ਖਬਰਾਂਚਲੰਤ ਮਾਮਲੇਦੁਨੀਆ

ਗੁਰਦੁਆਰਾ ਬੇਰ ਸਾਹਿਬ ਤੋਂ ਨਗਰ ਕੀਰਤਨ ਬਟਾਲਾ ਲਈ ਰਵਾਨਾ

ਸੁਲਤਾਨਪੁਰ ਲੋਧੀ-ਸ੍ਰੀ ਗੁਰੂ ਨਾਨਕ ਦੇਵ ਜੀ ਦਾ 536ਵੇਂ ਵਿਆਹ ਪੂਰਬ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਬਾਬੇ ਨਾਨਕ ਦੇ ਵਿਆਹ ਪੁਰਬ ਦੀ ਖੁਸ਼ੀ ’ਚ ਬਰਾਤ ਰੂਪੀ ਅਲੌਕਿਕ ਅਤੇ ਮਹਾਨ ਨਗਰ ਕੀਰਤਨ ਅੱਜ ਸਵੇਰੇ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਬਟਾਲਾ ਲਈ ਰਵਾਨਾ ਹੋਇਆ। ਇਸ ਤੋਂ ਪਹਿਲਾਂ ਹੈੱਡ ਗ੍ਰੰਥੀ ਵੱਲੋਂ ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਕੀਤੀ ਗਈ। ਇਸ ਦੇ ਬਾਅਦ ਮਹਾਨ ਨਗਰ ਕੀਰਤਨ ਆਰੰਭ ਹੋਇਆ।
ਬਰਾਤ ਰੂਪੀ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਕੱਢਿਆ ਗਿਆ। ਇਸ ਮਹਾਨ ਨਗਰ ਕੀਰਤਨ ਦਾ ਤਲਵੰਡੀ ਪੁਲ, ਪਿੰਡ ਮੇਵਾ ਸਿੰਘ ਵਾਲਾ, ਮੰਗੂਪੁਰ, ਖੇੜਾ ਬੇਟ, ਤਲਵੰਡੀ ਚੌਧਰੀਆਂ ਅਤੇ ਫੱਤੂਢੀਂਗਾ ਪਹੁੰਚਣ ’ਤੇ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਸੁਆਗਤ ਕੀਤਾ ਗਿਆ। ਇਸ ਮੌਕੇ ਪਾਲਕੀ ਸਾਹਿਬ ਨੂੰ ਸੁੰਦਰ ਫੁੱਲਾਂ ਨਾਲ ਸਜਾਇਆ ਗਿਆ ਹੈ। ਇਸ ਵਾਰ ਬਰਾਤ ਰੂਪੀ ਨਗਰ ਕੀਰਤਨ ’ਚ ਐੱਸਜੀਪੀਸੀ ਦੇ ਸਮੂਹ ਮੈਂਬਰ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਸ਼ਾਮਲ ਹੋਏ। ਇਸ ਮੌਕੇ ਸਿਆਸੀ ਪਾਰਟੀਆਂ ਦੇ ਆਗੂਆਂ ਸਮੇਤ ਸਾਰੀ ਸੰਗਤ ਸਤਨਾਮ ਵਾਹਿਗੁਰੂ ਦਾ ਜਾਪ ਕਰਦੀ ਹੋਈ ਬਾਬਾ ਨਾਨਕ ਦੇ ਰੰਗ ’ਚ ਰੰਗੀ ਹੋਈ ਵਿਖਾਈ ਦਿੱਤੀ।
ਨਗਰ ਕੀਰਤਨ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦੇ ਅੱਗੇ-ਅੱਗੇ ਸ਼ਰਧਾਲੂ ਸਫ਼ਾਈ ਸੇਵਕ ਜੱਥਾ ਰਸਤੇ ਦੀ ਸਫ਼ਾਈ ਕਰ ਰਿਹਾ ਸੀ। ਨਗਰ ਕੀਰਤਨ ਦੌਰਾਨ ਗੁਲਾਬ ਦੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਸੀ, ਜੋ ਕਿ ਆਕਰਸ਼ਕ ਦਾ ਕੇਂਦਰ ਬਣੀ ਹੋਈ ਸੀ। ਇਸ ਮੌਕੇ ਨਿਹੰਗ ਸਿੰਘਾਂ ਅਤੇ ਗਤਕਾ ਪਾਰਟੀ ਨੇ ਖ਼ਾਲਸਾਈ ਯੁੱਧ ਕੌਸ਼ਲ ਦਾ ਬੜੇ ਹੀ ਰੋਚਕ ਤਰੀਕੇ ਨਾਲ ਪ੍ਰਦਰਸ਼ਨ ਕੀਤਾ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਵੀ ਨਗਰ ਕੀਰਤਨ ’ਚ ਸ਼ਾਮਲ ਹੋ ਕੇ ਨਗਰ ਕੀਰਤਨ ਦੀ ਸ਼ੋਭਾ ਵਧਾਈ। ਨਗਰ ਕੀਰਤਨ ‘ਚ ਸੁਲਤਾਨਪੁਰ ਲੋਧੀ, ਬਟਾਲਾ, ਕਪੂਰਥਲਾ, ਗੁਰਦਾਸਪੁਰ, ਗੋਇੰਦਵਾਲ ਸਾਹਿਬ, ਜਲੰਧਰ, ਢਿਲਵਾਂ, ਲੋਹੀਆਂ, ਸ਼ਾਹਕੋਟ ਤੋਂ ਇਲਾਵਾ ਦੂਰ-ਦੁਰਾਡੇ ਤੋਂ ਲੱਖਾਂ ਸ਼ਰਧਾਲੂ ਸ਼ਾਮਲ ਹੋਏ। ਨਗਰ ਕੀਰਤਨ ਅੱਜ ਉੱਚਾ ਬੇਟ, ਢਿਲਵਾਂ, ਬਾਬਾ ਬਕਾਲਾ ਸਾਹਿਬ , ਮਹਿਤਾ ਤੋਂ ਹੁੰਦੇ ਹੋਏ ਰਾਤ ਬਟਾਲਾ ‘ਚ ਪੁੱਜੇਗਾ। ਪਿਛਲੇ ਸਾਲ ਨਾਲੋਂ ਇਸ ਵਾਰ ਸੰਗਤਾਂ ਵਿਚ ਨਗਰ ਕੀਰਤਨ ਸਜਾਏ ਜਾਣ ਦੀ ਦੁੱਗਣੀ ਖ਼ੁਸ਼ੀ ਪਾਈ ਜਾ ਰਹੀ ਸੀ। ਪਹਿਲਾਂ ਨਾਲੋਂ ਸੰਗਤਾਂ ਦਾ ਸੈਲਾਬ ਵੀ ਵੱਧ ਉਮੜਿਆ ਹੈ।

Comment here