ਅਪਰਾਧਸਿਆਸਤਖਬਰਾਂ

ਗੁਰਮੀਤ ਰਾਮ ਰਹੀਮ ਤੋਂ ਸਿਟ 8 ਨਵੰਬਰ ਨੂੰ ਕਰੇਗੀ ਪੁੱਛਗਿੱਛ

ਫਰੀਦਕੋਟ – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਚ ਦੋਸ਼ ਝੱਲ ਰਹੇ ਡੇਰਾ ਸਿਰਸਾ ਦੇ ਮੁਖੀ , ਬਲਾਤਾਕਾਰ ਤੇ ਕਤਲ ਦੇ ਦੋਸ਼ ਚ ਉਮਰਕੈਦ ਦੀ ਸਜ਼ਾ ਭੁਗਤ ਰਹੇ ਗੁਰਮੀਤ ਰਾਮ ਰਹੀਮ ਤੋਂ ਪੁੱਛ ਗਿੱਛ ਦੀ ਹਾਈਕੋਰਟ ਵੱਲੋਂ ਇਜਾਜਤ ਦਿੱਤੇ ਜਾਣ ਤੋਂ ਬਾਅਦ ਐਸਆਈਟੀ ਪੂਰੀ ਤਰਾਂ ਤਿਆਰ ਹੈ। ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਐੱਸਆਈਟੀ ਦੇ ਮੁਖੀ ਸੁਰਿੰਦਰਪਾਲ ਸਿੰਘ ਪਰਮਾਰ ਆਈ ਜੀ ਬਾਰਡਰ ਰੇਂਜ਼ ਅਤੇ ਏਆਈਜੀ ਡਾਕਟਰ ਰਜਿੰਦਰ ਸਿੰਘ ਸੋਹਲ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਨਾਂ ਦੀ ਟੀਮ ਗੁਰਮੀਤ ਰਾਮ ਰਹੀਮ ਤੋਂ ਪੁੱਛਗਿੱਛ ਲਈ ਸੁਨਾਰੀਆਂ ਜੇਲ ’ਚ 8 ਨਵੰਬਰ ਨੂੰ ਪੂਰੀ ਟੀਮ ਸਮੇਤ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਐੱਸਆਈਟੀ ਵਲੋਂ ਬੇਅਦਬੀ ਮਾਮਲੇ ’ਚ ਮਿਲੇ ਸਬੂਤਾਂ ਦੇ ਆਧਾਰ ’ਤੇ ਡੇਰਾ ਮੁਖੀ ਦੀ ਭੂਮਿਕਾ ਨੂੰ ਲੈ ਕੇ ਪੁੱਛੇ ਜਾਣ ਵਾਲੇ ਸਵਾਲਾਂ ਲਈ ਪੂਰੀ ਤਰਾਂ ਤਿਆਰੀ ਕੀਤੀ ਗਈ ਹੈ। ਬੇਅਦਬੀ ਮਾਮਲੇ ਨਾਲ ਜੁੜੀ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦਵਾਰਾ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਕਰਨ ਦੇ ਕੇਸ ਵਿੱਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ ਫਰੀਦਕੋਟ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਹੋਇਆ ਹੈ।ਬੀਤੀ 25 ਅਕਤੂਬਰ ਨੂੰ ਡੇਰਾ ਮੁਖੀ ਦਾ ਫਰੀਦਕੋਟ ਦੀ ਅਦਾਲਤ ਤੋਂ 29 ਅਕਤੂਬਰ ਲਈ ਪੋ੍ਡਕਸ਼ਨ ਵਰੰਟ ਵੀ ਜਾਰੀ ਕਰਵਾਇਆ ਸੀ ਪਰ ਫਰੀਦਕੋਟ ਦੀ ਅਦਾਲਤ ’ਚ ਪੇਸ਼ੀ ਤੋਂ ਇਕ ਦਿਨ ਪਹਿਲਾਂ 28 ਅਕਤੂਬਰ ਨੂੰ ਹਾਈਕੋਰਟ ਨੇ ਡੇਰਾ ਮੁਖੀ ਦੇ ਵਰੰਟ ’ਤੇ ਰੋਕ ਲਾ ਦਿੱਤੀ ਅਤੇ ਐਸਆਈਟੀ ਨੂੰ ਸੁਨਾਰੀਆ ਜੇਲ ’ਚ ਜਾ ਕੇ ਪੁੱਛਗਿੱਛ ਕਰਨ ਦੀ ਇਜਾਜਤ ਦੇ ਦਿੱਤੀ। ਐੱਸਆਈਟੀ ਉਕਤ ਮਾਮਲੇ ਵਿੱਚ ਹਾਈਕੋਰਟ ’ਚ 12 ਨਵੰਬਰ ਨੂੰ ਹੋਣ ਵਾਲੀ ਸੁਣਵਾਈ ਤੋਂ ਪਹਿਲਾਂ ਪੁੱਛਗਿੱਛ ਕਰਨ ਲਈ ਯਤਨਸ਼ੀਲ ਹੈ ਤਾਂ ਜੋ ਹਾਈਕੋਰਟ ’ਚ ਵਿਸਤਿ੍ਤ ਰਿਪੋਰਟ ਪੇਸ਼ ਕੀਤੀ ਜਾ ਸਕੇ। ਉਨਾ ਆਖਿਆ ਕਿ ਜੇਕਰ ਡੇਰਾ ਮੁਖੀ ਨੇ ਸਹਿਯੋਗ ਨਾ ਦਿੱਤਾ ਤਾਂ ਉਹ ਹਾਈਕੋਰਟ ਤੋਂ ਅਗਲੇ ਆਦੇਸ਼ ਦੀ ਮੰਗ ਕਰਨਗੇ।

Comment here