ਖਬਰਾਂਚਲੰਤ ਮਾਮਲੇਦੁਨੀਆ

ਗਰੀਬ ਵਿਦਿਆਰਥੀਆਂ ਦੇ ਮਸੀਹਾ ਪ੍ਰੋਫੈਸਰ ਬੀ.ਸੀ. ਵਰਮਾ ਚਲ ਵਸੇ

ਚੰਡੀਗੜ੍ਹ-ਉੱਘੇ ਸਿੱਖਿਆ ਸ਼ਾਸਤਰੀ ਅਤੇ ਕੈਮਿਸਟਰੀ ਦੇ ਪ੍ਰੋਫੈਸਰ ਸ੍ਰੀ ਬੀ.ਸੀ. ਵਰਮਾ ਦਾ ਪੀ.ਜੀ.ਆਈ. ਚੰਡੀਗੜ੍ਹ ਵਿਖੇ ਕੁਝ ਦਿਨ ਦਾਖਲ ਰਹਿਣ ਉਪਰੰਤ ਸਵਰਗ ਸੁਧਾਰ ਗਏ। ਨਿਮਰਤਾ ਤੇ ਹਲੀਮੀ ਦੇ ਨਾਲ ਕੁਸ਼ਲ ਪ੍ਰੋਫੈਸਰ ਰਹੇ ਸ੍ਰੀ ਬੀ.ਸੀ. ਵਰਮਾ ਵੱਲੋਂ ਆਪਣੇ ਅਧਿਆਪਨ ਸਮੇਂ ਕੀਤੇ ਨੇਕ ਕੰਮਾਂ ਸਦਕਾ ਪ੍ਰਾਪਤ ਦੁਆਵਾਂ ਦਾ ਹੀ ਫਲ ਹੈ ਕਿ ਪਰਮਾਤਮਾ ਨੇ ਉਨ੍ਹਾਂ ਦੇ ਪੁੱਤਰ ਸ੍ਰੀ ਅਨੁਰਾਗ ਵਰਮਾ ਨੂੰ ਪੰਜਾਬ ਦੇ ਮੁੱਖ ਸਕੱਤਰ ਦੇ ਮੁਕਾਮ ਉੱਤੇ ਪਹੁੰਚਾਇਆ।
ਪ੍ਰੋ ਬੀ.ਸੀ. ਵਰਮਾ ਦਾ ਜਨਮ 2 ਅਪ੍ਰੈਲ, 1934 ਨੂੰ ਪਟਿਆਲਾ ਜ਼ਿਲ੍ਹੇ ਦੇ ਪਿੰਡ ਚਲੈਲਾ ਵਿਖੇ ਹੋਇਆ। ਬਚਪਨ ਤੋਂ ਹੀ ਪੜ੍ਹਾਈ ਦੀ ਲਗਨ ਕਾਰਨ ਉਹ ਪਹਿਲਾਂ ਪੈਦਲ ਅਤੇ ਫੇਰ ਸਾਈਕਲ ਉਤੇ 15 ਕਿਲੋਮੀਟਰ ਦੂਰ ਪਟਿਆਲਾ ਸ਼ਹਿਰ ਪੜ੍ਹਨ ਜਾਂਦੇ ਸਨ। ਕੈਮਿਸਟਰੀ ਵਿਸ਼ੇ ਵਿੱਚ ਉੱਚ ਸਿੱਖਿਆ ਹਾਸਲ ਕਰਨ ਤੋਂ ਬਾਅਦ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਵਿਖੇ ਕੈਮਿਸਟਰੀ ਦੇ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਈਆਂ।
ਆਪਣੇ ਅਧਿਆਪਨ ਦੇ ਕਾਰਜਕਾਲ ਦੌਰਾਨ ਸ੍ਰੀ ਵਰਮਾ ਵਿਦਿਆਰਥੀਆਂ ਵਿੱਚ ਬਹੁਤ ਮਕਬੂਲ ਸਨ। ਅੱਸੀ ਦੇ ਦਹਾਕੇ ਵਿੱਚ ਜਦੋਂ ਟਿਊਸ਼ਨਾਂ ਦਾ ਦੌਰ ਸਿਖਰ ਉੱਤੇ ਸੀ, ਉਦੋਂ ਸ੍ਰੀ ਵਰਮਾ ਨੇ ਕਾਲਜ ਦੀ ਪੜ੍ਹਾਈ ਤੋਂ ਬਾਅਦ ਗਰੀਬ, ਲੋੜਵੰਦ ਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਘਰ ਵਿਖੇ ਮੁਫ਼ਤ ਪੜ੍ਹਾ ਕੇ ਜੱਸ ਖੱਟਿਆ। ਉਹ ਅਨੇਕਾਂ ਪਰਿਵਾਰਾਂ ਦੇ ਬੱਚਿਆਂ ਲਈ ਰਾਹਗੀਰ ਬਣੇ ਅਤੇ ਲੋੜਵੰਦ ਦੀ ਭੱਜ ਕੇ ਮੱਦਦ ਕਰਦੇ। ਆਪਣੇ ਵਿਦਿਆਰਥੀਆਂ ਦੇ ਅਕਾਦਮਿਕ ਮਾਮਲਿਆਂ ਵਿੱਚ ਹਰ ਤਰ੍ਹਾਂ ਦੀ ਮੱਦਦ ਕਰਨ ਦੇ ਨਾਲ ਆਪਣੇ ਸਹਾਇਕ ਕਰਮਚਾਰੀਆਂ ਪ੍ਰਤੀ ਵੀ ਸੁਹਿਰਦ ਤੇ ਉਸਾਰੂ ਸੋਚ ਰੱਖਦੇ ਸਨ।
ਪ੍ਰੋ. ਬੀ.ਸੀ. ਵਰਮਾ ਦੇ ਪੜ੍ਹਾਏ ਵਿਦਿਆਰਥੀ ਵੱਖ-ਵੱਖ ਖੇਤਰਾਂ ਵਿੱਚ ਉਚ ਅਹੁਦਿਆਂ ਉਤੇ ਪਹੁੰਚੇ ਜਿਨ੍ਹਾਂ ਵਿੱਚ ਸਿਵਲ ਤੇ ਪੁਲਿਸ ਅਧਿਕਾਰੀ, ਪ੍ਰੋਫੈਸਰ ਅਤੇ ਵੱਡੀ ਗਿਣਤੀ ਵਿੱਚ ਡਾਕਟਰ ਸ਼ਾਮਲ ਹਨ। ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਗੁਰਪ੍ਰੀਤ ਸਿੰਘ ਵਾਂਡਰ ਅਕਸਰ ਆਪਣੇ ਸਤਿਕਾਰਯੋਗ ਅਧਿਆਪਕ ਪ੍ਰੋ. ਵਰਮਾ ਨੂੰ ਯਾਦ ਕਰਦੇ ਸਨ। ਸ੍ਰੀ ਵਰਮਾ ਨੇ ਅਧਿਆਪਨ ਤੋਂ ਇਲਾਵਾ ਬਤੌਰ ਸਿੱਖਿਆ ਪ੍ਰਸ਼ਾਸਕ ਕੁਸ਼ਲ ਸੇਵਾਵਾਂ ਨਿਭਾਈਆਂ। ਆਪ ਸਰਕਾਰੀ ਕਾਲਜ ਪੱਟੀ ਅਤੇ ਸਰਕਾਰੀ ਸਪੋਰਟਸ ਕਾਲਜ ਜਲੰਧਰ ਦੇ ਪ੍ਰਿੰਸੀਪਲ ਰਹਿਣ ਉਪਰੰਤ ਡੀ.ਪੀ.ਆਈ. ਕਾਲਜਾਂ ਵਿਖੇ ਬਤੌਰ ਡਿਪਟੀ ਡਾਇਰੈਕਟਰ ਵਜੋਂ ਸੇਵਾ-ਮੁਕਤ ਹੋਏ। ਪ੍ਰੋ. ਬੀ.ਸੀ. ਵਰਮਾ ਦੇ ਧਰਮ ਪਤਨੀ ਵੀ ਅਧਿਆਪਕਾ ਸਨ ਅਤੇ ਉਨ੍ਹਾਂ ਦਾ ਇਕ ਪੁੱਤਰ ਸ੍ਰੀ ਅਨੁਰਾਗ ਵਰਮਾ ਇਸ ਵੇਲੇ ਪੰਜਾਬ ਦੇ ਮੁੱਖ ਸਕੱਤਰ ਅਤੇ ਦੂਜੇ ਪੁੱਤਰ ਅਸ਼ੀਸ਼ ਵਰਮਾ ਐਡਵੋਕੇਟ ਹਨ।
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੰਤਰੀਆਂ ਨੇ ਫੁੱਲ ਚੜ੍ਹਾ ਕੇ ਦਿੱਤੀ ਸ਼ਰਧਾਂਜਲੀ
ਪੰਜਾਬ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਦੇ ਪਿਤਾ ਜੀ ਪ੍ਰੋ ਬੀ ਸੀ ਵਰਮਾ ਦੇ ਅੰਤਿਮ ਸੰਸਕਾਰ ਮੌਕੇ ਪੰਜਾਬ ਦੇ ਕੈਬਨਿਟ ਮੰਤਰੀਆਂ ਸਣੇ ਵੱਡੀ ਗਿਣਤੀ ਵਿੱਚ ਪ੍ਰਮੁੱਖ ਸਖਸ਼ੀਅਤਾਂ ਨੇ ਹਾਜ਼ਰੀ ਭਰਦਿਆਂ ਵਿਛੜੀ ਰੂਹ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਪੰਜਾਬ ਸਰਕਾਰ ਤਰਫ਼ੋ ਕੈਬਨਿਟ ਮੰਤਰੀਆਂ ਸ੍ਰੀ ਹਰਪਾਲ ਸਿੰਘ ਚੀਮਾ ਤੇ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਮੁੱਖ ਮੰਤਰੀ ਤਰਫ਼ੋ ਉਨ੍ਹਾਂ ਦੇ ਓ ਐਸ ਡੀ ਸ੍ਰੀ ਰਾਜਬੀਰ ਸਿੰਘ ਘੁੰਮਣ ਨੇ ਪਾਰਥਿਵ ਸਰੀਰ ਉਤੇ ਰੀਥ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਕੈਬਨਿਟ ਮੰਤਰੀਆਂ ਸ੍ਰੀ ਅਮਨ ਅਰੋੜਾ, ਸ੍ਰੀ ਲਾਲ ਚੰਦ ਕਟਾਰੂਚੱਕ, ਸ੍ਰੀ ਬ੍ਰਮ ਸ਼ੰਕਰ ਜ਼ਿੰਪਾ ਤੇ ਸ੍ਰੀ ਬਲਕਾਰ ਸਿੰਘ ਨੇ ਵੀ ਸ੍ਰੀ ਵਰਮਾ ਨਾਲ ਦੁੱਖ ਸਾਂਝਾ ਕੀਤਾ।
ਪ੍ਰੋ. ਬੀ ਸੀ ਵਰਮਾ ਜੋ 89 ਵਰ੍ਹਿਆਂ ਦੇ ਸਨ, ਅੱਜ ਸਵੇਰੇ ਪੀ.ਜੀ.ਆਈ. ਚੰਡੀਗੜ੍ਹ ਵਿਖੇ ਸੰਖੇਪ ਬਿਮਾਰੀ ਉਪਰੰਤ ਚੱਲ ਵਸੇ ਸਨ।ਸੈਕਟਰ 25 ਦੇ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਮੌਕੇ ਪ੍ਰੋ ਵਰਮਾ ਦੀ ਚਿਤਾ ਨੂੰ ਅਗਨੀ ਉਨ੍ਹਾ ਦੇ ਦੋਵੇਂ ਪੁੱਤਰਾਂ ਸ੍ਰੀ ਅਨੁਰਾਗ ਵਰਮਾ ਤੇ ਸ੍ਰੀ ਅਸ਼ੀਸ਼ ਵਰਮਾ ਨੇ ਦਿੱਤੀ।
ਇਸ ਮੌਕੇ ਮੁੱਖ ਮੰਤਰੀ ਦੇ ਓ.ਐਸ.ਡੀ. (ਮੀਡੀਆ) ਸ੍ਰੀ ਆਦਿਲ ਆਜ਼ਮੀ, ਓ.ਐਸ.ਡੀ. (ਪੀਆਰ) ਸ੍ਰੀ ਮਨਜੀਤ ਸਿੱਧੂ, ਡਾਇਰੈਕਟਰ ਮੀਡੀਆ ਰਿਲੇਸ਼ਨਜ਼ ਸ੍ਰੀ ਬਲਤੇਜ ਸਿੰਘ ਪੰਨੂੰ, ਯੂ.ਟੀ. ਦੇ ਪ੍ਰਸ਼ਾਸਕ ਦੇ ਸਲਾਹਕਾਰ ਸ੍ਰੀ ਧਰਮ ਪਾਲ, ਪੰਜਾਬ ਆਈ.ਏ.ਐਸ. ਅਫਸਰਜ਼ ਐਸੋਸੀਏਸ਼ਨ ਤਰਫੋੰ ਉਨ੍ਹਾਂ ਦੇ ਪ੍ਰਧਾਨ ਸ੍ਰੀ ਤੇਜਵੀਰ ਸਿੰਘ, ਮੁੱਖ ਚੋਣ ਅਫਸਰ ਸ੍ਰੀ ਸਿਬਿਨ ਸੀ, ਡੀ.ਜੀ.ਪੀ. ਸ੍ਰੀ ਗੌਰਵ ਯਾਦਵ, ਵਿਜੀਲੈਂਸ ਡਾਇਰੈਕਟਰ ਸ੍ਰੀ ਵਰਿੰਦਰ ਕੁਮਾਰ, ਐਡਵੋਕੇਟ ਜਨਰਲ ਸ੍ਰੀ ਵਿਨੋਦ ਘਈ, ਸੂਚਨਾ ਤੇ ਲੋਕ ਸੰਪਰਕ ਮੰਤਰੀ ਤਰਫ਼ੋ ਵਿਭਾਗ ਦੇ ਸਕੱਤਰ ਸ੍ਰੀ ਮਾਲਵਿੰਦਰ ਸਿੰਘ ਜੱਗੀ ਨੇ ਵੀ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਇਸ ਮੌਕੇ ਕੈਬਨਿਟ ਮੰਤਰੀ, ਵਿਧਾਇਕਾਂ, ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ, ਸਿਵਲ, ਪੁਲਿਸ ਤੇ ਸੈਨਾ ਦੇ ਉੱਚ ਅਧਿਕਾਰੀਆਂ, ਯੂ.ਟੀ. ਪ੍ਰਸ਼ਾਸਨ ਦੇ ਅਧਿਕਾਰੀ, ਸੇਵਾ ਮੁਕਤ ਅਧਿਕਾਰੀ, ਵਕੀਲ ਭਾਈਚਾਰੇ ਅਤੇ ਪ੍ਰੈੱਸ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂ, ਸਮਾਜਿਕ ਸੰਗਠਨਾਂ ਤੇ ਸਕੱਤਰੇਤ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

Comment here