ਅਪਰਾਧਸਿਆਸਤਖਬਰਾਂ

ਗਨੀ ਤੇ ਸਾਲੇਹ ਵਾਪਸ ਪਰਤ ਸਕਦੇ ਨੇ-ਤਾਲਿਬਾਨ ਨੇ ਕਿਹਾ

ਕਾਬੁਲ- ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਦੌਰਾਨ ਰਾਸ਼ਟਰਪਤੀ ਅਸ਼ਰਫ ਗਨੀ ਦੇਸ਼ ਛੱਡ ਕੇ ਦੌੜ ਗਏ ਸਨ, ਤੇ ਯੂ ਏ ਈ ਵਿੱਚ ਸ਼ਰਨ ਲਈ ਹੈ, ਇਸ ਦੌਰਾਨ ਤਾਲਿਬਾਨ ਨੇ ਜਲਾਵਤਨ ਰਾਸ਼ਟਰਪਤੀ ਅਸ਼ਰਫ ਗਨੀ ਅਤੇ ਉਪ ਰਾਸ਼ਟਰਪਤੀ ਅਮਰੁਲਾਹ ਸਾਲੇਹ ਨੂੰ ਮੁਆਫ਼ੀ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਜੇਕਰ ਦੋਵੇਂ ਨੇਤਾ ਚਾਹੁੰਣ ਤਾਂ ਅਫ਼ਗਾਨਿਸਤਾਨ ਪਰਤ ਸਕਦੇ ਹਨ। ਸਾਬਕਾ ਸੁਰੱਖਿਆ ਸਲਾਹਕਾਰ ਹਮਦੁੱਲਾਹ ਮੋਹਿਬ ਵੀ ਦੇਸ਼ ਛੱਡ ਕੇ ਚਲੇ ਗਏ ਹਨ। ਇਹ ਸਾਰੇ ਹੀ ਯੂ ਏ ਈ ਵਿਚ ਹਨ। ਪਾਕਿਸਤਾਨ ਦੇ ਜੀਓ ਨਿਊਜ਼ ਚੈਨਲ ਨੂੰ ਦਿੱਤੇ ਇਕ ਇੰਟਰਵਿਊ ਵਿਚ ਤਾਲਿਬਾਨ ਦੇ ਸੀਨੀਅਰ ਨੇਤਾ ਖ਼ਲੀਲ ਉਰ ਰਹਿਮਾਨ ਹੱਕਾਨੀ ਨੇ ਕਿਹਾ ਕਿ ਅਸੀਂ ਅਸ਼ਰਫ ਗਨੀ, ਅਮਰੁਲਾਹ ਸਾਲੇਹ ਅਤੇ ਹਮਦੁੱਲਾਹ ਮੋਹਿਬ ਨੂੰ ਮੁਆਫ਼ ਕਰਦੇ ਹਾਂ। ਤਾਲਿਬਾਨ ਨਾਲ ਤਿੰਨ ਦੀ ਦੁਸ਼ਮਣੀ ਸਿਰਫ ਧਰਮ ਦੇ ਅਧਾਰ ‘ਤੇ ਸੀ। ਅਸੀਂ ਆਪਣੇ ਵੱਲੋਂ ਸਾਰਿਆਂ ਨੂੰ ਮੁਆਫ਼ ਕਰਦੇ ਹਾਂ। ਇਸ ਵਿਚ ਆਮ ਆਦਮੀ ਤੋਂ ਲੈ ਕੇ ਸਾਡੇ ਖਿਲਾਫ਼ ਜੰਗ ਲੜਨ ਵਾਲੇ ਜਨਰਲ ਵੀ ਸ਼ਾਮਲ ਹਨ। ਤਾਲਿਬਾਨੀ ਨੇਤਾ ਨੇ ਕਿਹਾ ਕਿ  ਅਫ਼ਗਾਨਿਸਤਾਨ ਤੋਂ ਭੱਜ ਰਹੇ ਲੋਕਾਂ ਨੂੰ ਬੇਨਤੀ ਹੈ ਕਿ ਉਹ ਅਜਿਹਾ ਨਾ ਕਰਨ। ਦੁਸ਼ਮਣ ਇਸ ਗੱਲ ਦਾ ਪ੍ਰਚਾਰ ਕਰਨ ਵਿਚ ਜੁਟਿਆ ਹੋਇਆ ਹੈ ਕਿ ਲੋਕਾਂ ਤੋਂ ਬਦਲਾ ਲਿਆ ਜਾਏਗਾ। ਤਾਜਿਕ, ਬਲੋਚ, ਹਜਾਰਾ ਅਤੇ ਪਸ਼ਤੂਨ ਸਾਰੇ ਸਾਡੇ ਭਰਾ ਹਨ। ਸਾਰੇ ਅਫ਼ਗਾਨ ਸਾਡੇ ਭਰਾ ਹਨ ਅਤੇ ਇਸ ਲਈ ਉਹ ਮੁਲਕ ਵਾਪਸ ਪਰਤ ਸਕਦੇ ਹਨ। ਸਾਡੀ ਦੁਸ਼ਮਣੀ ਦਾ ਇਕਮਾਤਰ ਕਾਰਨ ਸਿਸਟਮ ਨੂੰ ਬਦਲਣਾ ਸੀ। ਸਿਸਟਮ ਹੁਣ ਬਦਲ ਚੁੱਕਾ ਹੈ। ਹੱਕਾਨੀ ਨੇ ਕਿਹਾ ਕਿ ਤਾਲਿਬਾਨ ਉਹ ਲੋਕ ਨਹੀਂ ਸਨ ਜਿਨ੍ਹਾਂ ਨੇ ਅਮਰੀਕਾ ਵਿਰੁੱਧ ਜੰਗ ਲੜੀ ਸੀ। ਅਸੀਂ ਅਮਰੀਕਾ ਖਿਲਾਫ਼ ਹਥਿਆਰ ਚੁੱਕੇ, ਕਿਉਂਕਿ ਉਸਨੇ ਸਾਡੀ ਮਾਤਭੂਮੀ ’ਤੇ ਹਮਲਾ ਕੀਤਾ ਸੀ। ਹੋਰ ਕਿਸੇ ਨਾਲ ਸਾਡਾ ਕੋਈ ਵੈਰ ਨਹੀੰ ਹੈ।

Comment here