰਾਜਿਆਂ ਨੇ ਮੁਗਲ ਹਾਕਮ ਔਰੰਗਜ਼ੇਬ ਕੋਲ ਜਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਵਿਰੁੱਧ ਲੜਨ ਲਈ ਫੌਜੀ ਸਹਾਇਤਾ ਮੰਗੀ ਅਤੇ ਕਿਹਾ ਕਿ ਇਸ ਦੇ ਬਦਲੇ ’ਚ ਉਹ ਸਾਲਾਨਾ ਲਗਾਨ ਦੇਣਗੇ। ਭੀਮਚੰਦ ਦੀ ਮਾਤਾ ਚੰਪਾ ਦੇਵੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਰੁੱਧ ਜੰਗ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਸੰਤ ਹਨ, ਉਨ੍ਹਾਂ ਦੇ ਨਾਲ ਜੰਗ ਨਹੀਂ ਸਗੋਂ ਉਨ੍ਹਾਂ ਨੂੰ ਘਰ ਸੱਦ ਕੇ ਸਨਮਾਨ ਦੇਣਾ ਚਾਹੀਦਾ ਹੈ। ਇਸੇ ਤਰ੍ਹਾਂ ਜਦੋਂ ਔਰੰਗਜ਼ੇਬ ਦੀ ਫੌਜ ਦਾ ਜਨਰਲ ਸਈਅਦ ਖਾਂ ਜੰਗ ਲਈ ਸ੍ਰੀ ਅਨੰਦਪੁਰ ਸਾਹਿਬ ਜਾਣ ਲੱਗਾ ਤਾਂ ਰਸਤੇ ’ਚ ਸਢੌਰਾ ਨਾਂ ਦੇ ਸਥਾਨ ’ਤੇ ਉਹ ਆਪਣੀ ਭੈਣ ਨਸਰੀਨਾ ਨੂੰ ਮਿਲੇ। ਉਨ੍ਹਾਂ ਦੀ ਭੈਣ ਨੇ ਸਈਅਦ ਖਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਰੁੱਧ ਜੰਗ ਕਰਨ ਤੋਂ ਰੋਕਿਆ ਅਤੇ ਕਿਹਾ ਕਿ ਉਹ ਪਹਿਲਾਂ ਤੋਂ ਹੀ ਗੁਰੂ ਜੀ ਦੀ ਪੈਰੋਕਾਰ ਹੈ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਕ ਧਾਰਮਿਕ ਤੇ ਅਧਿਆਤਮਕ ਸੰਤ ਹਨ। ਇੱਥੋਂ ਤੱਕ ਕਿ ਉਨ੍ਹਾਂ ਨੇ ਪਹਿਲਾਂ ਤੋਂ ਹੀ ਸਈਅਦ ਖਾਂ ਦੀ ਹਾਰ ਦੀ ਭਵਿੱਖਬਾਣੀ ਕਰ ਦਿੱਤੀ ਸੀ। ਨਸਰੀਨਾ ਖਾਂ ਨੇ ਆਪਣੇ ਪਤੀ ਤੇ ਬੇਟਿਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ’ਚ ਭਰਤੀ ਕਰਵਾ ਦਿੱਤਾ ਸੀ।
ਸਈਅਦ ਖਾਨ ਜੰਗ ਲਈ ਨਿਕਲ ਪਿਆ। ਜੰਗੇ ਮੈਦਾਨ ’ਚ ਨੀਲੇ ਘੋੜੇ ’ਤੇ ਸਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਮੁਗਲ ਫੌਜੀਆਂ ਨੂੰ ਮੌਤ ਦੇ ਘਾਟ ਉਤਾਰ ਰਹੇ ਸਨ ਤਾਂ ਸਈਅਦ ਖਾਂ ਗੁਰੂ ਜੀ ਦੇ ਸਾਹਮਣੇ ਆਇਆ। ਤਦ ਗੁਰੂ ਜੀ ਖੁਦ ਘੋੜੇ ਤੋਂ ਉਤਰੇ ਅਤੇ ਉਹ ਸਈਅਦ ਖਾਂ ਨੂੰ ਮਾਰਨ ਲਈ ਤਿਆਰ ਨਾ ਹੋਏ। ਸਈਅਦ ਖਾਂ ਗੁਰੂ ਜੀ ਦੀ ਚਮਕ ਅਤੇ ਤੇਜ ਤੋਂ ਪ੍ਰਭਾਵਿਤ ਹੋਇਆ ਅਤੇ ਜੰਗ ਦਾ ਮੈਦਾਨ ਛੱਡ ਕੇ ਯੋਗ, ਧਿਆਨ ਅਤੇ ਸ਼ਾਂਤੀ ਦੀ ਪ੍ਰਾਪਤੀ ਲਈ ਪਹਾੜਾਂ ’ਚ ਚਲਾ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਪੁੱਤਰ ਸਨ, ਜਿਨ੍ਹਾਂ ਦੇ ਨਾਂ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਸਨ। ਉਨ੍ਹਾਂ ਨੇ ਆਪਣੇ ਚਾਰੇ ਪੁੱਤਰ ਧਰਮ ਦੀ ਰੱਖਿਆ ਲਈ ਕੁਰਬਾਨ ਕੀਤੇ। ਮੁਗਲ ਹਾਕਮ ਵੱਲੋਂ ਦੋ ਪੁੱਤਰਾਂ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਨੂੰ ਸਰਹਿੰਦ ’ਚ ਦੀਵਾਰ ’ਚ ਚੁਣਵਾ ਦਿੱਤਾ ਗਿਆ। ਦੋ ਪੁੱਤਰ ਅਜੀਤ ਸਿੰਘ ਤੇ ਜੁਝਾਰ ਸਿੰਘ ਸ੍ਰੀ ਚਮਕੌਰ ਸਾਹਿਬ ਦੀ ਜੰਗ ’ਚ ਸ਼ਹੀਦੀ ਪ੍ਰਾਪਤ ਕਰ ਗਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੁੱਤਰਾਂ ਦੀ ਸ਼ਹਾਦਤ ’ਚ ਕਿਹਾ ਸੀ-
ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ।
ਚਾਰ ਮੁਏ ਤੋ ਕਯਾ ਹੁਆ ਜੀਵਤ ਕਈ ਹਜ਼ਾਰ॥
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਜ਼ਿੰਦਗੀ ’ਚ ਅਨੰਦਪੁਰ, ਭੰਗਾਨੀ, ਨੰਦੌਨ, ਗੁਲੇਰ, ਨਿਰਮੋਹਗੜ੍ਹ, ਬਸੋਲੀ, ਚਮਕੌਰ, ਸਰਸਾ ਤੇ ਮੁਕਤਸਰ ਸਮੇਤ 14 ਜੰਗਾਂ ਲੜੀਆਂ। ਇਨ੍ਹਾਂ ਜੰਗਾਂ ’ਚ ਪਹਾੜੀ ਰਾਜਿਆਂ ਅਤੇ ਮੁਗਲ ਸੂਬੇਦਾਰਾਂ ਨੇ ਹਰ ਵਾਰ ਕਰਾਰੀ ਹਾਰ ਖਾਧੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਦੀ ਸਵਾਰਥ ਤੇ ਨਿਜਹਿੱਤ ਲਈ ਲੜਾਈ ਨਹੀਂ ਲੜੀ ਸਗੋਂ ਉਨ੍ਹਾਂ ਨੇ ਜ਼ੁਲਮ ਤੇ ਬੇਇਨਸਾਫੀ ਵਿਰੁੱਧ ਲੜਾਈ ਲੜੀ। ਇਸ ਕਾਰਨ ਹਿੰਦੂ ਤੇ ਮੁਸਲਿਮ ਧਰਮਾਂ ਦੇ ਲੋਕ ਉਨ੍ਹਾਂ ਦੇ ਪੈਰੋਕਾਰ ਸਨ। ਸਤੰਬਰ 1708 ’ਚ ਗੁਰੂ ਜੀ ਦੱਖਣ ’ਚ ਨਾਂਦੇੜ ਚਲੇ ਗਏ ਅਤੇ ਬੈਰਾਗੀ ਲਛਮਣ ਦਾਸ ਨੂੰ ਅੰਮ੍ਰਿਤ ਛਕਾ ਕੇ ਅਤੇ ਜੰਗ ਸਬੰਧੀ ਹੁਨਰਮੰਦ ਬਣਾ ਕੇ ਬੰਦਾ ਸਿੰਘ ਬਹਾਦਰ ਬਣਾਇਆ ਅਤੇ ਉਨ੍ਹਾਂ ਨੂੰ ਖਾਲਸਾ ਫੌਜ ਦਾ ਕਮਾਂਡਰ ਬਣਾ ਕੇ ਸੰਘਰਸ਼ ਲਈ ਪੰਜਾਬ ਭੇਜi ਦੱਤਾ। ਪੰਜਾਬ ਪਹੁੰਚ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਚੱਪੜਚਿੜੀ ਦੀ ਜੰਗ ਜਿੱਤੀ।
ਅਕਤੂਬਰ 1708 ’ਚ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਆਖਰੀ ਸਵਾਸ ਲਏ। ਇਸ ਤਰ੍ਹਾਂ ਪਹਿਲਾਂ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਫਿਰ ਚਾਰੇ ਪੁੱਤਰਾਂ ਅਤੇ ਬਾਅਦ ’ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਬਲਿਦਾਨ ਦੇ ਕੇ ਧਰਮ ਦੀ ਰੱਖਿਆ ਕੀਤੀ। ਸਵਾਮੀ ਵਿਵੇਕਾਨੰਦ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਇਕ ਮਹਾਨ ਦਾਰਸ਼ਨਿਕ, ਸੰਤ, ਆਤਮ-ਬਲਿਦਾਨੀ, ਤਪੱਸਵੀ ਅਤੇ ਸਵੈ-ਅਨੁਸ਼ਾਸਿਤ ਦੱਸ ਕੇ ਉਨ੍ਹਾਂ ਦੀ ਬਹਾਦਰੀ ਦੀ ਉਪਮਾ ਕੀਤੀ ਸੀ। ਸਵਾਮੀ ਵਿਵੇਕਾਨੰਦ ਜੀ ਨੇ ਕਿਹਾ ਸੀ ਕਿ ਮੁਗਲ ਕਾਲ ’ਚ ਜਦੋਂ ਹਿੰਦੂ ਅਤੇ ਮੁਸਲਿਮ ਦੋਵਾਂ ਹੀ ਧਰਮਾਂ ਦੇ ਲੋਕਾਂ ’ਤੇ ਜ਼ੁਲਮ ਹੋ ਰਿਹਾ ਸੀ ਤਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੇਇਨਸਾਫੀ, ਅਧਰਮ ਅਤੇ ਜ਼ੁਲਮਾਂ ਵਿਰੁੱਧ ਅਤੇ ਦੁਖੀ ਜਨਤਾ ਦੀ ਭਲਾਈ ਲਈ ਬਲਿਦਾਨ ਦਿਤਾ ਸੀ ਜੋ ਇਕ ਮਹਾਨ ਬਲਿਦਾਨ ਹੈ। ਇਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਨਾਂ ’ਚੋਂ ਮਹਾਨ ਸਨ।
ਗੀਤਾ ’ਚ ਕਿਹਾ ਹੈ ਕਿ ‘ਕਰਮ ਕਰੋ, ਫਲ ਦੀ ਚਿੰਤਾ ਨਾ ਕਰੋ।’ ਠੀਕ ਇਸੇ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈ ਕਿ ‘ਦੇਹ ਸਿਵਾ ਬਰ ਮੋਹਿ ਇਹੈ, ਸੁਭ ਕਰਮਨ ਤੇ ਕਬਹੂੰ ਨ ਟਰੋਂ’ ਭਾਵ ਅਸੀਂ ਚੰਗੇ ਕਰਮਾਂ ਤੋਂ ਕਦੀ ਪਿੱਛੇ ਨਾ ਹਟੀਏ, ਨਤੀਜਾ ਬੇਸ਼ੱਕ ਜੋ ਵੀ ਹੋਵੇ। ਉਨ੍ਹਾਂ ਦੇ ਇਨ੍ਹਾਂ ਵਿਚਾਰਾਂ ਤੇ ਬਾਣੀਆਂ ਤੋਂ ਪਤਾ ਲੱਗਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਰਮ, ਸਿਧਾਂਤ, ਸਮਭਾਵ, ਬਰਾਬਰੀ, ਨਿਡਰਤਾ, ਆਜ਼ਾਦੀ ਦਾ ਸੰਦੇਸ਼ ਦੇ ਕੇ ਸਮਾਜ ਨੂੰ ਇਕ ਸੂਤਰ ’ਚ ਪਿਰੋਣ ਦਾ ਕੰਮ ਕੀਤਾ। ਉਨ੍ਹਾਂ ਨੇ ਕਦੀ ਵੀ ਮਨੁੱਖੀ ਤੇ ਨੈਤਿਕ ਕਦਰਾਂ-ਕੀਮਤਾਂ ਨਾਲ ਸਮਝੌਤਾ ਨਹੀਂ ਕੀਤਾ। ਅੱਜ ਫਿਰ ਲੋੜ ਹੈ ਕਿ ਉਨ੍ਹਾਂ ਦੇ ਦੱਸੇ ਮਾਰਗ ’ਤੇ ਚੱਲ ਕੇ ਅਸੀਂ ਸਾਰੇ ਧਰਮ, ਸਮਾਜ ਤੇ ਭਾਈਚਾਰੇ ਨੂੰ ਮਜ਼ਬੂਤ ਕਰ ਕੇ ‘ਏਕ ਭਾਰਤ ਸ੍ਰੇਸ਼ਠ ਭਾਰਤ’ ਲਈ ਕਾਰਜ ਕਰੀਏ।
-ਬੰਡਾਰੂ ਦੱਤਾਤ੍ਰੇਅ,
ਰਾਜਪਾਲ ਹਰਿਆਣਾ

Comment here