ਨਵੀਂ ਦਿੱਲੀ-ਗਲਵਾਨ ਘਾਟੀ ਵਿੱਚ ਹਿੰਸਕ ਝੜਪਾਂ ਤੋਂ ਬਾਅਦ ਲਾਈਨ ਆਫ ਐਕਚੁਅਲ ਕੰਟਰੋਲ ਉੱਤੇ ਤੇਜ਼ੀ ਨਾਲ ਤਾਇਨਾਤੀ ਲਈ ਭਾਰਤੀ ਹਵਾਈ ਫੌਜ ਵਲੋਂ 68,000 ਤੋਂ ਵੱਧ ਸੈਨਿਕਾਂ, ਲਗਭਗ 90 ਟੈਂਕਾਂ ਅਤੇ ਹੋਰ ਹਥਿਆਰ ਪ੍ਰਣਾਲੀਆਂ ਨੂੰ ਦੇਸ਼ ਭਰ ਤੋਂ ਪੂਰਬੀ ਲੱਦਾਖ ਵਿੱਚ ਭੇਜਿਆ ਗਿਆ ਸੀ। ਰੱਖਿਆ ਅਤੇ ਸੁਰੱਖਿਆ ਅਦਾਰੇ ਦੇ ਉੱਚ ਸੂਤਰਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਪਿਛਲੇ ਕੁੱਝ ਦਹਾਕਿਆਂ ਵਿੱਚ ਦੋਵਾਂ ਧਿਰਾਂ ਦਰਮਿਆਨ ਸਭ ਤੋਂ ਗੰਭੀਰ ਫੌਜੀ ਟਕਰਾਅ ਦੇ ਪਿਛੋਕੜ ਵਿੱਚ, ਜੋ ਕਿ 15 ਜੂਨ, 2020 ਨੂੰ ਹੋਇਆ ਸੀ, ਭਾਰਤੀ ਹਵਾਈ ਫੌਜ ਨੇ ਲੜਾਕੂ ਜਹਾਜ਼ਾਂ ਦੇ ਕਈ ਸਕੁਐਡਰਨ ਨੂੰ ‘ਤਿਆਰ ਸਥਿਤੀ’ ਵਿੱਚ ਰੱਖਣ ਤੋਂ ਇਲਾਵਾ, ਦੁਸ਼ਮਣ ਦੇ ਨਿਰਮਾਣ ‘ਤੇ 24 ਘੰਟੇ ਨਿਗਰਾਨੀ ਅਤੇ ਖੁਫੀਆ ਜਾਣਕਾਰੀ ਇਕੱਠੀ ਕਰਨ ਲਈ ਖੇਤਰ ਵਿੱਚ ਆਪਣੇ ਐੱਸਯੂ-30 ਐੱਮਕੇਆਈ ਅਤੇ ਜੈਗੁਆਰ ਲੜਾਕੂ ਜਹਾਜ਼ਾਂ ਨੂੰ ਤਾਇਨਾਤ ਕੀਤਾ।
ਇਸ ਗੱਲ ਦਾ ਹਵਾਲਾ ਦਿੰਦੇ ਹੋਏ ਕਿ ਕਿਵੇਂ ਆਈਏਐਫ ਦੀ ਰਣਨੀਤਕ ‘ਏਅਰਲਿਫਟ’ ਸਮਰੱਥਾ ਸਾਲਾਂ ਵਿੱਚ ਵਧੀ ਹੈ। ਸੂਤਰਾਂ ਨੇ ਕਿਹਾ ਕਿ ਇੱਕ ਵਿਸ਼ੇਸ਼ ਆਪ੍ਰੇਸ਼ਨ ਦੇ ਹਿੱਸੇ ਵਜੋਂ ਐਲਏਸੀ ਦੇ ਨਾਲ ਵੱਖ ਵੱਖ ਮੁਸ਼ਕਿਲ ਖੇਤਰਾਂ ਵਿੱਚ ਤੇਜ਼ੀ ਨਾਲ ਤਾਇਨਾਤੀ ਲਈ ਆਈਏਐਫ ਦੇ ਟਰਾਂਸਪੋਰਟ ਫਲੀਟ ਜ਼ਰੀਏ ਸੈਨਿਕਾਂ ਅਤੇ ਹਥਿਆਰਾਂ ਨੂੰ ਸਮੇਂ ਦੇ ਅੰਦਰ ਪਹੁੰਚਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਵੱਧਦੇ ਤਣਾਅ ਕਾਰਨ ਹਵਾਈ ਫੌਜ ਨੇ ਚੀਨ ਦੀਆਂ ਗਤੀਵਿਧੀਆਂ ‘ਤੇ ਤਿੱਖੀ ਨਜ਼ਰ ਰੱਖਣ ਲਈ ਖੇਤਰ ‘ਚ ਵੱਡੀ ਗਿਣਤੀ ‘ਚ ਰਿਮੋਟ ਆਪਰੇਟਿਡ ਏਅਰਕ੍ਰਾਫਟ (ਆਰਪੀਏ) ਵੀ ਤਾਇਨਾਤ ਕੀਤੇ ਸੀ।
ਸੂਤਰਾਂ ਮੁਤਾਬਕ, ਹਵਾਈ ਫੌਜ ਦੇ ਜਹਾਜ਼ਾਂ ਨੇ ਭਾਰਤੀ ਸੈਨਾ ਦੀਆਂ ਕਈ ਡਿਵੀਜ਼ਨਾਂ ਨੂੰ ਉਡਾਇਆ, ਜਿਸ ਵਿੱਚ ਕੁੱਲ 68,000 ਤੋਂ ਵੱਧ ਸੈਨਿਕ, 90 ਤੋਂ ਵੱਧ ਟੈਂਕ, ਪੈਦਲ ਫੌਜ ਦੇ ਲਗਭਗ 330 ਬੀਐਮਪੀ ਲੜਾਕੂ ਵਾਹਨ, ਰਾਡਾਰ ਪ੍ਰਣਾਲੀ, ਤੋਪਖਾਨੇ ਅਤੇ ਹੋਰ ਬਹੁਤ ਸਾਰੇ ਉਪਕਰਣ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਭਾਰਤੀ ਹਵਾਈ ਫੌਜ ਦੇ ਟਰਾਂਸਪੋਰਟ ਫਲੀਟ ਦੁਆਰਾ ਕੁੱਲ 9,000 ਟਨ ਦੀ ਲਿਫਟ ਕੀਤੀ ਗਈ ਸੀ, ਅਤੇ ਇਹ ਆਈਏਐਫ ਦੀ ਵਧਦੀ ਰਣਨੀਤਕ ਏਅਰਲਿਫਟ ਸਮਰੱਥਾ ਨੂੰ ਦਰਸਾਉਂਦੀ ਹੈ। ਇਸ ਅਭਿਆਸ ਵਿੱਚ ਸੀ-130 ਜੇ ਸੁਪਰ ਹਰਕਿਊਲਿਸ ਅਤੇ ਸੀ-17 ਗਲੋਬਮਾਸਟਰ ਜਹਾਜ਼ ਵੀ ਸ਼ਾਮਲ ਸਨ।
ਝੜਪਾਂ ਤੋਂ ਬਾਅਦ, ਰਾਫੇਲ ਅਤੇ ਮਿਗ-29 ਜਹਾਜ਼ਾਂ ਸਮੇਤ ਵੱਡੀ ਗਿਣਤੀ ਵਿੱਚ ਲੜਾਕੂ ਜਹਾਜ਼ਾਂ ਨੂੰ ਹਵਾਈ ਗਸ਼ਤ ਲਈ ਤਾਇਨਾਤ ਕੀਤਾ ਗਿਆ ਸੀ, ਜਦਕਿ ਹਵਾਈ ਫੌਜ ਦੇ ਵੱਖ-ਵੱਖ ਹੈਲੀਕਾਪਟਰਾਂ ਨੂੰ ਗੋਲਾ ਬਾਰੂਦ ਅਤੇ ਫੌਜੀ ਸਾਜ਼ੋ-ਸਾਮਾਨ ਨੂੰ ਪਹਾੜੀ ਟਿਕਾਣਿਆਂ ਤੱਕ ਪਹੁੰਚਾਉਣ ਲਈ ਸੇਵਾ ਵਿੱਚ ਲਗਾਇਆ ਗਿਆ ਸੀ। ਸੂਤਰਾਂ ਨੇ ਕਿਹਾ ਕਿ ਐੱਸਯੂ-30 ਐੱਮਕੇਆਈ ਅਤੇ ਜੈਗੁਆਰ ਲੜਾਕੂ ਜਹਾਜ਼ਾਂ ਦੀ ਨਿਗਰਾਨੀ ਰੇਂਜ ਲਗਭਗ 50 ਕਿਲੋਮੀਟਰ ਸੀ ਅਤੇ ਉਨ੍ਹਾਂ ਨੇ ਇਹ ਯਕੀਨੀ ਬਣਾਇਆ ਕਿ ਚੀਨੀ ਫੌਜੀਆਂ ਦੀ ਸਥਿਤੀ ਅਤੇ ਹਰਕਤਾਂ ‘ਤੇ ਨੇੜਿਓਂ ਨਜ਼ਰ ਰੱਖੀ ਜਾਵੇ।ਸੂਤਰਾਂ ਨੇ ਕਿਹਾ ਕਿ ਆਈਏਐਫ ਨੇ ਵੱਖ-ਵੱਖ ਰਾਡਾਰਾਂ ਨੂੰ ਸਥਾਪਿਤ ਕਰਕੇ ਅਤੇ ਖੇਤਰ ਵਿੱਚ ਐਲਏਸੀ ਦੇ ਨਾਲ-ਨਾਲ ਅਗਾਂਹ ਦੀਆਂ ਸਥਿਤੀਆਂ ‘ਤੇ ਗਾਈਡਡ ਸਰਫੇਸ-ਟੂ-ਏਅਰ ਹਥਿਆਰਾਂ ਦੀ ਤਾਇਨਾਤੀ ਕਰਕੇ ਆਪਣੀ ਹਵਾਈ ਰੱਖਿਆ ਸਮਰੱਥਾ ਅਤੇ ਲੜਾਈ ਦੀ ਤਿਆਰੀ ਨੂੰ ਤੇਜ਼ੀ ਨਾਲ ਵਧਾਇਆ ਹੈ। ਭਾਰਤ ਦੀ ਸਮੁੱਚੀ ਪਹੁੰਚ ਦਾ ਹਵਾਲਾ ਦਿੰਦੇ ਹੋਏ, ਸੂਤਰਾਂ ਨੇ ਕਿਹਾ ਕਿ ਰਣਨੀਤੀ ਕਿਸੇ ਵੀ ਸਥਿਤੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਫੌਜੀ ਸਥਿਤੀ ਨੂੰ ਮਜ਼ਬੂਤ ਕਰਨ, ਭਰੋਸੇਯੋਗ ਬਲਾਂ ਨੂੰ ਬਣਾਈ ਰੱਖਣ ਅਤੇ ਦੁਸ਼ਮਣ ਦੇ ਨਿਰਮਾਣ ‘ਤੇ ਨਜ਼ਰ ਰੱਖਣ ਦੀ ਸੀ।
ਇੱਕ ਸੂਤਰ ਨੇ ਹੋਰ ਵੇਰਵੇ ਸਾਂਝੇ ਕੀਤੇ ਬਿਨਾਂ ਦੱਸਿਆ ਕਿ ਹਵਾਈ ਸੈਨਾ ਦੇ ਪਲੇਟਫਾਰਮ ਨੇ ਬੇਹੱਦ ਮੁਸ਼ਕਲ ਹਾਲਾਤਾਂ ਵਿੱਚ ਕੰਮ ਕੀਤਾ ਅਤੇ ਆਪਣੇ ਸਾਰੇ ਮਿਸ਼ਨ ਉਦੇਸ਼ਾਂ ਨੂੰ ਪੂਰਾ ਕੀਤਾ। ਇਕ ਹੋਰ ਸੂਤਰ ਨੇ ਕਿਹਾ ਕਿ ਸਮੁੱਚੀ ਕਾਰਵਾਈ ਨੇ ‘ਆਪ੍ਰੇਸ਼ਨ ਪਰਾਕ੍ਰਮ’ ਦੇ ਮੁਕਾਬਲੇ ਆਈਏਐਫ ਦੀ ਵਧੀ ਹੋਈ ਏਅਰਲਿਫਟ ਸਮਰੱਥਾ ਦਾ ਪ੍ਰਦਰਸ਼ਨ ਕੀਤਾ। ਦਸੰਬਰ 2001 ਵਿਚ ਸੰਸਦ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਭਾਰਤ ਨੇ ‘ਆਪਰੇਸ਼ਨ ਪਰਾਕ੍ਰਮ’ ਸ਼ੁਰੂ ਕੀਤਾ, ਜਿਸ ਦੇ ਤਹਿਤ ਇਸ ਨੇ ਕੰਟਰੋਲ ਰੇਖਾ ਦੇ ਨਾਲ ਵੱਡੀ ਗਿਣਤੀ ਵਿਚ ਸੈਨਿਕਾਂ ਨੂੰ ਲਾਮਬੰਦ ਕੀਤਾ।
ਪੂਰਬੀ ਲੱਦਾਖ ਵਿੱਚ ਰੁਕਾਵਟ ਤੋਂ ਬਾਅਦ, ਸਰਕਾਰ ਲਗਭਗ 3,500 ਕਿਲੋਮੀਟਰ ਲੰਬੇ ਐਲਏਸੀ ਦੇ ਨਾਲ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਜ਼ੋਰ ਦੇ ਰਹੀ ਹੈ। ਗਲਵਾਨ ਘਾਟੀ ‘ਚ ਝੜਪਾਂ ਤੋਂ ਬਾਅਦ ਫੌਜ ਨੇ ਵੀ ਆਪਣੀ ਲੜਾਕੂ ਸਮਰੱਥਾ ਨੂੰ ਵਧਾਉਣ ਲਈ ਕਈ ਕਦਮ ਚੁੱਕੇ ਹਨ। ਇਸ ਨੇ ਪਹਿਲਾਂ ਹੀ ਅਰੁਣਾਚਲ ਪ੍ਰਦੇਸ਼ ਵਿੱਚ ਐਲਏਸੀ ਦੇ ਨਾਲ ਪਹਾੜੀ ਖੇਤਰਾਂ ਵਿੱਚ ਆਸਾਨੀ ਨਾਲ ਪੋਰਟੇਬਲ ਐੱਮ-777 ਅਲਟਰਾ-ਲਾਈਟ ਹਾਵਿਟਜ਼ਰਾਂ ਦੀ ਇੱਕ ਮਹੱਤਵਪੂਰਨ ਗਿਣਤੀ ਨੂੰ ਤਾਇਨਾਤ ਕੀਤਾ ਹੈ। ਐੱਮ-777 ਨੂੰ ਚਿਨੂਕ ਹੈਲੀਕਾਪਟਰਾਂ ‘ਤੇ ਤੇਜ਼ੀ ਨਾਲ ਲਿਜਾਇਆ ਜਾ ਸਕਦਾ ਹੈ ਅਤੇ ਫੌਜ ਕੋਲ ਹੁਣ ਸੰਚਾਲਨ ਦੀਆਂ ਜ਼ਰੂਰਤਾਂ ਦੇ ਆਧਾਰ ‘ਤੇ ਉਨ੍ਹਾਂ ਨੂੰ ਇਕ ਸਥਾਨ ਤੋਂ ਦੂਜੇ ਸਥਾਨ ‘ਤੇ ਲਿਜਾਣ ਦੇ ਸਾਧਨ ਹਨ।
Comment here