ਸ੍ਰੀਨਗਰ-ਦਹਿਸ਼ਤ ਦੇ ਸਾਏ ਹੇਠ ਦਹਾਕਿਆਂ ਤੋਂ ਸਹਿਮੇ ਰਹੇ ਜੰਮੂ-ਕਸ਼ਮੀਰ ਦੇ ਲੋਕ, ਖਾਸ ਕਰਕੇ ਨੌਜਵਾਨ ਹੁਣ ਉਡਾਰ ਹੋਣ ਲੱਗੇ ਹਨ। ਸੁਰੱਖਿਅਤ ਮਹੌਲ ਕਰਕੇ ਵੱਖ ਵੱਖ ਖੇਤਰਾਂ ਵਿੱਚ ਵੱਡੀਆਂ ਮੱਲਾਂ ਮਾਰਨ ਲੱਗੇ ਹਨ। ਗੁਰਬਤ ’ਚ ਜੰਮੂ-ਕਸ਼ਮੀਰ ਦੇ ਆਦਿਲ ਅਲਤਾਫ ਨੇ ਹਰਿਆਣਾ ਦੇ ਪੰਚਕੂਲਾ ’ਚ ਖੇਡੇ ਗਏ ‘ਖੇਲੋ ਇੰਡੀਆ ਯੂਥ ਗੇਮਸ’ ਦੇ 70 ਕਿ. ਮੀ. ਸਾਈਕਲਿੰਗ ਮੁਕਬਾਲੇ ’ਚ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ। ਉਨ੍ਹਾਂ ਨੇ 1 ਘੰਟੇ, 59 ਮਿੰਟ ਅਤੇ 22 ਸਕਿੰਟ ’ਚ 72 ਕਿ. ਮੀ. ਦੀ ਦੌੜ ਪੂਰੀ ਕੀਤੀ। ਜੰਮੂ-ਕਸ਼ਮੀਰ ਲਈ ਪਹਿਲਾ ਸਾਈਕਲਿੰਗ ਗੋਲਡ ਜਿੱਤਣ ਵਾਲੇ ਅਲਤਾਫ ਬੇਹੱਦ ਹੀ ਗ਼ਰੀਬ ਅਤੇ ਪਿੱਛੜੇ ਪਰਿਵਾਰ ਤੋਂ ਆਉਂਦੇ ਹਨ। ਉਨ੍ਹਾਂ ਦੇ ਪਿਤਾ ਰਾਜਧਾਨੀ ਸ਼੍ਰੀਨਗਰ ਦੇ ਲਾਲ ਬਾਜ਼ਾਰ ’ਚ ਦਰਜੀ ਦਾ ਕੰਮ ਕਰਦੇ ਹਨ। ਉਨ੍ਹਾਂ ਨੇ ਆਪਣੀ ਸੀਮਿਤ ਤਨਖ਼ਾਹ ਨਾਲ ਬੇਟੇ ਨੂੰ ਪੇਸ਼ੇਵਰ ਸਾਈਕਲਿਸਟ ਬਣਾਇਆ। ਅੱਜ ਗੋਲਡ ਮੈਡਲ ਜਿੱਤ ਕੇ ਅਲਤਾਫ ਨੇ ਖੁਦ ਨੂੰ ਦੇਸ਼ ਦੇ ਟਾਪ ਸਾਈਕਲਿਸਟਾਂ ਦੀ ਸੂਚੀ ’ਚ ਸ਼ਾਮਿਲ ਕਰ ਲਿਆ। 12ਵੀਂ ਜਮਾਤ ਦੇ ਵਿਦਿਆਰਥੀ ਅਲਤਾਫ ਨੂੰ ਬਚਪਨ ਤੋਂ ਹੀ ਸਾਈਕਲ ਚਲਾਉਣ ਦਾ ਬੜਾ ਸ਼ੌਂਕ ਰਿਹਾ। ਸਕੂਲੀ ਦਿਨਾਂ ਤੋਂ ਹੀ ਅਲਤਾਫ ਨੇ ਰੇਸਿੰਗ ਸਾਈਕਲ ਚਲਾਉਣਾ ਸ਼ੁਰੂ ਕਰ ਦਿੱਤਾ। ਉਹ ਆਪਣੇ ਦਰਜੀ ਪਿਤਾ ਦੇ ਸਾਮਾਨ ਪਹੁੰਚਾਉਣ ਲਈ ਲਾਲ ਬਾਜ਼ਾਰ ਦੀ ਭੀੜ-ਭਾੜ ਵਾਲੀਆਂ ਗਲੀਆਂ ’ਚ ਸਾਈਕਲ ਦੌੜਾਉਂਦਾ ਸੀ। ਉਹ ਦੱਸਦੇ ਹਨ ਕਿ ਜਦੋਂ ਉਹ 15 ਸਾਲ ਦੇ ਹੋਏ ਤਾਂ ਉਨ੍ਹਾਂ ਨੇ ਪਹਿਲੀ ਵਾਰ ਆਪਣੇ ਸਕੂਲ ਹਾਰਵਰਡ, ਕਸ਼ਮੀਰ ’ਚ ਸਾਈਕਲਿੰਗ ਇਵੈਂਟ ’ਚ ਹਿੱਸਾ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਖੇਡ ਨੂੰ ਗੰਭੀਰਤਾ ਨਾਲ ਲਿਆ। ਹਾਲਾਂਕਿ ਸ਼ੁਰੂਆਤ ’ਚ ਉਨ੍ਹਾਂ ਦੇ ਸਾਈਕਲ ਚਲਾਉਣ ਦੇ ਇਸ ਸ਼ੌਂਕ ਨਾਲ ਕਈ ਲੋਕ ਖਫਾ ਸੀ ਪਰ ਇਸ ਸ਼ੌਕ ਨੂੰ ਉਨ੍ਹਾਂ ਦੇ ਇਕ ਦੋਸਤ ਦੇ ਪਿਤਾ ਨੇ ਸਮਝਿਆ ਅਤੇ ਉਨ੍ਹਾਂ ਨੂੰ ਇਕ ਰੇਸਿੰਗ ਸਾਈਕਲ ਦਾ ਤੋਹਫਾ ਦਿੱਤਾ। ਇਸ ਸਾਈਕਲ ਨਾਲ ਉਨ੍ਹਾਂ ਨੇ ਪੁਲਸ ਸਾਈਕਲ ਦੌੜ ’ਚ ਹਿੱਸਾ ਲਿਆ ਅਤੇ ਗੋਲਡ ਮੈਡਲ ਦੇ ਨਾਲ 20,000 ਰੁਪਏ ਦਾ ਨਕਦ ਇਨਾਮ ਵੀ ਜਿੱਤਿਆ। ਸਥਾਨਕ ਆਯੋਜਨਾਂ ’ਚ ਲਗਾਤਾਰ ਮਿਲਣ ਵਾਲੀ ਕਾਮਯਾਬੀ ਤੋਂ ਬਾਅਦ ਅਲਤਾਫ ਦੀ ਮਦਦ ਲਈ ਭਾਰਤੀ ਸਟੇਟ ਬੈਂਕ ਅਗੇ ਆਇਆ ਅਤੇ 4.5 ਲੱਖ ਰੁਪਏ ਦੀ ਐੱਮ. ਟੀ. ਬੀ. ਬਾਈਕ ਖਰੀਦਣ ’ਚ ਮਦਦ ਕੀਤੀ। ਅਲਤਾਫ ਨੇ 2019 ’ਚ 10 ਕਿ. ਮੀ. ਸਾਈਕਲ ਦੌੜ ’ਚ ਆਪਣਾ ਪਹਿਲਾ ਕਾਂਸੀ ਦਾ ਤਮਗਾ ਜਿੱਤਿਆ। 2020 ’ਚ ਜੰਮੂ ਅਤੇ ਕਸ਼ਮੀਰ ਸੂਬੇ ਸਾਈਕਲਿੰਗ ਚੈਂਪੀਅਨਸ਼ਿਪ ’ਚ ਇਕ ਟਾਈਮ ਟ੍ਰਾਇਲ ਇਵੈਂਟ ’ਚ ਚਾਂਦੀ ਦਾ ਤਮਗਾ ਜਿੱਤਿਆ। ਇਸੇ ਸਾਲ ਉਨ੍ਹਾਂ ਨੇ ਮੁੰਬਈ ’ਚ ਨੈਸ਼ਨਲ ਸਾਈਕਲਿੰਗ ਚੈਂਪੀਅਨਸ਼ਿਪ ’ਚ 60 ਕਿ. ਮੀ. ਰੋਡ ਰੇਸ ’ਚ 11ਵਾਂ ਸਥਾਨ ਪਾਇਆ ਅਤੇ ਫਿਰ 30 ਕਿ. ਮੀ. ਟਾਈਮ ਟ੍ਰਾਇਲ ਰੇਸ ’ਚ ਚੌਥੇ ਸਥਾਨ ’ਤੇ ਰਹੇ। ਪਿਛਲੇ ਸਾਲ 20 ਕਿ. ਮੀ. ਦੀ ਟਾਈਮ ਟ੍ਰੇਲ ਰੇਸ ’ਚ ਉਹ 5ਵੇਂ ਸਥਾਨ ’ਤੇ ਰਹੇ। ਖੇਲੋ ਇੰਡੀਆ ਯੂਥ ਗੇਮਸ ’ਚ ਸ਼ਾਮਿਲ ਹੋਣ ਲਈ ਅਲਤਾਫ ਨੇ ਪੂਰੇ ਇਕ ਸਾਲ ਪੰਜਾਬ ਦੇ ਐੱਨ. ਆਈ. ਐੱਸ. ਪਟਿਆਲਾ ’ਚ ਤਿਆਰੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਰੋਜ਼ਾਨਾ 80 ਤੋਂ 100 ਕਿ. ਮੀ. ਤੱਕ ਸਾਈਕਲਿੰਗ ਕੀਤੀ। ਉੱਪ-ਰਾਜਪਾਲ ਮਨੋਜ ਸਿਨ੍ਹਾ ਨੇ ਵੀ ਆਦਿਲ ਨੂੰ ਗੋਲਡ ਮੈਡਲ ਜਿਤਣ ’ਤੇ ਮੁਬਾਰਕਬਾਦ ਦਿੱਤੀ। ਉਨ੍ਹਾਂ ਨੇ ਆਪਣੇ ਟਵਿੱਟ ’ਚ ਲਿਖਿਆ,‘‘ਆਦਿਲ ਅਲਤਾਫ ਨੂੰ ਖੇਲੋ ਇੰਡੀਆ ਯੂਥ ਗੇਮਸ ’ਚ ਇਤਿਹਾਸਕ ਗੋਲਡ ਅਤੇ ਇਕ ਨਵਾਂ ਰਿਕਾਰਡ ਬਣਾਉਣ ਲਈ ਵਧਾਈ। ਆਦਿਲ ਦੀ ਇਹ ਕਾਮਯਾਬੀ ਕਸ਼ਮੀਰ ’ਚ ਵੱਡੇ ਬਦਲਾਅ ਦਾ ਸਬਬ ਬਣ ਸਕਦੀ ਹੈ। ਮੌਜ-ਮਸਤੀ ਲਈ ਸਾਈਕਲ ਚਲਾਉਣ ਵਾਲੇ ਕਸ਼ਮੀਰੀ ਨੌਜਵਾਨ ਇਸ ’ਚ ਆਪਣਾ ਕਰੀਅਰ ਬਣਾ ਸਕਦੇ ਹਨ।’’
Comment here