ਸਿਆਸਤਖਬਰਾਂਵਿਸ਼ੇਸ਼ ਲੇਖ

ਗੁਆਂਢੀ ਸੂਬਿਆਂ ’ਚ ਸਭ ਤੋਂ ਵੱਧ ਪੜ੍ਹੇ-ਲਿਖੇ ਮੁੱਖ ਮੰਤਰੀ ਹਨ ਚੰਨੀ

ਉੱਤਰ ਭਾਰਤ ਦੇ 7 ਸੂਬਿਆਂ ਹਰਿਆਣਾ, ਪੰਜਾਬ, ਰਾਜਸਥਾਨ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਦਿੱਲੀ ਦੇ ਮੌਜੂਦਾ ਮੁੱਖ ਮੰਤਰੀਆਂ ਦੀ ਗੱਲ ਕਰੀਏ ਤਾਂ ਕੁਝ ਦਿਨ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਸੰਭਾਲਣ ਵਾਲੇ ਚਰਨਜੀਤ ਸਿੰਘ ਚੰਨੀ, ਜਿਥੇ ਇਨ੍ਹਾਂ ਸੂਬਿਆਂ ’ਚ ਇਕਲੌਤੇ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਮੁੱਖ ਮੰਤਰੀ ਹਨ ਤਾਂ ਉਥੇ ਉਹ ਉਕਤ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਮੁਕਾਬਲੇ ਸਭ ਤੋਂ ਵੱਧ ਪੜ੍ਹੇ-ਲਿਖੇ ਵੀ ਹਨ।
ਇਨ੍ਹਾਂ ਸੂਬਿਆਂ ਦੇ ਮੁੱਖ ਮੰਤਰੀਆਂ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਿੱਖਿਆ ’ਚ ਦੂਜੇ ਸਥਾਨ ’ਤੇ ਆਉਂਦੇ ਹਨ ਤਾਂ ਉਥੇ ਹੀ ਸਭ ਤੋਂ ਛੋਟੀ ਉਮਰ ਦੇ ਮੁੱਖ ਮੰਤਰੀ ਉੱਤਰਾਖੰਡ ਦੇ ਪੁਸ਼ਕਰ ਧਾਮੀ ਹਨ, ਜਿਨ੍ਹਾਂ ਦੀ ਉਮਰ 46 ਸਾਲ ਹੈ। 58 ਸਾਲ ਦੇ ਚਰਨਜੀਤ ਸਿੰਘ ਚੰਨੀ ਗ੍ਰੈਜੁਏਟ ਅਤੇ ਐੱਲ. ਐੱਲ. ਬੀ. ਡਿਗਰੀ ਹੋਲਡਰ ਹਨ। ਉਨ੍ਹਾਂ ਐੱਮ. ਬੀ. ਏ. ਵੀ ਕੀਤੀ ਹੋਈ ਹੈ ਤੇ ਨਾਲ ਹੀ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੀ. ਐੱਚ. ਡੀ. ਵੀ ਕਰ ਰਹੇ ਹਨ। ਉਨ੍ਹਾਂ ਦੀ ਪੀ. ਐੱਚ. ਡੀ. ਡਿਗਰੀ ਦਾ ਇਹ ਆਖਰੀ ਸਾਲ ਹੈ ਅਤੇ ਛੇਤੀ ਹੀ ਉਹ ਚਰਨਜੀਤ ਸਿੰਘ ਚੰਨੀ ਤੋਂ ਡਾ. ਚਰਨਜੀਤ ਸਿੰਘ ਚੰਨੀ ਹੋ ਜਾਣਗੇ। ਚੰਨੀ ਤੋਂ ਇਲਾਵਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਉੱਚ ਸਿੱਖਿਅਤ ਮੁੱਖ ਮੰਤਰੀ ਹਨ। ਕੇਜਰੀਵਾਲ ਤਾਂ ਇੰਡੀਅਨ ਰੈਵੇਨਿਊ ਸਰਵਿਸ ’ਚ ਰਹੇ ਹਨ ਅਤੇ ਬੀ. ਟੈੱਕ ਡਿਗਰੀ ਹੋਲਡਰ ਹਨ। ਉੱਤਰ ਭਾਰਤ ਦੇ ਇਨ੍ਹਾਂ ਸੂਬਿਆਂ ’ਚ ਉੱਤਰਾਖੰਡ ਦੇ ਮੌਜੂਦਾ ਮੁੱਖ ਮੰਤਰੀ ਪੁਸ਼ਕਰ ਧਾਮੀ ਹੋਰ ਮੁੱਖ ਮੰਤਰੀਆਂ ਦੇ ਮੁਕਾਬਲੇ ਸਭ ਤੋਂ ਘੱਟ ਉਮਰ ਦੇ ਹਨ।
46 ਸਾਲਾਂ ਦੇ ਧਾਮੀ ਨੂੰ ਇਸੇ ਸਾਲ ਜੁਲਾਈ ’ਚ ਉੱਤਰਾਖੰਡ ਦਾ ਮੁੱਖ ਮੰਤਰੀ ਬਣਾਇਆ ਗਿਆ ਸੀ ਤਾਂ ਉਥੇ ਹੀ ਇਨ੍ਹਾਂ ਸੂਬਿਆਂ ’ਚੋਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਸਭ ਤੋਂ ਵੱਧ ਉਮਰ ਦੇ ਸੀ. ਐੱਮ. ਹਨ। ਉਨ੍ਹਾਂ ਦੀ ਉਮਰ 70 ਸਾਲਾਂ ਦੀ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ 7ਸੂਬਿਆਂ ਦੇ ਮੁੱਖ ਮੰਤਰੀਆਂ ’ਚੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅਜਿਹੇ ਸੀ. ਐੱਮ. ਹਨ, ਜੋ ਸਭ ਤੋਂ ਲੰਬੇ ਸਮੇਂ ਤੋਂ ਲਗਾਤਾਰ ਇਸ ਅਹੁਦੇ ’ਤੇ ਬਣੇ ਹੋਏ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਦੀ 7 ਦਹਾਕਿਆਂ ਤੋਂ ਲੰਬੀ ਸਿਆਸੀ ਯਾਤਰਾ ’ਚ ਚਰਨਜੀਤ ਸਿੰਘ ਚੰਨੀ ਦੇ ਰੂਪ ’ਚ ਅਨੁਸੂਚਿਤ ਜਾਤੀ ਭਾਈਚਾਰੇ ਤੋਂ ਪਹਿਲਾ ਮੁੱਖ ਮੰਤਰੀ ਪੰਜਾਬ ਨੂੰ ਮਿਲਿਆ ਹੈ। ਹਾਲਾਂਕਿ ਪੰਜਾਬ ਦੇ ਨਾਲ ਲੱਗਦੇ ਗੁਆਂਢੀ ਸੂਬਿਆਂ ਹਰਿਆਣਾ ਅਤੇ ਰਾਜਸਥਾਨ ’ਚ ਵੀ ਅਜੇ ਤੱਕ ਕਿਸੇ ਅਨੁਸੂਚਿਤ ਜਾਤੀ ਦੇ ਵਿਅਕਤੀ ਨੂੰ ਸੀ. ਐੱਮ. ਬਣਨ ਦਾ ਮੌਕਾ ਨਹੀਂ ਮਿਲਿਆ ਹੈ। ਪੰਜਾਬ ’ਚ ਆਜ਼ਾਦੀ ਤੋਂ ਪਹਿਲਾਂ ਸਾਲ 1937 ’ਚ ਪਹਿਲੀ ਵਾਰ ਚੋਣਾਂ ਹੋਈਆਂ ਅਤੇ ਉਸ ਸਮੇਂ ਸਿਕੰਦਰ ਹਯਾਤ ਖਾਨ ਪੰਜਾਬ ਦੇ ਸੀ. ਐੱਮ. ਬਣੇ। ਆਜ਼ਾਦੀ ਤੋਂ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ’ਚ 1947 ’ਚ ਗੋਪੀਚੰਦ ਭਾਰਗਵ ਮੁੱਖ ਮੰਤਰੀ ਬਣੇ।
46 ਸਾਲਾਂ ਦੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਧਾਮੀ ਲਖਨਊ ਯੂਨੀਵਰਸਿਟੀ ਤੋਂ ਗ੍ਰੈਜੁਏਟ ਹਨ। ਪੁਸ਼ਕਰ ਇਸ ਤੋਂ ਪਹਿਲਾਂ ਸਾਲ 2001 ’ਚ ਉੱਤਰਾਖੰਡ ਦੇ ਤਤਕਾਲੀ ਮੁੱਖ ਮੰਤਰੀ ਦੇ ਓ. ਐੱਸ. ਡੀ. ਰਹਿ ਚੁੱਕੇ ਹਨ। ਰਾਜਸਥਾਨ ਦੇ ਮੁੱਖ ਮੰਤਰੀ 70 ਸਾਲਾ ਅਸ਼ੋਕ ਗਹਿਲੋਤ ਸਭ ਤੋਂ ਬਜੁਰਗ ਸੀ. ਐੱਮ. ਹਨ ਅਤੇ ਉਹ ਵੀ ਗ੍ਰੈਜੁਏਟ ਹਨ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ 55 ਸਾਲਾ ਜੈਰਾਮ ਠਾਕੁਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐੱਮ. ਏ. ਕਰ ਚੁੱਕੇ ਹਨ ਤਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਗ੍ਰੈਜੁਏਟ ਡਿਗਰੀਧਾਰੀ ਹਨ।
ਉੱਤਰ ਭਾਰਤ ਦੇ ਉਕਤ ਸੂਬਿਆਂ ਦੀ ਗੱਲ ਕਰੀਏ ਤਾਂ ਹਰਿਆਣਾ ਦੇ ਮੁੱਖ ਮੰਤਰੀ 67 ਸਾਲਾ ਮਨੋਹਰ ਲਾਲ ਖੱਟੜ ਉਕਤ ਮੁੱਖ ਮੰਤਰੀਆਂ ਦੇ ਮੁਕਾਬਲੇ ਲਗਾਤਾਰ ਲੰਬੇ ਸਮੇਂ ਤੋਂ ਮੁੱਖ ਮੰਤਰੀ ਅਹੁਦੇ ’ਤੇ ਬਣੇ ਹੋਏ ਹਨ। ਉਹ 2014 ਤੋਂ 2019 ਤੱਕ 5 ਸਾਲਾਂ ਤੱਕ ਅਤੇ ਉਸ ਤੋਂ ਬਾਅਦ ਅਕਤੂਬਰ 2019 ਤੋਂ ਹੁਣ ਤੱਕ ਲਗਭਗ 2 ਸਾਲਾਂ ਤੋਂ ਮੁੱਖ ਮੰਤਰੀ ਦੀ ਕੁਰਸੀ ’ਤੇ ਹਨ। ਇਸ ਤਰ੍ਹਾਂ ਉਹ ਲਗਭਗ 7 ਸਾਲਾਂ ਤੋਂ ਇਸ ਅਹੁਦੇ ’ਤੇ ਹਨ ਅਤੇ ਇਨ੍ਹਾਂ ਤੋਂ ਬਾਅਦ ਉੱਤਰ ਭਾਰਤ ਦੇ ਇਨ੍ਹਾਂ ਮੁੱਖ ਮੰਤਰੀਆਂ ’ਚੋਂ ਲੰਬੇ ਸਮੇਂ ਤੋਂ ਮੁੱਖ ਮੰਤਰੀ ਅਹੁਦੇ ’ਤੇ ਬਣੇ ਰਹਿਣ ਦਾ ਰਿਕਾਰਡ ਦਿੱਲੀ ਦੇ ਮੁੱਖ ਮੰਤਰੀ 53 ਸਾਲਾ ਅਰਵਿੰਦ ਕੇਜਰੀਵਾਲ ਦੇ ਨਾਂ ’ਤੇ ਹੈ। ਉਹ ਆਪਣੇ 3 ਕਾਰਜਕਾਲਾਂ ਨੂੰ ਮਿਲਾ ਕੇ ਲਗਭਗ 6 ਸਾਲ 269 ਦਿਨਾਂ ਤੋਂ ਦਿੱਲੀ ਦੇ ਸੀ. ਐੱਮ. ਹਨ।
ਇਸੇ ਤਰ੍ਹਾਂ ਨਾਲ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ 17 ਦਸੰਬਰ 2018 ਤੋਂ ਮੁੱਖ ਮੰਤਰੀ ਹਨ। ਇਸ ਤੋਂ ਪਹਿਲਾਂ ਵੀ 70 ਸਾਲਾ ਗਹਿਲੋਤ 1998 ਤੋਂ 2004 ਅਤੇ 2008 ਤੋਂ 2013 ਤੱਕ ਮੁੱਖ ਮੰਤਰੀ ਰਹਿ ਚੁੱਕੇ ਹਨ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ 19 ਮਾਰਚ 2017 ਨੂੰ ਮੁੱਖ ਮੰਤਰੀ ਬਣੇ ਸਨ। 49 ਸਾਲਾਂ ਦੇ ਯੋਗੀ ਉਦੋਂ ਤੋਂ ਯੂ. ਪੀ. ਦੇ ਮੁੱਖ ਮੰਤਰੀ ਹਨ। ਉੱਧਰ 46 ਸਾਲਾਂ ਦੇ ਪੁਸ਼ਕਰ ਧਾਮੀ ਨੂੰ ਇਸੇ ਸਾਲ ਜੁਲਾਈ ’ਚ ਉੱਤਰਾਖੰਡ ਦੇ ਮੁੱਖ ਮੰਤਰੀ ਦੀ ਕਮਾਨ ਸੌਂਪੀ ਗਈ ਸੀ, ਜਦਕਿ 58 ਸਾਲਾ ਚਰਨਜੀਤ ਸਿੰਘ ਚੰਨੀ ਨੂੰ ਅਜੇ ਕੁਝ ਦਿਨ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਦੀ ਜਗ੍ਹਾ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਗਿਆ ਹੈ।
ਉਂਝ ਕੁੱਲ ਮਿਲਾ ਕੇ ਦੇਖੀਏ ਤਾਂ ਹਰਿਆਣਾ ਦੇ ਹੁਣ ਤੱਕ ਦੇ 55 ਸਾਲਾਂ ਦੇ ਸਿਆਸੀ ਇਤਿਹਾਸ ’ਚ ਜਾਟ ਵਰਗ ਤੋਂ 5 ਨੇਤਾ ਅਤੇ 5 ਹੀ ਨੇਤਾ ਗੈਰ-ਜਾਟ ਵਰਗ ਤੋਂ ਮੁੱਖ ਮੰਤਰੀ ਬਣੇ ਹਨ। ਚੌ. ਬੰਸੀ ਲਾਲ, ਚੌ. ਦੇਵੀ ਲਾਲ, ਮਾਸਟਰ ਹੁਕਮ ਸਿੰਘ, ਓਮ ਪ੍ਰਕਾਸ਼ ਚੌਟਾਲਾ ਅਤੇ ਭੁਪਿੰਦਰ ਸਿੰਘ ਹੁੱਡਾ ਜਾਟ ਵਰਗ ਤੋਂ ਮੁੱਖ ਮੰਤਰੀ ਬਣੇ ਹਨ। ਇਸੇ ਤਰ੍ਹਾਂ ਭਾਗਵਤ ਦਿਆਲ ਸ਼ਰਮਾ ਬ੍ਰਾਹਮਣ, ਰਾਓ ਬਰਿੰਦਰ ਸਿੰਘ ਅਹੀਰ, ਬਨਾਰਸੀ ਦਾਸ ਗੁਪਤਾ ਵੈਸ਼, ਚੌ. ਭਜਨ ਲਾਲ ਬਿਸ਼ਨੋਈ ਸਮਾਜ ਅਤੇ ਮਨੋਹਰ ਲਾਲ ਖੱਟੜ ਪੰਜਾਬ ਭਾਈਚਾਰੇ ਨਾਲ ਸਬੰਧ ਰੱਖਦੇ ਹਨ। ਪੰਜਾਬ ’ਚ ਜਿਥੇ ਅਨੁਸੂਚਿਤ ਜਾਤੀ ਸਮਾਜ ਦੀ ਆਬਾਦੀ 32 ਫੀਸਦੀ ਹੈ ਤਾਂ ਹਰਿਆਣਾ ’ਚ ਇਹ ਲਗਭਗ 21 ਫੀਸਦੀ ਹੈ।

Comment here