ਅਪਰਾਧਸਿਆਸਤਖਬਰਾਂਦੁਨੀਆ

ਗਲਵਾਨ ਦੇ ਸ਼ਹੀਦਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ : ਰਾਜਨਾਥ

ਨਵੀਂ ਦਿੱਲੀ-ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 2 ਸਾਲ ਪਹਿਲਾਂ ਪੂਰਬੀ ਲੱਦਾਖ ’ਚ ਚੀਨੀ ਫੌਜੀਆਂ ਨਾਲ ਹਿੰਸਕ ਝੜਪ ’ਚ ਸ਼ਹੀਦ ਹੋਏ ਸੈਨਿਕਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੇ ਬਲਿਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਦੋ ਦਿਨ ਦੀ ਜੰਮੂ-ਕਸ਼ਮੀਰ ਯਾਤਰਾ ’ਤੇ ਆਏ ਰੱਖਿਆ ਮੰਤਰੀ ਨੇ ਵੀਰਵਾਰ ਨੂੰ ਇਕ ਟਵੀਟ ’ਚ ਕਿਹਾ,‘ਗਲਵਾਨ ਦੇ ਨਾਇਕਾਂ ਨੂੰ ਯਾਦ ਕਰ ਰਿਹਾ ਹਾਂ, ਜਿਨ੍ਹਾਂ ਨੇ ਦੇਸ਼ ਦੇ ਸਨਮਾਨ ਦੀ ਰੱਖਿਆ ਲਈ ਬਹਾਦੁਰੀ ਨਾਲ ਲੜਦੇ ਹੋਏ 15 ਅਤੇ 16 ਜੂਨ 2020 ਨੂੰ ਸਰਵਉੱਚ ਬਲਿਦਾਨ ਦਿੱਤਾ। ਉਨ੍ਹਾਂ ਦੀ ਹਿੰਮਤ, ਬਹਾਦੁਰੀ ਅਤੇ ਬਲਿਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕੇਗਾ। ਮੈਂ ਉਨ੍ਹਾਂ ਸਾਰੇ ਬਹਾਦਰ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ।
ਉਨ੍ਹਾਂ ਕਿਹਾ ਕਿ ਦੇਸ਼ ਨੂੰ ਸੁਰੱਖਿਆ ਫੋਰਸਾਂ ’ਤੇ ਪੂਰਾ ਭਰੋਸਾ ਹੈ ਕਿ ਉਹ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਹਮੇਸ਼ਾ ਤਿਆਰ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਸ਼ਾਂਤੀ ਪ੍ਰਿਯ ਦੇਸ਼ ਹੈ ਅਤੇ ਉਸ ਨੇ ਕਦੇ ਕਿਸੇ ਦੇਸ਼ ਨੂੰ ਨੁਕਸਾਨ ਪਹੁੰਚਾਉਣ ਜਾਂ ਉਸ ਦੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੈ ਪਰ ਉਹ ਦੇਸ਼ ਨੂੰ ਆਸਵੰਦ ਕਰਦੇ ਹਨ ਕਿ ਜੇਕਰ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਉਸ ਦਾ ਕਰਾਰਾ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਨਾਲ ਫੌਜ ਮੁਖੀ ਜਨਰਲ ਮਨੋਜ ਪਾਂਡੇ, ਉੱਤਰੀ ਕਮਾਨ ਦੇ ਪ੍ਰਮੁੱਖ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ, 15ਵੀਂ ਕੋਰ ਦੇ ਪ੍ਰਮੁੱਖ ਲੈਫਟੀਨੈਂਟ ਜਨਰਲ ਏ. ਐੱਸ. ਆਹੂਜਾ ਅਤੇ ਹੋਰ ਸੀਨੀਅਰ ਫੌਜ ਅਧਿਕਾਰੀ ਵੀ ਸਨ।
ਜ਼ਿਕਰਯੋਗ ਹੈ ਕਿ 2 ਸਾਲ ਪਹਿਲਾਂ 15 ਅਤੇ 16 ਜੂਨ ਦੀ ਰਾਤ ਗਲਵਾਨ ਘਾਟੀ ’ਚ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਭਿਆਨਕ ਹਿੰਸਕ ਝੜਪ ਹੋਈ ਸੀ। ਇਸ ਝੜਪ ’ਚ ਭਾਰਤੀ ਫੌਜ ਦੇ ਇਕ ਕਰਨਲ ਸਮੇਤ 20 ਫੌਜੀ ਸ਼ਹੀਦ ਹੋ ਗਏ ਸਨ। ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ 2 ਦਿਨ ਦੇ ਦੌਰੇ ’ਤੇ ਪੁੱਜੇ ਰੱਖਿਆ ਮੰਤਰੀ ਨੇ ਸੀਨੀਅਰ ਫੌਜੀ ਅਧਿਕਾਰੀਆਂ ਨਾਲ ਸਰਹੱਦ ’ਤੇ ਸਥਿਤੀ ਦੀ ਸਮੀਖਿਆ ਕੀਤੀ। ਬਾਅਦ ਵਿਚ ਬਾਰਾਮੂਲਾ ਵਿਚ ਫੌਜੀ ਅਧਿਕਾਰੀਆਂ ਅਤੇ ਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਸਿੰਘ ਨੇ ਕਿਹਾ ਕਿ ਪਾਕਿਸਤਾਨ ਭਾਰਤ ਵਿਚ ਖੂਨ-ਖਰਾਬਾ ਕਰਨ ਦੀ ਨਾਪਾਕ ਨੀਅਤ ਨਾਲ ਦੇਸ਼ ਵਿਚ ਲਗਾਤਾਰ ਗੜਬੜੀ ਫੈਲਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ਪਰ ਭਾਰਤੀ ਸੁਰੱਖਿਆ ਫੋਰਸ ਇਕ ਅਜਿਹੀ ਢਾਲ ਹੈ, ਜੋ ਦੇਸ਼ ਨੂੰ ਤੋੜਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਹੀ ਲਹੂ-ਲੁਹਾਨ ਕਰ ਦਿੰਦੀ ਹੈ

ਚੀਨ ਨੇ ਵੀ ਦਿੱਤੀ ਆਪਣੇ ਸੈਨਿਕਾਂ ਨੂੰ ਦਿੱਤੀ ਸ਼ਰਧਾਂਜਲੀ
ਬੀਜਿੰਗ-ਚੀਨ ਦੇ ਸਰਕਾਰੀ ਅਖਬਾਰ ਗਲੋਬਲ ਟਾਈਮਜ਼ ਵਿਚ ਇਕ ਰਿਪੋਰਟ ਪ੍ਰਕਾਸ਼ਿਤ ਹੋਈ ਹੈ, ਜਿਸ ਵਿਚ 15 ਜੂਨ 2020 ਨੂੰ ਗਲਵਾਨ ਘਾਟੀ ਵਿੱਚ ਭਾਰਤੀ ਸੈਨਿਕਾਂ ਨਾਲ ਹਿੰਸਕ ਝੜਪ ਵਿੱਚ ਮਾਰੇ ਗਏ ਚੀਨੀ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਹਾਲਾਂਕਿ ਚੀਨ ਨੇ ਇਸ ਝੜਪ ‘ਚ ਉਸ ਦੇ ਕਿੰਨੇ ਸੈਨਿਕਾਂ ਦੇ ਮਾਰੇ ਜਾਣ ‘ਤੇ ਪੂਰੀ ਤਰ੍ਹਾਂ ਚੁੱਪੀ ਧਾਰੀ ਹੋਈ ਹੈ ਪਰ ਹੁਣ ਕਈ ਸਰਕਾਰੀ ਏਜੰਸੀਆਂ ਨੇ ਮਾਈਕ੍ਰੋ ਬਲਾਗਿੰਗ ਸਾਈਟ ਵੀਬੋ ‘ਤੇ ਮਾਰੇ ਗਏ ਚੀਨੀ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ ਹੈ।
ਇਸ ਵਿੱਚ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਦੀ ਪੱਛਮੀ ਕਮਾਂਡ ਵੱਲੋਂ ਮਾਰੇ ਗਏ 4 ਸੈਨਿਕਾਂ ਦੇ ਪਰਿਵਾਰਾਂ ਬਾਰੇ ਇੱਕ ਪੋਸਟ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਵਿੱਚ ਭਾਰਤ ਦਾ ਨਾਮ ਲਏ ਬਿਨਾਂ ਗਲਵਾਨ ਦਾ ਜ਼ਿਕਰ ਕੀਤਾ ਗਿਆ ਹੈ। ਇਸੇ ਤਰ੍ਹਾਂ ਇੱਕ ਹੋਰ ਅਖਬਾਰ ਪੀ.ਐਲ.ਏ. ਡੇਲੀ, ਜੋ ਕਿ ਫੌਜ ਦੁਆਰਾ ਚਲਾਇਆ ਜਾਂਦਾ ਹੈ, ਨੇ 10 ਜੂਨ ਨੂੰ ਇੱਕ ਰਿਪੋਰਟ ਵਿੱਚ ਲਿਖਿਆ ਸੀ ਕਿ ਗਲਵਾਨ ਹਿੰਸਾ ਵਿੱਚ ਮਾਰੇ ਗਏ 4 ਸੈਨਿਕਾਂ ਵਿੱਚੋਂ ਇੱਕ ਚੇਂਗ ਹੋਂਗਜੁਨ ਦੇ ਭਰਾ ਚੇਨ ਹੋਂਗਜੁਨ ਨੇ ਹੁਣ ਤੱਕ 3 ਵਾਰ ਫੌਜ ਵਿੱਚ ਸ਼ਾਮਲ ਹੋਣ ਲਈ ਅਰਜ਼ੀ ਦਿੱਤੀ ਹੈ।
ਕਮਿਊਨਿਸਟ ਪਾਰਟੀ ਦੇ ਮੁੱਖ ਅਖ਼ਬਾਰ ਦ ਪੀਪਲਜ਼ ਡੇਲੀ ਨੇ ਇੱਕ ਵੀਡੀਓ ਪੋਸਟ ਕੀਤਾ ਜਿਸ ਵਿੱਚ ਚੇਨ ਜ਼ਿਆਂਗਰੋਂਗ ਨੂੰ ਗਲਵਾਨ ਵਿੱਚ ਮਾਰਿਆ ਗਿਆ ਸੀ। ਵੀਬੋ ‘ਤੇ ਇੱਕ ਹੈਸ਼ਟੈਗ ਆਇਆ – ਅਸੀਂ ਤੁਹਾਨੂੰ ਕਦੇ ਨਹੀਂ ਭੁੱਲਾਂਗੇ। ਇਸ ‘ਚ ਗਲਵਾਨ ਹਿੰਸਾ ‘ਚ ਸ਼ਹੀਦ ਹੋਏ 4 ਜਵਾਨਾਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ।

Comment here