ਨਜ਼ਰੀਆ-ਪੂਰਨ ਚੰਦ ਸਰੀਨ
ਜਨਵਰੀ ਦਾ ਤੀਜਾ ਹਫ਼ਤਾ ਭਾਵ 23 ਤੋਂ 30 ਤਰੀਕ ਦਾ ਸਮਾਂ, ਦੇਸ਼ ਭਰ ‘ਚ ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਜਨਮ ਦਿਵਸ, ਗਾਂਧੀ ਜੀ ਦੀ ਬਰਸੀ ਅਤੇ ਗਣਤੰਤਰ ਦਿਵਸ ਸਮਾਰੋਹ ਅਤੇ ਆਪਣੀ ਸੈਨਿਕ ਸਮਰੱਥਾ ‘ਤੇ ਮਾਣ ਕਰਨ ਦਾ ਅਵਸਰ ਬਣ ਜਾਂਦਾ ਹੈ। ਇਸ ਦੇ ਨਾਲ ਮਹਾਤਮਾ ਗਾਂਧੀ ਦੇ ਉਪਦੇਸ਼ਾਂ ਜਾਂ ਉਨ੍ਹਾਂ ਦੇ ਸਿਧਾਂਤਾਂ ਦਾ ਵਰਨਣ ਕਰਨ ਅਤੇ ਉਨ੍ਹਾਂ ‘ਤੇ ਆਪਣੀ ਰਾਏ ਜ਼ਾਹਰ ਕਰਨ ਦਾ ਮੌਕਾ ਵੀ ਮਿਲਦਾ ਹੈ। ਇਸ ਗੱਲ ‘ਤੇ ਬਹੁਤ ਘੱਟ ਲੋਕਾਂ ਦਾ ਧਿਆਨ ਜਾਂਦਾ ਹੈ ਕਿ ਇਨ੍ਹਾਂ ਦੋਵਾਂ ਮਹਾਂਪੁਰਸ਼ਾਂ ਨੇ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਉਸ ਦਾ ਸੰਚਾਲਨ ਕਿਸ ਤਰ੍ਹਾਂ ਹੋਵੇ, ਇਸ ਦੀ ਕੀ ਰੂਪ-ਰੇਖਾ ਬਣਾਈ ਸੀ?
ਗਾਂਧੀ ਬਨਾਮ ਬੋਸ
ਇਸ ਦੇ ਪਿਛੋਕੜ ‘ਚ ਇਹ ਮੁਲਾਂਕਣ ਕਰਨਾ ਜ਼ਰੂਰੀ ਹੋ ਜਾਂਦਾ ਹੈ ਕਿ ਉਨ੍ਹਾਂ ‘ਚੋਂ ਕਿਹੜਾ ਸਹੀ ਜਾਂ ਗ਼ਲਤ ਸੀ ਅਤੇ ਜੇਕਰ ਕੋਈ ਹੋਰ ਬਦਲ ਅਪਣਾਇਆ ਜਾਂਦਾ ਤਾਂ ਕੀ ਦੇਸ਼ ਦੀ ਰੂਪ-ਰੇਖਾ ਉਹ ਹੀ ਹੁੰਦੀ ਜੋ ਅੱਜ ਹੈ? ਇਨ੍ਹਾਂ ਦੋਵਾਂ ਦੇ ਸੰਬੰਧਾਂ, ਸੋਚ ਅਤੇ ਕਾਰਜ ਪ੍ਰਣਾਲੀ ‘ਤੇ ਵਿਚਾਰ ਕਰਦਿਆਂ ਤੀਜੇ ਮਹਾਨਾਇਕ ਪੰਡਿਤ ਨਹਿੂਰ ਦਾ ਧਿਆਨ ਆਉਣਾ ਸੁਭਾਵਿਕ ਹੈ। ਕਹਿ ਸਕਦੇ ਹਾਂ ਕਿ ਇਹ ਭਾਰਤ ਦੀ ਤ੍ਰਿਮੂਰਤੀ ਸਨ ਅਤੇ ਜੇਕਰ ਸਰਦਾਰ ਪਟੇਲ ਨੂੰ ਇਸ ‘ਚ ਮਿਲਾ ਦਿੱਤਾ ਜਾਵੇ ਤਾਂ ਚਾਰ ਮੁੱਖ ਵਾਲੇ ਸਾਕਸ਼ਾਤ ਬ੍ਰਹਮਾ ਦੀ ਮੂਰਤ ਬਣ ਕੇ ਉੱਭਰਦੀ ਹੈ। ਇਹ ਚਾਰੇ ਨਾਇਕ ਦੇਸ਼ ਭਗਤੀ, ਫ਼ਰਜ਼ਾਂ ਪ੍ਰਤੀ ਸ਼ਰਧਾ ਅਤੇ ਸਮਰਪਣ ਦੀ ਅਦਭੁੱਤ ਸ਼ਕਤੀ ਧਾਰਨ ਕਰੀ ਬੈਠੇ ਸਨ ਅਤੇ ਇਸੇ ਕਾਰਨ ਜਨਤਾ ਉਨ੍ਹਾਂ ‘ਤੇ ਭਰੋਸਾ ਕਰਦਿਆਂ ਆਪਣੀ ਜਾਨ ਤੱਕ ਵਾਰਨ ਲਈ ਤਿਆਰ ਰਹਿੰਦੀ ਸੀ। ਅੱਜ ਇੰਟਰਨੈੱਟ ਅਤੇ ਗੂਗਲ ਦੀ ਮਦਦ ਨਾਲ ਇਤਿਹਾਸ ਦੀ ਪ੍ਰਗਟ ਅਤੇ ਗੁਪਤ ਰੱਖੀ ਗਈ ਸਮੱਗਰੀ ਉਪਲਬਧ ਹੈ, ਇਸ ਲਈ ਬਹੁਤ ਸਾਰੀਆਂ ਘਟਨਾਵਾਂ ਦੀ ਸਚਾਈ ਦੀ ਪੁਸ਼ਟੀ ਕਰ ਲੈਣ ਤੋਂ ਬਾਅਦ ਉਨ੍ਹਾਂ ‘ਤੇ ਵਿਚਾਰ ਅਤੇ ਮੰਥਨ ਮੌਜੂਦਾ ਸਥਿਤੀ ਨੂੰ ਸਾਹਮਣੇ ਰੱਖ ਕੇ ਕੀਤਾ ਜਾ ਸਕਦਾ ਹੈ। ਇਸ ਨਾਲ ਇਹ ਸਿੱਟਾ ਕੱਢਣ ‘ਚ ਸਹੂਲਤ ਮਿਲ ਜਾਂਦੀ ਹੈ ਕਿ ਕਿਹੜਾ ਮਤ ਜਾਂ ਵਿਚਾਰਧਾਰਾ ਜ਼ਿਆਦਾ ਅਨੁਕੂਲ ਸੀ। ਕੀ ਅੱਜ ਦੇਸ਼ ਦੇ ਸੰਚਾਲਨ ‘ਚ ਉਨ੍ਹਾਂ ਦਾ ਮਹੱਤਵ ਸਵੀਕਾਰ ਕਰਕੇ ਭਵਿੱਖ ਦੀਆਂ ਯੋਜਨਾਵਾਂ ਬਣਾਈਆਂ ਜਾ ਸਕਦੀਆਂ ਹਨ ਤਾਂ ਕਿ ਦੇਸ਼ ਜ਼ਿਆਦਾ ਤੇਜ਼ੀ ਨਾਲ ਉੱਨਤੀ ਕਰ ਸਕੇ?
ਸਭ ਤੋਂ ਪਹਿਲਾਂ ਸੁਭਾਸ਼ ਚੰਦਰ ਬੋਸ ਦੇ ਉਸ ਭਾਸ਼ਨ ਨੂੰ ਸਾਹਮਣੇ ਰੱਖਦੇ ਹਾਂ ਜੋ ਉਨ੍ਹਾਂ ਨੇ ਕਾਂਗਰਸ ਦੇ ਪ੍ਰਧਾਨ ਦੇ ਰੂਪ ‘ਚ ਦਿੱਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਆਜ਼ਾਦ ਭਾਰਤ ਦੀ ਪਹਿਲੀ ਤਰਜੀਹ ਗ਼ਰੀਬੀ ਮਿਟਾਉਣ, ਬੇਰੁਜ਼ਗਾਰੀ ਦੂਰ ਕਰਨ ਅਤੇ ਦੇਸ਼ ਨੂੰ ਸਿੱਖਿਅਤ ਕਰਨ ਦੀ ਹੋਣੀ ਚਾਹੀਦੀ ਹੈ। ਇਸ ਲਈ ਉਨ੍ਹਾਂ ਨੇ ਪਲਾਨਿੰਗ ਭਾਵ ਯੋਜਨਾ ਬਣਾ ਕੇ ਕੰਮ ਕਰਨ ਦੀ ਰਾਹ ਦਿਖਾਈ। ਇਕ ਕਮੇਟੀ ਬਣਾਈ ਜਿਸ ਦੇ ਪ੍ਰਧਾਨ ਪੰਡਿਤ ਨਹਿਰੂ ਨੂੰ ਬਣਾਇਆ ਗਿਆ ਤਾਂ ਕਿ ਉਹ ਸਪੱਸ਼ਟ ਰੂਪ ਨਾਲ ਦਿਸ਼ਾ ਨਿਰਧਾਰਨ ਕਰ ਸਕਣ। ਅੱਜ ਦੇ ਯੋਜਨਾ ਕਮਿਸ਼ਨ ਦੀ ਇਹ ਨੀਂਹ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਦੇਸ਼ ‘ਚ ਵਰਗਹੀਣ ਸਮਾਜ ਦਾ ਨਿਰਮਾਣ ਸਮਾਜਵਾਦ ਨੂੰ ਆਧਾਰ ਬਣਾ ਕੇ ਹੋਵੇ। ਇਸ ਦੀ ਪੂਰਤੀ ਲਈ ਉਦਯੋਗੀਕਰਨ ਦਾ ਵਿਸਥਾਰ ਹੋਵੇ ਅਤੇ ਖੇਤੀ ਵਿਕਾਸ ਦੂਜੇ ਨੰਬਰ ‘ਤੇ ਹੋਵੇ। ਵਿਗਿਆਨਕ ਦ੍ਰਿਸ਼ਟੀਕੋਣ, ਆਧੁਨਿਕ ਮਸ਼ੀਨਰੀ ਦੀ ਦਰਾਮਦ ਅਤੇ ਉਸ ਦੀ ਆਪਣੇ ਹਿਸਾਬ ਨਾਲ ਵਰਤੋਂ ਕਰਨ ਦੀ ਦ੍ਰਿਸ਼ਟੀ ਹੋਵੇ। ਸਿੱਖਿਆ ਸਭ ਲਈ ਇਕ ਸਮਾਨ ਹੋਵੇ ਅਤੇ ਉਸ ‘ਤੇ ਸਾਰਿਆਂ ਦਾ ਅਧਿਕਾਰ ਹੋਵੇ ਅਤੇ ਇਹ ਸਭ ਲਈ ਇਕੋ ਜਿਹੀ ਅਤੇ ਆਸਾਨੀ ਨਾਲ ਉਪਲਬਧ ਹੋਵੇ। ਉਨ੍ਹਾਂ ਦਾ ਮੰਨਣਾ ਸੀ ਕਿ ਭੇਦਭਾਵ ਰਹਿਤ ਸਿੱਖਿਆ ਨਾਲ ਹੀ ਸਮਾਜ ‘ਚੋਂ ਬੇਰੁਜ਼ਗਾਰੀ ਅਤੇ ਗ਼ਰੀਬੀ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਆਪਣੇ ਲੰਬੇ ਤਜਰਬੇ ਅਤੇ ਅਨੇਕ ਦੇਸ਼ਾਂ ‘ਚ ਵਰਤੀਆਂ ਗਈਆਂ ਵਿਵਸਥਾਵਾਂ ਦਾ ਅਧਿਐਨ ਕਰਨ ਤੋਂ ਬਾਅਦ ਹੀ ਇਹ ਗੱਲਾਂ ਕਹੀਆਂ ਸਨ। ਇੱਥੇ ਇਹ ਧਿਆਨ ਦਿਵਾਉਣਾ ਜ਼ਰੂਰੀ ਹੈ ਕਿ ਸੁਭਾਸ਼ ਚੰਦਰ ਬੋਸ ਦੇ ਕੋਲ ਨਗਰ ਨਿਗਮ ਦੇ ਪ੍ਰਸ਼ਾਸਕ ਦੇ ਰੂਪ ‘ਚ ਵਿਹਾਰਕ ਤਜਰਬਾ ਸੀ ਅਤੇ ਉਹ ਜਨਤਾ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਉਨ੍ਹਾਂ ਦੇ ਹੱਲ ਕੱਢਣ ਲਈ ਪ੍ਰਸਿੱਧ ਸਨ।
ਬੋਸ ਬਨਾਮ ਗਾਂਧੀ
ਹੁਣ ਅਸੀਂ ਮਹਾਤਮਾ ਗਾਂਧੀ ਦੀ ਗੱਲ ਕਰਦੇ ਹਾਂ ਜੋ ਵਰਗਹੀਣ ਸਮਾਜ ਦੀ ਥਾਂ ‘ਤੇ ਪਛੜੇ, ਦਲਿਤ, ਹਰੀਜਨ ਅਤੇ ਅਨੇਕ ਜਾਤੀਆਂ ‘ਚ ਵੰਡੇ ਸਮਾਜ ਦੇ ਵਿਕਾਸ ਲਈ ਉਨ੍ਹਾਂ ਦੇ ਅਧਿਕਾਰਾਂ ਨੂੰ ਸੁਰੱਖਿਅਤ ਰੱਖਣ ਦੀ ਗੱਲ ਕਰਦੇ ਹਨ। ਇਸ ਦੇ ਲਈ ਉਹ ਉਨ੍ਹਾਂ ਨੂੰ ਮਿਲਾ ਕੇੇ ਇਕ ਵਿਸ਼ਾਲ ਸਮਾਜ ਤਿਆਰ ਕਰਨ ਦੀ ਥਾਂ ‘ਤੇ ਵੱਖ-ਵੱਖ ਰੱਖਣ ਨੂੰ ਹੀ ਉਨ੍ਹਾਂ ਦੀ ਉੱਨਤੀ ਦਾ ਆਧਾਰ ਬਣਾਉਂਦੇ ਹਨ। ਅੱਜ ਸਾਡਾ ਦੇਸ਼ ਵਰਗ ਸੰਘਰਸ਼, ਜਾਤੀਵਾਦ ਅਤੇ ਘੱਟ ਗਿਣਤੀ ਭਾਈਚਾਰਿਆਂ ਦੇ ਸ਼ੋਸ਼ਣ ਅਤੇ ਇਸ ਦੇ ਨਾਲ ਹੀ ਆਪਣੇ ਸਵਾਰਥਾਂ ਦੇ ਕਾਰਨ ਉਨ੍ਹਾਂ ਨੂੰ ਪਤਿਆਉਣ ਦੇ ਜਿਸ ਦੌਰ ‘ਚੋਂ ਲੰਘ ਰਿਹਾ ਹੈ, ਉਸ ਦੀ ਨੀਂਹ ਆਜ਼ਾਦੀ ਤੋਂ ਤੁਰੰਤ ਬਾਅਦ ਪੈ ਗਈ ਸੀ। ਜੇਕਰ ਅਸੀਂ ਬੋਸ ਦੀ ਵਰਗਹੀਣ ਸਮਾਜ ਦੀ ਨੀਤੀ ‘ਤੇ ਚਲਦੇ ਤਾਂ ਕੀ ਇਹ ਬਿਹਤਰ ਨਾ ਹੁੰਦਾ? ਦੇਸ਼ ਨੂੰ ਖੇਤੀ ਪ੍ਰਧਾਨ ਬਣਾਉਣ ਦੀਆਂ ਕੋਸ਼ਿਸ਼ਾਂ ਗਾਂਧੀ ਜੀ ਦੀ ਦੇਣ ਹਨ ਅਤੇ ਉਸ ‘ਚ ਵੀ ਰਵਾਇਤੀ ਸਾਧਨਾਂ ਜਿਵੇਂ ਕਿ ਹਲ ਬੈਲ ਨਾਲ ਖੇਤੀ ਕਰਨ ਨੂੰ ਹੀ ਤਰਜੀਹ ਦੇਣ ਅਤੇ ਵਿਗਿਆਨਕ ਤਰੀਕਿਆਂ ਨੂੰ ਨਾ ਅਪਣਾਉਣ ਦਾ ਨਤੀਜਾ ਕੀ ਅੱਜ ਤੱਕ ਅਸੀਂ ਨਹੀਂ ਭੁਗਤ ਰਹੇ? ਗਾਂਧੀ ਜੀ ਮਸ਼ੀਨਾਂ ਦੀ ਵਰਤੋਂ ਅਤੇ ਇੱਥੋਂ ਤੱਕ ਕਿ ਰੇਲ, ਹਸਪਤਾਲਾਂ ਦੀ ਜ਼ਰੂਰਤ ਨਹੀਂ ਸਨ ਸਮਝਦੇ। ਅੰਗਰੇਜ਼ੀ ਦਵਾਈਆਂ ਦੀ ਵਰਤੋਂ ਨਾ ਕਰਨ ‘ਤੇ ਜ਼ੋਰ ਦਿੰਦੇ ਸਨ ਅਤੇ ਇੱਥੋਂ ਤੱਕ ਕਿ ਪਰਿਵਾਰ ਨਿਯੋਜਨ ਲਈ ਗਰਭ ਨਿਰੋਧਕ ਸਮੱਗਰੀ ਦੀ ਵਰਤੋਂ ਨੂੰ ਬੁਰਾ ਸਮਝਦੇ ਸਨ। ਇਸ ਦੇ ਲਈ ਆਤਮ ਸੰਯਮ ਰੱਖਣ ਨੂੰ ਉਤਸ਼ਾਹਿਤ ਕਰਦੇ ਸਨ। ਉਨ੍ਹਾਂ ਲਈ ਨਵੀਂ ਤਕਨੀਕ ‘ਤੇ ਆਧਾਰਿਤ ਉਦਯੋਗਿਕ ਭਾਰਤ ਦੀ ਥਾਂ ‘ਤੇ ਗ੍ਰਾਮੀਣ ਅਤੇ ਘਰੇਲੂ ਉਦਯੋਗ ਦਾ ਵਿਕਾਸ ਤਰਜੀਹੀ ਸੀ। ਗਾਂਧੀ ਜੀ ਅਧਿਆਤਮਿਕ ਰਾਜਨੀਤਕ ਮਾਹਰ ਸਨ, ਜਦਕਿ ਸੁਭਾਸ਼ ਚੰਦਰ ਆਧੁਨਿਕ ਰਾਜਨੇਤਾ ਸਨ। ਨਹਿਰੂ ਵੀ ਚਾਹੁੰਦੇ ਸਨ ਕਿ ਅਸੀਂ ਦੇਸੀ ਸੰਸਥਾਵਾਂ ਦੇ ਜ਼ੋਰ ‘ਤੇ ਹੀ ਵਿਕਾਸ ਕਰੀਏ, ਜਦਕਿ ਬੋਸ ਵਿਦੇਸ਼ਾਂ ਤੋਂ ਆਪਣੀ ਜ਼ਰੂਰਤ ਅਨੁਸਾਰ ਸਾਰੀਆਂ ਚੀਜ਼ਾਂ ਦੀ ਦਰਾਮਦ ਕਰਨ ਦੇ ਹਮਾਇਤੀ ਸਨ। ਨਹਿਰੂ ਦੁਆਰਾ ਦਰਾਮਦਗੀ ਅਤੇ ਵਿਦੇਸ਼ੀ ਪੂੰਜੀ ਨਿਵੇਸ਼ ‘ਤੇ ਸਖ਼ਤ ਨਿਯਮ ਬਣਾਉਣ ਨਾਲ ਅਸੀਂ ਵਿਦੇਸ਼ੀ ਤਕਨੀਕ ਅਤੇ ਪੂੰਜੀ ਨਿਵੇਸ਼ ਤੋਂ ਵਾਂਝੇ ਹੋ ਗਏ। ਇਸ ਨੀਤੀ ਨੂੰ ਜਦੋਂ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ ਗਿਆ, ਉਦੋਂ ਹੀ ਦੇਸ਼ ਆਤਮ ਨਿਰਭਰ ਹੋਣਾ ਸ਼ੁਰੂ ਹੋਇਆ, ਕੀ ਇਹ ਗੰਭੀਰਤਾ ਨਾਲ ਸੋਚਣ ਦਾ ਵਿਸ਼ਾ ਨਹੀਂ ਹੈ?
ਨਹਿਰੂ ਅਤੇ ਬੋਸ ਦੋਵਾਂ ਨੂੰ ਗਾਂਧੀ ਜੀ ਆਪਣੇ ਪੁੱਤਰਾਂ ਵਾਂਗ ਪਸੰਦ ਕਰਦੇ ਸਨ, ਪਰ ਜਦੋਂ ਆਪਣੇ ਵਾਰਿਸ ਚੁਣਨ ਦੀ ਗੱਲ ਆਈ ਤਾਂ ਉਨ੍ਹਾਂ ਨੇ ਭਾਰਤੀ ਜਗੀਰਦਾਰੀ ਵਿਵਸਥਾ ਅਨੁਸਾਰ ਵੱਡੇ ਪੁੱਤਰ ਨੂੰ ਚੁਣਿਆ। ਜੇਕਰ ਯੋਗਤਾ ਦਾ ਆਧਾਰ ਹੁੰਦਾ ਤਾਂ ਸੁਭਾਸ਼ ਹਰ ਤਰ੍ਹਾਂ ਨਾਲ ਜ਼ਿਆਦਾ ਕਾਬਲ ਸਨ ਅਤੇ ਲੋਕਤੰਤਰਿਕ ਵਿਵਸਥਾ ‘ਚ ਉਨ੍ਹਾਂ ਦੀ ਦਾਅਵੇਦਾਰੀ ਮਜ਼ਬੂਤ ਸੀ। ਜਿੱਥੋਂ ਤੱਕ ਨਹਿਰੂ ਅਤੇ ਬੋਸ ਦੀ ਸਿੱਖਿਆ ਦਾ ਸੰਬੰਧ ਹੈ, ਦੋਵਾਂ ਨੇ ਹੀ ਖ਼ੁਸ਼ਹਾਲ ਪਰਿਵਾਰਾਂ ਤੋਂ ਹੋਣ ਕਾਰਨ ਵਿਦੇਸ਼ਾਂ ‘ਚ ਸਿੱਖਿਆ ਪ੍ਰਾਪਤ ਕੀਤੀ। ਉਨ੍ਹਾਂ ਨੂੰ ਦੁਨੀਆ ਦੇਖਣ ਅਤੇ ਉਨ੍ਹਾਂ ਦੀ ਤਰੱਕੀ ਕਰਨ ਦੇ ਉਪਾਵਾਂ ਨੂੰ ਜਾਣਨ ਸਮਝਣ ਦਾ ਮੌਕਾ ਮਿਲਿਆ ਅਤੇ ਉਹ ਆਪਣੇ ਦੇਸ਼ ਨੂੰ ਆਪਣੇ ਤਜਰਬਿਆਂ ਨਾਲ ਖ਼ੁਸ਼ਹਾਲ ਕਰਨਾ ਚਾਹੁੰਦੇ ਸਨ। ਇਸ ਲਈ ਸਭ ਤੋਂ ਪਹਿਲਾਂ ਜ਼ਰੂਰੀ ਸੀ ਕਿ ਆਜ਼ਾਦੀ ਅਤੇ ਉਹ ਵੀ ਸੰਪੂਰਨ ਰੂਪ ਨਾਲ ਹਾਸਲ ਕੀਤੀ ਜਾਵੇ।
ਸੁਭਾਸ਼ ਚੰਦਰ ਬੋਸ ਆਜ਼ਾਦੀ ਹਾਸਲ ਕਰਨ ਲਈ ਕਿਸੇ ਵੀ ਸਾਧਨ ਦੀ ਵਰਤੋਂ ਕਰਨ ਅਤੇ ਕਿਸੇ ਦੀ ਵੀ ਸਹਾਇਤਾ ਆਪਣੀਆਂ ਸ਼ਰਤਾਂ ‘ਤੇ ਲੈਣ ਲਈ ਕੋਈ ਵੀ ਹੱਦ ਪਾਰ ਕਰ ਸਕਦੇ ਸਨ। ਇਸ ਦੇ ਲਈ ਉਹ ਵਿਦੇਸ਼ੀ ਧਰਤੀ ‘ਤੇ ਭਾਰਤ ਦੀ ਆਜ਼ਾਦੀ ਦਾ ਐਲਾਨ ਕਰ ਸਕਦੇ ਸਨ, ਅੰਗਰੇਜ਼ਾਂ ਦੇ ਨੱਕ ‘ਚ ਦਮ ਕਰ ਸਕਦੇ ਸਨ। ਆਜ਼ਾਦ ਹਿੰਦ ਫ਼ੌਜ ਦੀ ਸਥਾਪਨਾ, ਦਿੱਲੀ ਚੱਲੋ ਦਾ ਨਾਅਰਾ ਅਤੇ ਜੈ ਹਿੰਦ ਦਾ ਐਲਾਨ ਉਨ੍ਹਾਂ ਦੀ ਰਾਜਨੀਤਕ ਸੂਝਬੂਝ ਦੀ ਪਛਾਣ ਹੈ।
ਪਤਾ ਨਹੀਂ ਇਹ ਕਿੰਨਾ ਸੱਚ ਹੈ ਕਿ ਜਦੋਂ ਲਾਰਡ ਏਟਲੀ ਕੋਲੋਂ ਭਾਰਤ ਪ੍ਰਵਾਸ ਸਮੇਂ ਇਹ ਪੁੱਛਿਆ ਗਿਆ ਕਿ ਭਾਰਤ ਨੂੰ ਆਜ਼ਾਦ ਕਰਾਉਣ ‘ਚ ਗਾਂਧੀ ਅਤੇ ਸੁਭਾਸ਼ ‘ਚੋਂ ਕਿਸ ਦਾ ਯੋਗਦਾਨ ਜ਼ਿਆਦਾ ਹੈ ਤਾਂ ਉਨ੍ਹਾਂ ਦਾ ਜਵਾਬ ਸੀ ਅੰਗਰੇਜ਼ੀ ਹਕੂਮਤ ਲਈ ਬੋਸ ਜ਼ਿਆਦਾ ਖ਼ਤਰਨਾਕ ਸਨ ਅਤੇ ਉਨ੍ਹਾਂ ਦੇ ਕਾਰਨ ਹੀ ਅੰਗਰੇਜ਼ ਭਾਰਤ ਤੋਂ ਆਪਣਾ ਬੋਰੀਆ ਬਿਸਤਰਾ ਸਮੇਟਣ ਲਈ ਮਜਬੂਰ ਹੋਏ। ਇਸ ਦੇ ਉਲਟ ਗਾਂਧੀ ਜੀ ਦਾ ਡਰ ਉਨ੍ਹਾਂ ਨੂੰ ਜ਼ਿਆਦਾ ਨਹੀਂ ਸੀ ਅਤੇ ਉਨ੍ਹਾਂ ਨੇ ਆਪਣੇ ਜਵਾਬ ‘ਚ ਕਿਹਾ ਕਿ ਆਜ਼ਾਦੀ ਹਾਸਲ ਕਰਨ ‘ਚ ਉਨ੍ਹਾਂ ਦਾ ਯੋਗਦਾਨ ਬਹੁਤ ਘੱਟ ਸੀ।
Comment here