ਸਿਆਸਤਚਲੰਤ ਮਾਮਲੇਮਨੋਰੰਜਨਵਿਸ਼ੇਸ਼ ਲੇਖ

ਗੁਰਦਾਸ ਮਾਨ ਦਾ ਗੀਤ “ਗੱਲ ਸੁਣੋ ਪੰਜਾਬੀ ਦੋਸਤੋ” ਪੰਜਾਬੀਆਂ ਨੂੰ ਭਰਮਾਅ ਨਾ ਸਕਿਆ

ਇੱਕ ਵਾਰ ਫਿਰ ਪੰਜਾਬੀ ਗਾਇਕ ਗੁਰਦਾਸ ਮਾਨ ਆਪਣੇ ਨਵੇਂ ਗੀਤ “ਗੱਲ ਸੁਣੋ ਪੰਜਾਬੀ ਦੋਸਤੋ” ਨਾਲ ਖੂਬ ਚਰਚਾ ਵਿੱਚ ਹੈ। ਉਹਨਾਂ ਨੇ ਅਜਿਹਾ ਗੀਤ ਕਿਉਂ ਗਾਇਆ, ਇਹ ਗੀਤ ਉਨਾਂ ਲਈ ਕਿੰਨਾ ਕੁ ਸਾਜਗਾਰ ਰਹੇਗਾ, ਜਾਂ ਫਿਰ ਪਹਿਲਾਂ ਹੀ ਖੇਤਰੀ ਭਾਸ਼ਾਵਾਂ ਦੇ ਵਿਰੋਧ ਵਿਚ ਭੁਗਤਣ ਕਰਕੇ ਪੰਜਾਬੀਆਂ ਦੀ ਵਿਰੋਧਤਾ ਦਾ ਸ਼ਿਕਾਰ ਹੋਏ ਗੁਰਦਾਸ ਮਾਨ ਨੂੰ ਹੋਰ ਨਵੀਆਂ ਮੁਸ਼ਕਲਾਂ ਖੜੀਆਂ ਕਰੇਗਾ। ਸ਼ੋਸ਼ਲ ਮੀਡੀਆ ਤੇ ਇਸ ਨਵੇਂ ਗੀਤ ਨੂੰ ਲੈ ਕੇ ਬਹੁਤ ਸਾਰੀਆਂ ਪੋਸਟਾਂ ਸਾਂਝੀਆਂ ਹੋ ਰਹੀਆਂ ਹਨ, ਜਿਹਨਾਂ ਦੇ ਮਜਬੂਨ ਤੋਂ ਜਾਪਦਾ ਹੈ ਕਿ ਇੱਕ ਵਾਰ ਫਿਰ ਗੁਰਦਾਸ ਮਾਨ ਖੁਦ ਹੀ ਕਟਿਹਰੇ ਵਿੱਚ ਖੜਾ ਹੋ ਗਿਆ ਹੈ। ਇਸ ਵਿਸ਼ੇ ਉਪਰ ਗੱਲ ਕਰਨੀ ਬਣਦੀ ਹੈ। ਬਿਨਾਂ ਸ਼ੱਕ ਗੁਰਦਾਸ ਮਾਨ ਪੰਜਾਬੀ ਦਾ ਸਭ ਤੋਂ ਵੱਧ ਸੁਣਿਆ ਅਤੇ ਸਤਿਕਾਰਿਆ ਜਾਣ ਵਾਲਾ ਗਾਇਕ ਰਿਹਾ ਹੈ, ਉਹਨਾਂ ਦੀ ਮਕਬੂਲ ਗਾਇਕੀ ਕਾਰਨ ਉਹਨਾਂ ਦੀਆਂ ਪੁਰਾਣੀਆਂ ਗਲਤੀਆਂ ਲੰਮਾ ਸਮਾਂ ਦਬੀਆਂ ਵੀ ਰਹੀਆਂ ਹਨ, ਪ੍ਰੰਤੂ ਉਹਨਾਂ ਵੱਲੋਂ ਕੀਤੀ ਗਈ ਕੇਂਦਰ ਸਰਕਾਰ ਦੇ ਇੱਕ ਰਾਸ਼ਟਰ ਇੱਕ ਭਾਸ਼ਾ ਵਾਲੇ ਫਾਰਮੂਲੇ ਦੀ ਵਕਾਲਤ ਨੇ ਉਹਨਾਂ ਦੀ ਹਰਮਨ-ਪਿਆਰਤਾ ਨੂੰ ਵੱਡੀ ਸੱਟ ਮਾਰੀ ਅਤੇ ਉਹਨਾਂ ਦੇ ਪੰਜ ਦਹਾਕਿਆਂ ਦੇ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਕੀਤੇ ਕਰਾਏ ਤੇ ਪਾਣੀ ਫੇਰ ਦਿੱਤਾ। ਪਾਣੀ ਫਿਰਦਾ ਵੀ ਕਿਉਂ ਨਾ, ਕਿਉਂਕਿ ਗੁਰਦਾਸ ਮਾਨ ਉੱਪਰ ਜਿਸ ਥਾਲੀ ਵਿੱਚ ਖਾਧਾ ਉਹਦੇ ਵਿੱਚ ਹੀ ਛੇਕ ਕਰਨ ਦੇ ਦੋਸ਼ ਹੀ ਨਹੀ ਲੱਗੇ, ਸਗੋਂ ਉਹਨਾਂ ਤੇ ਪਦਾਰਥਵਾਦ ਦੀ ਭੁੱਖ ਕਾਰਨ ਸਥਾਪਤੀ ਦਾ ਪ੍ਰਭਾਵ ਕਬੂਲਦਿਆਂ ਆਪਣੀ ਮਾਂ ਬੋਲੀ ਨਾਲ ਧਰੋਹ ਕਮਾਉਣ ਦੇ ਗੀਦੀ ਦੋਸ਼ ਵੀ ਲੱਗੇ ਹਨ, ਜਿਸ ਕਾਰਨ ਉਹਨਾਂ ਨੂੰ ਥਾਂ-ਥਾਂ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ। ਭਾਵੇਂ ਗੁਰਦਾਸ ਮਾਨ ਪੰਜਾਬੀਆਂ ਦੇ ਮਨਾਂ ਵਿਚੋਂ ਅਮਿਤ ਸਾਹ ਅਤੇ ਨਰੇਂਦਰ ਮੋਦੀ ਦੀਆਂ ਖੁਸ਼ੀਆਂ ਲੈਣ ਖਾਤਰ ਹਿੰਦੀ ਬੋਲੀ ਵਾਲੀ ਟਿੱਪਣੀ ਕਰਨ ਸਮੇਂ ਹੀ ਉੱਤਰ ਗਿਆ ਸੀ, ਪਰ ਅਸਲ ਵਿੱਚ ਉਸ ਮੌਕੇ ਤਾਂ ਉਹ ਹੋਰ ਵੱਡੀ ਨਫਰਤ ਦਾ ਪਾਤਰ ਬਣ ਗਿਆ, ਜਦੋਂ ਕੈਨੇਡਾ ਵਿੱਚ ਇੱਕ ਸ਼ੋਅ ਦੌਰਾਨ ਲੇਖਕ ਤੇ ਸਾਹਿਤਕਾਰ ਭਾਈ ਚਰਨਜੀਤ ਸਿੰਘ ਸੁਜੋਂ ਹੋਰਾਂ ਵੱਲੋਂ ਵਿਰੋਧ ਕੀਤੇ ਜਾਣ ਤੋਂ ਭੜਕੇ ਇਸ ਵੱਡੇ ਪੰਜਾਬੀ ਗਾਇਕ ਨੇ ਬੇਹੱਦ ਨੀਵੇਂ ਦਰਜੇ ਦੀ ਅਸ਼ਲੀਲ ਭਾਸਾ ਦਾ ਇਸਤੇਮਾਲ ਕਰਦਿਆਂ ਸਟੇਜ ਤੋਂ ਗਾਲ ਕੱਢ ਕੇ ਆਪਣਾ ਕਿਰਦਾਰ ਬੌਨਾ ਕਰ ਲਿਆ। ਸਾਡਾ ਸੱਭਿਅਕ ਸਮਾਜ ਕਦੇ ਵੀ ਅਜਿਹੀ ਭੱਦੀ ਸ਼ਬਦਾਵਲੀ ਨੂੰ ਬਰਦਾਸ਼ਤ ਨਹੀਂ ਕਰਦਾ। ਸੋ ਗੁਰਦਾਸ ਮਾਨ ਦੀ ਉਪਰੋਕਤ ਗਲਤੀ ਕਾਰਨ ਜੋ ਦੁਰਦਸ਼ਾ ਹੋਈ, ਉਹ ਦੇ ਲਈ ਖੁਦ ਗੁਰਦਾਸ ਹੀ ਜਿੰਮੇਵਾਰ ਹੈ। ਆਪਣੇ ਵਿਰੋਧ ਨੂੰ ਠੱਲਣ ਖਾਤਰ ਉਹਨਾਂ ਨੇ ਦਿੱਲੀ ਕਿਸਾਨੀ ਅੰਦੋਲਨ ਵਿੱਚ ਵੀ ਸ਼ਿਰਕਤ ਕੀਤੀ ਸੀ ਅਤੇ ਸਟੇਜ ਤੇ ਆਕੇ ਸੰਬੋਧਨ ਕਰਨ ਦੀ ਇੱਛਾ ਜਾਹਿਰ ਕੀਤੀ ਸੀ, ਜਿਸ ਨੂੰ ਸਟੇਜ ਪ੍ਰਬੰਧਕਾਂ ਵੱਲੋਂ ਸਵੀਕਾਰ ਵੀ ਕਰ ਲਿਆ ਗਿਆ ਸੀ, ਪਰ ਅੰਦੋਲਨਕਾਰੀ ਪੰਜਾਬੀਆਂ ਨੇ ਗੁਰਦਾਸ ਮਾਨ ਦਾ ਓਥੇ ਵੀ ਭਾਰੀ ਵਿਰੋਧ ਕੀਤਾ, ਗੁਰਦਾਸ ਮਾਨ ਮੁਰਦਾਬਾਦ ਦੇ ਨਾਹਰਿਆਂ ਨੇ ਧਰਤੀ ਅਸਮਾਨ ਇੱਕ ਕਰ ਦਿੱਤਾ। ਇਸ ਭਾਰੀ ਵਿਰੋਧ ਅੱਗੇ ਝੁਕਦਿਆਂ ਸਟੇਜ ਚਲਾ ਰਹੇ ਕਿਸਾਨ ਆਗੂਆਂ ਨੂੰ ਇਹ ਸਪੱਸ਼ਟੀਕਰਨ ਦੇਣਾ ਪਿਆ ਸੀ ਕਿ ਗੁਰਦਾਸ ਮਾਨ ਨੂੰ ਸਟੇਜ ਤੇ ਬੋਲਣ ਨਹੀਂ ਦਿੱਤਾ ਜਾਵੇਗਾ, ਫਿਰ ਕਿਤੇ ਜਾ ਕੇ ਲੋਕਾਂ ਦਾ ਰੋਹ ਕੁੱਝ ਸ਼ਾਂਤ ਹੋਇਆ ਸੀ। ਗੁਰਦਾਸ ਮਾਨ ਪ੍ਰਤੀ ਲੋਕਾਂ ਵਿੱਚ ਐਨੀ ਨਫਰਤ ਦਾ ਕਾਰਨ ਖੇਤਰੀ ਭਾਸ਼ਾਵਾਂ ਨੂੰ ਖਤਮ ਕਰਨ ਦੀ ਕੇਂਦਰੀ ਨੀਤੀ ‘ਤੇ ਸਹੀ ਪਾਉਣਾ ਅਤੇ ਉਸ ਤੋਂ ਬਾਅਦ ਕਨੇਡਾ ਵਾਲੇ ਸ਼ੋਅ ਦੌਰਾਨ ਵਰਤੀ ਗਈ ਭੱਦੀ ਸ਼ਬਦਾਵਲੀ ਨੂੰ ਮੰਨਿਆ ਜਾ ਰਿਹਾ ਹੈ, ਪਰ ਅਸਲ ਕਾਰਨ ਤਾਂ ਇਹ ਹੈ ਕਿ ਗੁਰਦਾਸ ਮਾਨ ਦਾ ਕੇਂਦਰੀ  ਫੈਸਲੇ ਦੇ ਹੱਕ ਵਿੱਚ ਬੋਲਣ ਤੋਂ ਬਾਅਦ ਸ਼ੋਸ਼ਲ ਮੀਡੀਏ ਨੇ ਗੁਰਦਾਸ ਮਾਨ ਦਾ ਉਹ ਚਿਹਰਾ ਵੀ ਨੰਗਾ ਕਰ ਦਿੱਤਾ, ਜਿਹੜਾ ਉਨਾਂ ਦੀ ਮਕਬੂਲ ਗਾਇਕੀ ਕਾਰਨ ਹੁਣ ਤੱਕ ਢਕਿਅ ਰਿਹਾ ਸੀ। ਉਹਦੇ ਖਿਲਾਫ ਪ੍ਰਚਾਰ ਦਾ ਤੁਫਾਨ ਆ ਗਿਆ। ਉਹ ਸਾਰਾ ਕੁੱਝ ਦਿਸਦਾ ਅਤੇ ਅਣ-ਦਿਸਦਾ ਸਾਹਮਣੇ ਆ ਗਿਆ, ਜਿਸ ਤੋਂ ਬਹੁ ਗਿਣਤੀ ਵਿੱਚ ਪੰਜਾਬੀ ਖਾਸ ਕਰਕੇ ਨਵੀਂ ਪੀਹੜੀ ਦੇ ਗੱਭਰੂ ਅਣਜਾਣ ਸਨ। ਪੰਜਾਬ ਦੀ ਸਿੱਖ ਜੁਆਨੀ ਦੇ ਕਾਤਲ ਕੇ ਪੀ ਐਸ ਗਿੱਲ ਨਾਲ ਯਾਰੀ, ਆਪਣੇ ਗੀਤਾਂ ਵਿਚ ਸ਼ਰਾਬ ਵਰਗੇ ਮਾਰੂ ਨਸ਼ੇ ਦਾ ਪ੍ਰਚਾਰ ਕਰਕੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵੱਲ ਧੱਕਣਾ, ਮਸਤਾਂ ਦੇ ਡੇਰੇ ਤੇ ਜਾ ਕੇ ਚਿਲਮਾਂ ਦੇ ਸੂਟਿਆਂ ਨੂੰ ਉਤਸ਼ਾਹਿਤ ਕਰਨ ਅਤੇ ਖੁਦ ਪੰਜਾਬੀ ਗਾਇਕੀ ਦੇ ਖੇਤਰ ਵਿਚੋਂ ਦਸਤਾਰ ਨੂੰ ਗਾਇਬ ਕਰਨ ਵਰਗੇ ਗੰਭੀਰ ਇਲਜਾਮਾਂ ਦੀ ਜਾਣਕਾਰੀ ਨੇ ਪੰਜਾਬੀਆਂ ਦੇ ਮਨਾਂ ਅੰਦਰ ਗੁਰਦਾਸ ਮਾਨ ਪ੍ਰਤੀ ਪਿਆਰ ਦੀ ਥਾਂ ਨਫਰਤ ਪੈਦਾ ਕਰ ਦਿੱਤੀ। ਭਾਵੇਂ ਗੁਰਦਾਸ ਨੇ ਆਪਣੇ ਨਵੇਂ ਗੀਤ ਦੀ ਭਾਵੁਕ ਸ਼ਬਦਾਵਲੀ ਰਾਹੀਂ ਆਪਣੇ ਮਨ ਦਾ ਬੋਝ ਹਲਕਾ ਕਰਨ ਅਤੇ ਭੋਲੇ ਪੰਜਾਬੀਆਂ ਦੀ ਮਾਨਸਿਕਤਾ ਨੂੰ ਝੰਜੋੜ ਕੇ ਇੱਕ ਵਾਰ ਫਿਰ ਤੋਂ ਹਮਦਰਦੀ ਹਾਸਿਲ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਹੈ, ਪਰ ਸਚਾਈ ਇਹ ਹੈ ਕਿ ਗੁਰਦਾਸ ਮਾਨ ਨੇ ਇੱਕ ਵਾਰ ਫਿਰ ਆਪਣੀ ਪਹਿਲੀ ਗਲਤੀ ਨੂੰ ਮੁੜ ਦੁਹਰਾਇਆ ਹੈ, ਬਲਕਿ ਉਹਨੇ ਇੱਕ ਵਾਰ ਫਿਰ ਕੇਂਦਰ ਦੇ ਸੂਬਿਆਂ ‘ਤੇ ਮੱਲੋ-ਜੋਰੀ ਹਿੰਦੀ ਥੋਪਣ ਦੇ  ਫੈਸਲੇ ਨੂੰ ਜਾਇਜ਼ ਠਹਿਰਾ ਕੇ ਪੰਜਾਬੀਆਂ ਦੇ ਜ਼ਖਮ ਤੇ ਇੱਕ ਵਾਰ ਫਿਰ ਲੂਣ ਛਿੜਕਣ ਵਾਲੀ ਗਲਤੀ ਕਰ ਲਈ ਹੈ। ਗੁਰਦਾਸ ਮਾਨ ਆਪਣੇ ਇਸ ਨਵੇਂ ਗੀਤ ਵਿਚ ਜਿਥੇ ਆਪਣੀ ਪੰਜ ਦਹਾਕਿਆਂ ਦੀ ਪੇਸ਼ੇਵਰ ਪੰਜਾਬੀ ਗਾਇਕੀ ਦਾ ਅਹਿਸਾਨ ਕਰਦਾ ਹੈ, ਓਥੇ ਉਹਦੇ ਵੱਲੋਂ ਆਪਣੇ ਖਿਲਾਫ ਹੋਏ ਵਿਰੋਧ ਪ੍ਰਦਰਸ਼ਨਾਂ ਦੇ ਵੀਡੀਓ ਕਲਿੱਪ ਅਤੇ ਗਾਲ ਦਾ ਜਵਾਬ ਗਾਲ ਵਿਚ ਦੇਣ ਵਾਲੀ ਵੀਡੀਓ ਕਲਿੱਪ ਪਾ ਕੇ ਪੰਜਾਬੀਆਂ ਨੂੰ ਚਿੜਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨੇ ਆਪਣੇ ਨਵੇਂ ਗੀਤ ਰਾਹੀਂ ਹਿੰਦੀ ਪੱਖੀ ਫੈਸਲੇ ਤੇ ਦੁਬਾਰਾ ਫਿਰ ਤੋਂ ਸਹੀ ਪਾ ਕੇ ਕੈਨੇਡਾ ਵਾਲੇ ਸ਼ੋਅ ਵਿੱਚ ਕੱਢੀ ਗਈ ਭੱਦੀ ਅਤੇ ਅਸ਼ਲੀਲ ਗਾਲ ਨੂੰ ਵੀ ਜਾਇਜ ਠਹਿਰਾ ਦਿੱਤਾ ਹੈ। ਗੁਰਦਾਸ ਮਾਨ ਦਾ ਹੰਕਾਰ ਇਸ ਭਾਵੁਕ ਗੀਤ ਵਿੱਚ ਵੀ ਸਿਰ ਚੜਕੇ ਬੋਲਦਾ ਸਪੱਸ਼ਟ ਦੇਖਿਆ ਸੁਣਿਆ ਜਾ ਸਕਦਾ ਹੈ, ਜਦੋਂ ਉਹ ਕਹਿੰਦਾ ਹੈ ਕਿ ਮੈਨੂੰ ਕਿਉਂ ਨਾ ਗੁੱਸਾ ਆਂਵਦਾ ਤੇ ਕਿਉਂ ਨਾ ਨਿਕਲਦੀ ਗਾਲ, ਇਸ ਤੋ ਅੱਗੇ ਵੀ ਉਹ ਆਪਣੀ ਗਲਤੀ ਮੰਨਣ ਦੀ ਬਜਾਏ ਆਪਣੀ ਮਾਂ ਦੇ ਮੂੰਹੋਂ ਇਹ ਅਖਵਾ ਕੇ ਆਪਣੇ ਆਪ ਨੂੰ ਬਰੀ ਕਰ ਦਿੰਦਾ ਹੈ ਕਿ ਇਹ ਤਾਂ ‘‘ਹੋਣੀ’’ ਸੀ ਅਤੇ ਹੋਣੀ ਨੂੰ ਕੋਈ ਟਾਲ ਨਹੀ ਸਕਦਾ। ਇਹਨਾਂ ਸਤਰਾਂ ਨੂੰ ਧਿਆਨ ਨਾਲ ਸੁਣੋ ਤਾਂ ਸਮਝ ਅਵੇਗਾ ਕਿ ਗੁਰਦਾਸ ਮਾਨ ਇਸ ਸਾਰੇ ਘਟਨਾਕ੍ਰਮ ਤੋ ਨਾ ਹੀ ਕੋਈ ਸਬਕ ਸਿੱਖਣਾ ਚਾਹੁੰਦਾ ਹੈ, ਬਲਕਿ ਉਹ ਇਸ ਵਰਤਾਰੇ ਨੂੰ ਹੋਣੀ ਜਾਂ ਸਾਜਿਸ਼ਦੀ ਸੰਗਿਆ ਦੇ ਕੇ ਬੜੀ ਸਾਫ ਗੋਈ ਦੇ ਨਾਲ ਪੰਜਾਬੀਆਂ ਨੂੰ ਭਾਵੁਕ ਨਹੋਰਾ ਮਾਰ ਕੇ ਆਪਣੀ ਖੁੱਸੀ ਹੋਈ ਥਾਂ ਮੁੜ ਤੋਂ ਮੱਲ ਲੈਣ ਦੇ ਯਤਨਾਂ ਵਿੱਚ ਹੈ, ਪ੍ਰੰਤੂ ਇਹ ਸਪੱਸ਼ਟ ਹੈ ਕਿ ਗੁਰਦਾਸ ਮਾਨ ਦਾ ਇਹ ਗੀਤ ਉਨਾਂ ਲਈ ਹਮਦਰਦੀ ਬਟੋਰਨ ਦੀ ਬਜਾਏ ਉਨਾਂ ਨੂੰ ਪੰਜਾਬੀਆਂ ਦੀ ਹੋਰ ਨਫਰਤ ਦਾ ਪਾਤਰ ਬਣਾਉਣ ਦਾ ਜ਼ਿੰਮੇਵਾਰ ਬਣੇਗਾ।
-ਬਘੇਲ ਸਿੰਘ ਧਾਲੀਵਾਲ

Comment here