ਸਿਆਸਤਖਬਰਾਂਚਲੰਤ ਮਾਮਲੇ

ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਦੀ ਜਥੇਦਾਰੀ ਛੱਡਣ ਦੇ ਰੌਂਅ ’ਚ?

ਅੰਮ੍ਰਿਤਸਰ-ਪਿਛਲੇ ਕੁਝ ਸਮੇਂ ਤੋਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਕਾਲੀ ਦਲ ਦੇ ਆਗੂਆਂ ਨੂੰ ਖਰੀਆਂ-ਖਰੀਆਂ ਸੁਣਾਈਆਂ ਜਾ ਰਹੀਆਂ ਹਨ, ਉਸ ਤੋਂ ਅਕਾਲੀ ਦਲ ਦੇ ਕੁਝ ਸੀਨੀਅਰ ਆਗੂ ਨਾਰਾਜ਼ ਹਨ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਨਾਲ-ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਤੌਰ ’ਤੇ 22 ਅਕਤੂਬਰ 2018 ਤੋਂ ਸੇਵਾ ਨਿਭਾਅ ਰਹੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਨੇੜਲਿਆਂ ਦਾ ਕਹਿਣਾ ਹੈ ਕਿ ਜਥੇਦਾਰ ਸਾਹਿਬ ਹੁਣ ਘੁਟਣ ਮਹਿਸੂਸ ਕਰ ਰਹੇ ਹਨ ਤੇ ਉਹ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਵਾਧੂ ਚਾਰਜ ਛੱਡਣ ਦੇ ਰੌਂਅ ’ਚ ਹਨ। ਅਕਾਲੀ ਦਲ ਦਾ ਵੱਡਾ ਹਿੱਸਾ ਜਥੇਦਾਰ ਦੇ ਸਮਰਥਨ ’ਚ ਹੈ, ਫਿਰ ਵੀ ਸਿੰਘ ਸਾਹਿਬ ਵੱਲੋਂ ਸੁਣਾਈਆਂ ਜਾਂਦੀਆਂ ਖਰੀਆਂ-ਖਰੀਆਂ ਕਾਰਨ ਅਕਾਲੀ ਦਲ ਨੂੰ ਕਈ ਵਾਰ ਲੋਕਾਂ ਨੂੰ ਜਵਾਬ ਦੇਣਾ ਔਖਾ ਹੋ ਜਾਂਦਾ ਹੈ। ਇਹ ਗੱਲ ਵੱਖਰੀ ਹੈ ਕਿ ਉਨ੍ਹਾਂ ਦੇ ਬਿਆਨ ਬਹੁਤੇ ਸਿੱਖਾਂ ਦੀ ਤਰਜਮਾਨੀ ਕਰਦੇ ਹਨ ਅਤੇ ਆਮ ਸੰਗਤ ਇਨ੍ਹਾਂ ਨੂੰ ਪਸੰਦ ਵੀ ਕਰਦੀ ਹੈ।
ਵਿਧਾਨ ਸਭਾ ਚੋਣਾਂ ਦਰਮਿਆਨ 13 ਫਰਵਰੀ 2022 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਜਥੇਦਾਰ ਦੀ ਬੰਦ ਕਮਰਾ ਮੀਟਿੰਗ ਹੋਣੀ ਤੇ ਜਥੇਦਾਰ ਵੱਲੋਂ ਸ਼ਾਹ ਦੇ ਧਿਆਨ ’ਚ ਸਿੱਖ ਮਸਲੇ ਲਿਆਉਣੇ ਅਤੇ ਸ਼੍ਰੋੋਮਣੀ ਕਮੇਟੀ ਦੇ ਵਫ਼ਦ ਨੂੰ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨਾਲ ਮਿਲਣ ਦਾ ਸਮਾਂ ਨਾ ਮਿਲਣਾ ਵੀ ਕੁਝ ਆਗੂਆਂ ਨੂੰ ਰੜਕ ਰਿਹਾ ਹੈ। ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨਾਲ ਜਥੇਦਾਰ ਦੀਆਂ ਮੀਟਿੰਗਾਂ ਵੀ ਅਕਾਲੀ ਆਗੂਆਂ ਨੂੰ ਬਰਦਾਸ਼ਤ ਨਹੀਂ ਹੋ ਰਹੀਆਂ।
ਸ਼੍ਰੋੋਮਣੀ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ 21 ਅਪ੍ਰੈਲ 2017 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੂੰ ਹਟਾ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਲਾਇਆ ਸੀ। ਫਿਰ ਅਕਾਲ ਤਖ਼ਤ ਸਾਹਿਬ ਦੇ ਤੱਤਕਾਲੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ 22 ਅਕਤੂਬਰ 2018 ਨੂੰ ਸ਼੍ਰੋਮਣੀ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਵਾਧੂ ਕਾਰਜਭਾਰ ਵੀ ਦੇ ਦਿੱਤਾ।

Comment here