ਨਵੀਂ ਦਿੱਲੀ- ਗਲਤ ਪਾਰਕਿੰਗ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਸਰਕਾਰ ਹੁਣ ਇਨਾਮ ਦਿਆ ਕਰੇਗੀ। ਜੇਕਰ ਕੋਈ ਵਿਅਕਤੀ ਸੜਕ ‘ਤੇ ਗਲਤ ਤਰੀਕੇ ਨਾਲ ਪਾਰਕ ਕੀਤੇ ਵਾਹਨ ਦੀ ਤਸਵੀਰ ਭੇਜਦਾ ਹੈ ਤਾਂ ਉਸ ਨੂੰ 500 ਰੁਪਏ ਦਾ ਇਨਾਮ ਮਿਲੇਗਾ। ਸਰਕਾਰ ਜਲਦ ਹੀ ਅਜਿਹਾ ਕਾਨੂੰਨ ਲਿਆਉਣ ਜਾ ਰਹੀ ਹੈ। ਇਸ ਦੇ ਨਾਲ ਹੀ ਗਲਤ ਤਰੀਕੇ ਨਾਲ ਪਾਰਕਿੰਗ ਕਰਨ ਵਾਲੇ ਵਾਹਨ ਮਾਲਕ ਨੂੰ 1000 ਰੁਪਏ ਜੁਰਮਾਨਾ ਭਰਨਾ ਪਵੇਗਾ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇੱਥੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਗਡਕਰੀ ਨੇ ਕਿਹਾ ਕਿ ਉਹ ਸੜਕ ‘ਤੇ ਗਲਤ ਢੰਗ ਨਾਲ ਪਾਰਕ ਕੀਤੇ ਵਾਹਨਾਂ ਦੇ ਰੁਝਾਨ ਨੂੰ ਰੋਕਣ ਲਈ ਕਾਨੂੰਨ ਲਿਆਉਣ ਬਾਰੇ ਵਿਚਾਰ ਕਰ ਰਹੇ ਹਨ। ਗਡਕਰੀ ਨੇ ਕਿਹਾ, ਮੈਂ ਅਜਿਹਾ ਕਾਨੂੰਨ ਲਿਆਉਣ ਜਾ ਰਿਹਾ ਹਾਂ ਕਿ ਸੜਕ ‘ਤੇ ਖੜ੍ਹੇ ਵਾਹਨ ‘ਤੇ 1000 ਰੁਪਏ ਦਾ ਜੁਰਮਾਨਾ ਲੱਗੇਗਾ। ਇਸ ਦੇ ਨਾਲ ਹੀ ਗਲਤ ਪਾਰਕ ਕੀਤੇ ਵਾਹਨ ਦੀ ਤਸਵੀਰ ਲੈ ਕੇ ਭੇਜਣ ਵਾਲੇ ਨੂੰ 500 ਰੁਪਏ ਦਿੱਤੇ ਜਾਣਗੇ। ਮੰਤਰੀ ਨੇ ਇਸ ਗੱਲ ‘ਤੇ ਨਰਾਜ਼ਗੀ ਜ਼ਾਹਰ ਕੀਤੀ ਕਿ ਲੋਕ ਆਪਣੇ ਵਾਹਨਾਂ ਲਈ ਪਾਰਕਿੰਗ ਥਾਂ ਨਹੀਂ ਬਣਾਉਂਦੇ। ਇਸ ਦੀ ਬਜਾਏ ਉਹ ਆਪਣੇ ਵਾਹਨ ਸੜਕ ‘ਤੇ ਪਾਰਕ ਕਰਦੇ ਹਨ।ਹਲਕੇ ਲਹਿਜੇ ਵਿੱਚ ਉਹਨਾਂ ਨੇ ਕਿਹਾ, ਨਾਗਪੁਰ ਵਿੱਚ ਮੇਰੇ ਰਸੋਈਏ ਕੋਲ ਵੀ ਦੋ ਸੈਕਿੰਡ ਹੈਂਡ ਗੱਡੀਆਂ ਹਨ। ਅੱਜ ਚਾਰ ਜੀਆਂ ਦੇ ਪਰਿਵਾਰ ਕੋਲ ਛੇ ਕਾਰਾਂ ਹਨ। ਲੱਗਦਾ ਹੈ ਕਿ ਦਿੱਲੀ ਦੇ ਲੋਕ ਖੁਸ਼ਕਿਸਮਤ ਹਨ। ਅਸੀਂ ਉਨ੍ਹਾਂ ਦੇ ਵਾਹਨ ਪਾਰਕ ਕਰਨ ਲਈ ਸੜਕ ਬਣਾ ਦਿੱਤੀ ਹੈ।
Comment here