ਸਿਆਸਤਖਬਰਾਂਚਲੰਤ ਮਾਮਲੇ

ਗੁਰਬਾਣੀ ਪ੍ਰਸਾਰਣ ਦੇ ਚਾਹਵਾਨਾਂ ਨੂੰ ਓਪਨ ਟੈਂਡਰ ਦੇਵੇਗੀ ਸ਼੍ਰੋਮਣੀ ਕਮੇਟੀ

ਅੰਮ੍ਰਿਤਸਰ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼ਰੇਆਮ ਐੱਸਜੀਪੀਸੀ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਧਾਰਮਿਕ ਸੰਸਥਾ ਹੈ ਤਾਂ ਧਾਰਮਿਕ ਸੰਸਥਾ ਦੀ ਤਰ੍ਹਾਂ ਕੰਮ ਕਰਦਿਆਂ ਦੇਸ਼-ਵਿਦੇਸ਼ ਵਿੱਚ ਗੁਰਬਾਣੀ ਦਾ ਪ੍ਰਸਾਰਣ ਪਹੁੰਚਾਉਣ ਲਈ ਸਿਰਫ ਬਾਦਲਾਂ ਦੇ ਚੈਨਲ ਨੂੰ ਹੀ ਹੱਕ ਕਿਉਂ ਦਿੱਤਾ ਗਿਆ ਹੈ। ਸੀਐੱਮ ਮਾਨ ਨੇ ਕਿਹਾ ਕਿ ਐੱਸਜੀਪੀਸੀ ਪ੍ਰਧਾਨ ਨੂੰ ਚਾਹੀਦਾ ਹੈ ਕਿ ਸਭ ਕੋਲ ਇਲਾਹੀ ਬਾਣੀ ਪਹੁੰਚਾਉਣ ਲਈ ਸੂਬੇ ਦੇ ਹੋਰ ਚੈਨਲਾਂ ਨੂੰ ਵੀ ਅਧਿਕਾਰ ਦਿੱਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਗੁਰਬਾਣੀ ਦਾ ਮੁਫਤ ਪ੍ਰਸਾਰਣ ਘਰ-ਘਰ ਪਹੁੰਚਾਉਣ ਲਈ ਖੁੱਦ ਪ੍ਰਬੰਧ ਕਰੇਗੀ ਜੇਕਰ ਸ਼੍ਰੋਮਣੀ ਕਮੇਟੀ ਸਾਥ ਦੇਵੇ।
ਇਸ ਪੂਰੇ ਮਾਮਲੇ ਉੱਤੇ ਰੋਹ ਵਿੱਚ ਆਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਸਪੱਸ਼ਟ ਜਵਾਬ ਦਿੰਦਿਆਂ ਦੱਸਿਆ ਕਿ ਕਿਸ ਤਰ੍ਹਾ 2007 ਵਿੱਚ ਪੀਟੀਸੀ ਨੈਟਵਰਕ ਕੋਲ ਗੁਰਬਾਣੀ ਦੇ ਅਧਿਕਾਰ ਆਏ ਅਤੇ ਕਿਸ ਤਰ੍ਹਾਂ ਹੁਣ ਤੱਕ ਇਸ ਨੈਟਵਰਕ ਵੱਲੋਂ ਬਗੈਰ ਕੋਈ ਪੈਸੇ ਲਏ ਦੇਸ਼-ਦੁਨੀਆਂ ਵਿੱਚ ਗੁਰਬਾਣੀ ਕੀਰਤਨ ਨੂੰ ਪਹੁੰਚਾਇਆ ਜਾ ਰਿਹ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਗੁਰਬਾਣੀ ਪ੍ਰਸਾਰਣ ਦਾ ਅਧਿਕਾਰ ਹੋਰ ਹੱਥਾਂ ਵਿੱਚ ਸੌਂਪਣ ਲਈ ਪੈਸੇ ਦੇਣ ਦੀ ਗੱਲ ਕਰ ਰਹੇ ਨੇ ਪਰ ਸ਼੍ਰੋਮਣੀ ਕਮੇਟੀ ਦੇਸ਼-ਦੁਨੀਆਂ ਵਿੱਚ ਗੁਰਬਾਣੀ ਦਾ ਪ੍ਰਸਾਰਣ ਕਰਨ ਲਈ ਖੁੱਦ ਸਮਰੱਥ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਪੈਸੇ ਦੀ ਉਨ੍ਹਾਂ ਨੂੰ ਗੁਰਬਾਣੀ ਪ੍ਰਸਾਰਣ ਲਈ ਜ਼ਰੂਰਤ ਨਹੀਂ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਾਲ 2012 ਵਿੱਚ ਪੀਟੀਸੀ ਨਾਲ ਗੁਰਬਾਣੀ ਪ੍ਰਸਾਰਣ ਦਾ ਕਰਾਰ ਹੋਇਆ ਸੀ ਅਤੇ ਜੁਲਾਈ 2023 ਵਿੱਚ ਇਹ ਕਰਾਰ ਖਤਮ ਹੋਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੁਲਾਈ ਵਿੱਚ ਹੀ ਸ਼੍ਰੋਮਣੀ ਕਮੇਟੀ ਵੱਲੋਂ ਓਪਨ ਟੈਂਡਰ ਕੱਢਿਆ ਜਾਵੇਗਾ ਅਤੇ ਜਿਸ ਵੀ ਧਿਰ ਜਾਂ ਚੈਨਲ ਵਿੱਚ ਗੁਰਬਾਣੀ ਨੂੰ ਦੁਨੀਆਂ ਭਰ ਵਿੱਚ ਪ੍ਰਸਾਰਣ ਕਰਨ ਦਾ ਮਾਦਾ ਹੈ ਉਹ ਟੈਂਡਰ ਲੈ ਸਕਦੇ ਨੇ। ਉਨ੍ਹਾਂ ਕਿਹਾ ਕਿ ਇਸ ਟੈਂਡਰ ਵਿੱਚ ਸ਼ਰਤਾਂ ਤਹਿਤ ਗੁਰਬਾਣੀ ਦੀ ਮਰਿਆਦਾ ਨੂੰ ਧਿਆਨ ਵਿੱਚ ਰੱਖ ਕੇ ਪ੍ਰਸਾਰਣ ਦਾ ਅਧਿਕਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸ਼ਰਤਾਂ ਕੀ ਹੋਣਗੀਆ ਇਸ ਲਈ ਇੱਕ ਖ਼ਾਸ ਕਮੇਟੀ ਦਾ ਗਠਨ ਕਰ ਦਿੱਤਾ ਜਾਵੇਗਾ।

Comment here