ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਗੁਰਬਾਣੀ ਨਾਲ ਛੇੜਛਾੜ ਦੇ ਮਾਮਲੇ ਚ ਥਮਿੰਦਰ ਸਿੰਘ ਨੂੰ ਪੇਸ਼ ਹੋਣ ਲਈ ਕਿਹਾ

ਅੰਮ੍ਰਿਤਸਰ- ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਨਾਲ ਕੀਤੀ ਛੇੜ-ਛਾੜ ਦੇ ਦੋਸ਼ੀਆਂ ਖਿਲਾਫ ਢੁੱਕਵੀਂ ਕਾਰਵਾਈ ਲਈ ਇਕੱਠ ਸੱਦਿਆ ਗਿਆ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹੋਈ ਇਕੱਤਰਤਾ ਤੋਂ ਬਾਅਦ ਪੰਜ ਸਿੰਘ ਸਾਹਿਬਾਨਾਂ ਦੇ ਫੈਸਲੇ ਮਗਰੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ‘ਤੇ ਫ਼ੈਸਲਾ ਸੁਣਾਉਂਦੇ ਹੋਏ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਮਰੀਕਾ ਵਾਸੀ ‍ਥਮਿੰਦਰ ਸਿੰਘ ਨੂੰ ਹੋਏ ਫ਼ੈਸਲੇ ‘ਤੇ ਹੁਕਮ ਕੀਤਾ ਜਾਂਦਾ ਹੈ ਕਿ ਉਹ ਤੁਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨਾ ਆਫਲਾਈਨ ਤੇ ਆਨਲਾਈਨ ਬੰਦ ਕਰੇ। ਜਥੇਦਰ ਨੇ ਕਿਹਾ ਕਿ ਥਮਿੰਦਰ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੋਧਾਂ ਦੇ ਨਾਂ ‘ਤੇ ਕੀਤੀ ਗਈ ਛੇੜਖਾਨੀ ਦੀ ਮਨਸ਼ਾ ਜ਼ਾਹਿਰ ਕਰੇ। ਥਮਿੰਦਰ ਸਿੰਘ ਇਹ ਵੀ ਦੱਸੇ ਕਿ ਇਸ ਪਿੱਛੇ ਕਿਸ ਦਾ ਹੱਥ ਹੈ। ਜਥੇਦਾਰ ਨੇ ਕਿਹਾ ਕਿ ਥਮਿੰਦਰ ਸਿੰਘ ਦੇ ਨਾਲ ਸਮੂਹ ਸੰਗਤਾਂ ਉਦੋਂ ਤੱਕ ਮਿਲਵਰਤਨ ਬੰਦ ਰੱਖੇ ਜਦ ਤਕ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਕੇ ਸਭ ਕੁਝ ਜ਼ਾਹਿਰ ਨਹੀਂ ਕਰਦਾ। ਜਥੇਦਾਰ ਨੇ ਕਿਹਾ ਕਿ ਥਮਿੰਦਰ ਸਿੰਘ ਨੂੰ ਉਦੋਂ ਤਕ ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ।

ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਗੌਹਰ ਆਦਿ ਮੌਜੂਦ ਸਨ। ਗੁਰੂ ਗ੍ਰੰਥ ਸਾਹਿਬ ਜੀ ਦੇ ਮੂਲ ਸਰੂਪ ਨਾਲ ਛੇੜਛਾੜ, ਬਿੰਦੀ, ਲਗਾਂ-ਮਾਤਰਾਂ ਨਵੇਂ ਸਿਰਿਓਂ ਜੋੜ ਕੇ ਮਨਮਤ ਦਾ ਮਾਮਲਾ ਵਿਚਾਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ‘ਚ ਪੰਥਕ ਇਕੱਠ ਹੋਇਆ ਸੀ। ਇਸ ਇਕੱਠ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸ਼ਾਮਲ ਹੋਏ। ਇਸ ਇਕੱਠ ਵਿਚ ਮੀਡੀਆ ਨੂੰ ਜਾਣ ਤੋਂ ਰੋਕਿਆ ਗਿਆ ।

Comment here