ਜਾਮਨਗਰ-ਗੁਜਰਾਤ ਵਿਧਾਨ ਸਭਾ ਚੋਣਾਂ ਨੂੰ ਲੈਕੇ ਸਿਆਸਤ ਗਰਮ ਹੈ। ਗੁਜਰਾਤ ਦੀ ਜਾਮਨਗਰ ਉੱਤਰੀ ਸੀਟ ਤੋਂ ਕਾਂਗਰਸ ਉਮੀਦਵਾਰ ਲਈ ਵੋਟ ਦੀ ਅਪੀਲ ਦੀ ਵੀਡੀਓ ਕਲਿੱਪ ਵਾਇਰਲ ਹੋਈ ਹੈ। ਇਹ ਅਪੀਲ ਕ੍ਰਿਕਟਰ ਰਵਿੰਦਰ ਸਿੰਘ ਜਡੇਜਾ ਦੇ ਪਿਤਾ ਅਨਿਰੁਧ ਸਿੰਘ ਜਡੇਜਾ ਕਰ ਰਹੇ ਹਨ। ਇਹ ਅਪੀਲ ਸਾਰਿਆਂ ਲਈ ਹੈਰਾਨੀ ਕਰਨ ਵਾਲੀ ਹੈ, ਕਿਉਂਕਿ ਕ੍ਰਿਕਟਰ ਦੀ ਪਤਨੀ ਰਿਵਾਬਾ ਜਡੇਜਾ ਉਸੇ ਸੀਟ ਤੋਂ ਭਾਜਪਾ ਦੀ ਉਮੀਦਵਾਰ ਹੈ। ਉਕਤ ਵੀਡੀਓ ’ਚ ਅਨਿਰੁਧ ਸਿੰਘ ਜਡੇਜਾ ਨੇ ਅਪੀਲ ਕੀਤੀ, ‘ਮੈਂ ਅਨਿਰੁਧ ਸਿੰਘ ਜਡੇਜਾ ਕਾਂਗਰਸ ਉਮੀਦਵਾਰ ਬਿਪੇਂਦਰ ਸਿੰਘ ਜਡੇਜਾ ਨੂੰ ਵੋਟ ਪਾਉਣ ਦੀ ਅਪੀਲ ਕਰ ਰਿਹਾ ਹਾਂ। ਉਹ ਮੇਰੇ ਛੋਟੇ ਭਰਾ ਵਾਂਗ ਹੈ। ਮੈਂ ਖ਼ਾਸ ਤੌਰ ’ਤੇ ਰਾਜਪੂਤ ਵੋਟਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਬਿਪੇਂਦਰ ਸਿੰਘ ਨੂੰ ਵੋਟ ਦੇਣ।’
ਕ੍ਰਿਕਟਰ ਰਵਿੰਦਰ ਸਿੰਘ ਜਡੇਜਾ ਜਾਮਨਗਰ ਸ਼ਹਿਰ ’ਚ ਆਪਣੀ ਪਤਨੀ ਲਈ ਚੋਣ ਪ੍ਰਚਾਰ ’ਚ ਰੁੱਝੇ ਹੋਏ ਹਨ ਅਤੇ ਉਹ ਜਾਮਨਗਰ ਅਤੇ ਦੇਵਭੂਮੀ ਦਵਾਰਕਾ ਜ਼ਿਲ੍ਹੇ ’ਚ ਭਾਜਪਾ ਉਮੀਦਵਾਰਾਂ ਲਈ ਵੀ ਪ੍ਰਚਾਰ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸੇ ਸੀਟ ’ਤੇ ਰਵਿੰਦਰ ਸਿੰਘ ਜਡੇਜਾ ਦੀ ਭੈਣ ਨੈਨਾਬਾ ਜਡੇਜਾ ਚੋਣ ਲੜਨ ਦੀ ਇੱਛੁਕ ਸੀ ਅਤੇ ਉਹ ਕਾਂਗਰਸ ਦੀ ਪੈਨਲ ਸੂਚੀ ’ਚ ਸੀ ਪਰ ਜਿਸ ਪਲ ਭਾਜਪਾ ਨੇ ਰਿਵਾਬਾ ਜਡੇਜਾ ਦੇ ਨਾਂ ਦਾ ਐਲਾਨ ਕੀਤਾ, ਕਾਂਗਰਸ ਨੇ ਨੈਨਾਬਾ ਨੂੰ ਹਟਾ ਕੇ ਬਿਪੇਂਦਰ ਸਿੰਘ ਨੂੰ ਨਾਮਜ਼ਦ ਕੀਤਾ। ਨੈਨਾਬਾ ਕਾਂਗਰਸ ਉਮੀਦਵਾਰ ਲਈ ਜ਼ੋਰਦਾਰ ਢੰਗ ਨਾਲ ਪ੍ਰਚਾਰ ਕਰ ਰਹੀ ਹੈ ਅਤੇ ਆਪਣੀ ਭਰਜਾਈ ’ਤੇ ਹਮਲਾ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਹੀ ਹੈ।
Comment here