ਸਿਆਸਤਖਬਰਾਂਚਲੰਤ ਮਾਮਲੇ

ਗੁਰਦਾਸਪੁਰ 2024 ਚੋਣਾਂ-ਨਵੇਂ ਚਿਹਰੇ ਦੀ ਭਾਲ ‘ਚ ਭਾਜਪਾ

ਨਵੀਂ ਦਿੱਲੀ-ਪਿਛਲੇ ਦੋ ਸਾਲਾਂ ਤੋਂ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਆਪਣੇ ਹਲਕੇ ਵਿਚ ਨਜ਼ਰ ਨਹੀਂ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਹੁਣ 2024 ਦੀਆਂ ਲੋਕ ਸਭਾ ਚੋਣਾਂ ਲੜਨ ਦਾ ਇੱਛੁਕ ਨਹੀਂ ਹਨ। ਦੂਸਰਾ ਕਾਰਨ ਇਹ ਵੀ ਹੈ ਕਿ ਉਨ੍ਹਾਂ ਨੂੰ ਵੋਟ ਪਾਉਣ ਵਾਲੇ ਲੋਕ ਹਲਕੇ ਤੋਂ ਗੈਰਹਾਜ਼ਰ ਰਹਿਣ ਕਾਰਨ ਨਿਰਾਸ਼ ਹਨ। ਇਸੇ ਕਾਰਨ ਹੁਣ ਭਾਜਪਾ ਨੇ ਉਨ੍ਹਾਂ ਦੀ ਥਾਂ ਨਵੇਂ ਚਿਹਰੇ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੇ ਸਹਿਯੋਗੀਆਂ ਦਾ ਕਹਿਣਾ ਹੈ ਕਿ ਉਹ ਬਾਲੀਵੁੱਡ ਦੇ ਰੁਝੇਵਿਆਂ ਕਾਰਨ ਉਹ ਸਿਆਸੀ ਮੈਦਾਨ ਛੱਡਣਾ ਚਾਹੁੰਦੇ ਹਨ।
ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਕਈ ਨਵੇਂ ਚਿਹਰੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸਾਬਕਾ ਸੰਸਦ ਮੈਂਬਰ ਸੁਨੀਲ ਜਾਖੜ ਦਾ ਨਾਂ ਵੀ ਗੁਰਦਾਸਪੁਰ ਤੋਂ ਚੋਣ ਲੜਨ ਲਈ ਸੁਰਖੀਆਂ ਵਿਚ ਹੈ।
ਉਹ ਗੁਰਦਾਸਪੁਰ ਦੇ ਸੰਸਦ ਮੈਂਬਰ ਵਜੋਂ 18 ਮਹੀਨੇ ਸੇਵਾ ਕਰ ਚੁੱਕੇ ਹਨ। ਸਾਲ 2017 ‘ਚ ਅਦਾਕਾਰ ਤੋਂ ਸਿਆਸਤਦਾਨ ਬਣੇ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਇਸ ਸੀਟ ਉਤੇ ਉਪ ਚੋਣ ਹੋਈ ਸੀ। ਇਸ ਵਿਚ ਉਹ ਕਾਂਗਰਸੀ ਉਮੀਦਵਾਰ ਵਜੋਂ 1,93,219 ਵੋਟਾਂ ਨਾਲ ਜੇਤੂ ਰਹੇ।
ਭਾਜਪਾ ਦੇ ਇਕ ਸੀਨੀਅਰ ਨੇਤਾ ਦਾ ਕਹਿਣਾ ਹੈ ਕਿ ਜਦੋਂ ਉਮੀਦਵਾਰਾਂ ਦੇ ਨਾਵਾਂ ‘ਤੇ ਚਰਚਾ ਹੋਵੇਗੀ ਤਾਂ ਸੰਸਦ ਮੈਂਬਰ ਵਜੋਂ ਉਨ੍ਹਾਂ ਦਾ 18 ਮਹੀਨਿਆਂ ਦਾ ਲੰਬਾ ਤਜਰਬਾ ਉਨ੍ਹਾਂ ਨੂੰ ਚੰਗੀ ਸਥਿਤੀ ਵਿਚ ਲਿਆਵੇਗਾ। ਹਾਲਾਂਕਿ 2019 ਦੀਆਂ ਚੋਣਾਂ ਵਿੱਚ ਉਹ ਹਾਰ ਗਏ ਸਨ। ਕਾਦੀਆਂ ਦੇ ਸਾਬਕਾ ਵਿਧਾਇਕ ਫਤਿਹ ਜੰਗ ਬਾਜਵਾ ਦਾ ਨਾਂ ਵੀ ਚਰਚਾ ‘ਚ ਹੈ।
ਪਠਾਨਕੋਟ ਤੋਂ ਮੌਜੂਦਾ ਵਿਧਾਇਕ ਅਸ਼ਵਨੀ ਸ਼ਰਮਾ ਤੇ ਸਾਬਕਾ ਮੇਅਰ ਅਨਿਲ ਵਾਸੂਦੇਵ ਵੀ ਚਰਚਾ ਵਿਚ ਹਨ। ਸਿਆਸੀ ਵਿਸ਼ਲੇਸ਼ਕ ਡਾ. ਸਮਰੇਂਦਰ ਸ਼ਰਮਾ ਦੇ ਹਵਾਲੇ ਨਾਲ ਮੀਡੀਆ ਰਿਪੋਰਟ ‘ਚ ਕਿਹਾ ਗਿਆ ਹੈ ਕਿ ਜੇਕਰ ਸ਼ਰਮਾ ਨੇ ਟਿਕਟ ਲਈ ਦਾਅਵਾ ਪੇਸ਼ ਕਰਨਾ ਹੈ ਤਾਂ ਉਨ੍ਹਾਂ ਨੂੰ ਜਾਟ-ਸਿੱਖ ਬਹੁਲ ਸੀਟਾਂ ਉਤੇ ਆਪਣੀ ਪਹੁੰਚ ਵਧਾਉਣੀ ਪਵੇਗੀ।ਇੱਕ ਪੇਸ਼ੇਵਰ ਸੀਏ, ਵਿਦਵਾਨ ਵਾਸੂਦੇਵ ਨੂੰ ਪਾਰਟੀ ਦੇ ਪੜ੍ਹੇ-ਲਿਖੇ ਚਿਹਰੇ ਵਜੋਂ ਦੇਖਿਆ ਜਾਂਦਾ ਹੈ। ਉਹ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ। ਭਾਜਪਾ ਨੇਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਨਵੀਂ ਦਿੱਲੀ ਵਿਚ ਵੱਡੇ ਨੇਤਾਵਾਂ ਨਾਲ ਵਧੀਆ ਤਾਲਮੇਲ ਹੈ। ਗੁਰਦਾਸਪੁਰ ਦੀਆਂ ਨੌਂ ਵਿਧਾਨ ਸਭਾ ਸੀਟਾਂ ਵਿੱਚੋਂ ਛੇ ਉਤੇ ਜੱਟ-ਸਿੱਖਾਂ ਦਾ ਦਬਦਬਾ ਹੈ।

Comment here