ਅਪਰਾਧਸਿਆਸਤਖਬਰਾਂ

ਗੁਟਕਾ ਸਾਹਿਬ ਦੀ ਛਪਾਈ ਕਰਨ ਵਾਲੇ ਚਤਰ ਸਿੰਘ ਜੀਵਨ ਸਿੰਘ ’ਤੇ ਲੱਗੇ ਬੇਅਦਬੀ ਦੇ ਦੋਸ਼

ਅੰਮ੍ਰਿਤਸਰ-ਅੰਮ੍ਰਿਤਸਰ ਵਿਖੇ ਗੁਟਕਾ ਸਾਹਿਬ ਦੀ ਛਪਾਈ ਕਰਨ ਵਾਲੇ ਚਤਰ ਸਿੰਘ ਜੀਵਨ ਸਿੰਘ ਖ਼ਿਲਾਫ਼ ਸਿੱਖ ਜਥੇਬੰਦੀਆਂ ਨੇ ਸ਼ਿਕਾਇਤ ਦਰਜ ਕਰਵਾਈ ਹੈ। ਇਸ ਮੌਕੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮਨਜੀਤ ਸਿੰਘ ਝਬਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਚਤਰ ਸਿੰਘ ਜੀਵਨ ਸਿੰਘ ਵੱਲੋਂ ਜਿੱਥੇ ਗੁਟਕਾ ਸਾਹਿਬ ਦੀ ਛਪਾਈ ਕੀਤੀ ਜਾਂਦੀ ਹੈ ਉਸ ਥਾਂ ’ਤੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋ ਰਹੀ ਹੈ।
ਇਹ ਜਾਣਕਾਰੀ ਉਸੇ ਜਗ੍ਹਾ ’ਤੇ ਕੰਮ ਕਰਨ ਵਾਲੇ ਵਿਅਕਤੀ ਨੇ ਦਿੱਤੀ ਜਿਸ ’ਤੇ ਸਮੂਹ ਸਿੱਖ ਜਥੇਬੰਦੀਆਂ ਨੇ ਥਾਣਾ ਬੀ-ਡਵੀਜ਼ਨ ਦੇ ਇੰਚਾਰਜ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਸ਼ਿਕਾਇਤ ਵਿਚ ਕਿਹਾ ਕਿ ਜਿਸ ਜਗ੍ਹਾ ’ਤੇ ਧਾਰਮਿਕ ਗ੍ਰੰਥਾਂ ਦੀ ਛਪਾਈ ਕੀਤੀ ਜਾਂਦੀ ਹੈ ਉੱਥੇ ਤੰਬਾਕੂ ਅਤੇ ਹੋਰ ਨਸ਼ੀਲੇ ਪਦਾਰਥਾਂ ਦਾ ਸੇਵਨ ਕੀਤਾ ਜਾਂਦਾ ਹੈ।ਜਦੋਂ ਇਸ ਸਬੰਧੀ ਥਾਣਾ ਇੰਚਾਰਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਤਿਕਾਰ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਦੇ ਲੋਕ ਸ਼ਿਕਾਇਤ ਲੈ ਕੇ ਆਏ ਸਨ ਕਿ ਗੁਟਕਾ ਸਾਹਿਬ ਦੀ ਬੇਅਦਬੀ ਹੋ ਰਹੀ ਹੈ ਜਿਸ ’ਤੇ ਅਸੀਂ ਪ੍ਰਿੰਟਿੰਗ ਪ੍ਰੈਸ ਵਿੱਚ ਆ ਕੇ ਇਸ ਦੀ ਪੂਰੀ ਵੀਡੀਓਗ੍ਰਾਫੀ ਕਰਵਾਈ ਹੈ। ਉਨ੍ਹਾਂ ਕਿਹਾ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭਾਈ ਚਤਰ ਸਿੰਘ ਜੀਵਨ ਸਿੰਘ ਦੀ ਪ੍ਰੈੱਸ ਦੇ ਮਸਲੇ ’ਤੇ ਪੈਦਾ ਹੋਏ ਵਿਵਾਦ ਦੀ ਜਾਂਚ ਕਰਨ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਗੁਟਕਾ ਸਾਹਿਬ, ਧਾਰਮਿਕ ਪੋਥੀਆਂ ਅਤੇ ਹੋਰ ਧਾਰਮਿਕ ਲਿਟਰੇਚਰ ਦੀ ਛਪਾਈ ਕਰਨ ਵਾਲੀਆਂ ਸਾਰੀਆਂ ਪ੍ਰੈੱਸਾਂ ਸਮੇਤ ਗੋਲਡਨ ਆਫਸੈੱਟ ਪ੍ਰੈੱਸ ਦੀ ਮੌਕੇ ’ਤੇ ਜਾ ਕੇ ਸਤਿਕਾਰ ਅਤੇ ਸਾਂਭ-ਸੰਭਾਲ ਸਬੰਧੀ ਹੋ ਰਹੀਆਂ ਤਰੁੱਟੀਆਂ ਬਾਰੇ ਨਿਰੀਖਣ ਕਰ ਕੇ ਆਪਣੀ ਰਿਪੋਰਟ ਦਫ਼ਤਰ ਸਕੱਤਰੇਤ ਅਕਾਲ ਤਖ਼ਤ ਸਾਹਿਬ ਵਿਖੇ ਦਸ ਦਿਨਾਂ ਦੇ ਅੰਦਰ-ਅੰਦਰ ਭੇਜਣ ਲਈ ਕਿਹਾ ਹੈ।

Comment here