ਸਿਆਸਤਖਬਰਾਂਖੇਡ ਖਿਡਾਰੀ

ਗਨੀਮਤ ਤੇ ਦਰਸ਼ਨਾ ਨੇ ਭਾਰਤ ਨੂੰ ਦਿਵਾਏ ਚਾਂਦੀ ਤੇ ਕਾਂਸੀ ਦੇ ਤਮਗੇ

ਅਲਮਾਟੀ-ਇੱਥੇ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਵਿਚ ਗਨੀਮਤ ਸੇਖੋਂ ਦੇ ਚਾਂਦੀ ਤੇ ਦਰਸ਼ਨਾ ਰਾਠੌੜ ਦੇ ਕਾਂਸੀ ਤਮਗੇ ਦੇ ਨਾਲ ਭਾਰਤ ਨੇ ਸੀਨੀਅਰ ਪੱਧਰ ’ਤੇ ਮਹਿਲਾ ਸਕੀਟ ਵਿਚ ਪਹਿਲੀ ਵਾਰ 2 ਤਮਗੇ ਜਿੱਤੇ। ਕਜ਼ਾਕਿਸਤਾਨ ਦੀ ਸਥਾਨਕ ਦਾਅਵੇਦਾਰ ਏਸੇਮ ਓਰਿਨਬੇ ਨੇ ਸ਼ੂਟ-ਆਫ ਵਿਚ ਗਨੀਮਤ ਨੂੰ ਪਛਾੜ ਕੇ ਸੋਨ ਤਮਗਾ ਜਿੱਤਿਆ। ਗਨੀਮਤ ਅਤੇ ਓਰਿਨਬੇ ਨੇ 60 ਸ਼ਾਟ ਦੇ ਫਾਈਨਲ ਵਿੱਚ 50-50 ਅੰਕ ਜੋੜੇ। ਸ਼ੂਟਆਊਟ ਵਿੱਚ ਗਨੀਮਤ ਦੋ ਵਿੱਚੋਂ ਇੱਕ ਟੀਚੇ ‘ਤੇ ਨਿਸ਼ਾਨਾ ਲਗਾਉਣ ਤੋਂ ਖੁੰਝ ਗਈ, ਜਦੋਂ ਕਿ ਓਰਿਨਬੇ ਨੇ ਆਪਣੇ ਦੋਵੇਂ ਟੀਚਿਆਂ ‘ਤੇ ਨਿਸ਼ਾਨੇ ਲਾਏ। ਗਨੀਮਤ ਦਾ ਇਹ ਦੂਸਰਾ ਵਿਅਕਤੀਗਤ ਵਿਸ਼ਵ ਕੱਪ ਤਮਗਾ ਸੀ, ਜਦੋਂ ਕਿ ਦਰਸ਼ਨਾ ਨੇ ਸੀਨੀਅਰ ਪੱਧਰ ‘ਤੇ ਆਪਣੇ ਪਹਿਲੇ ਫਾਈਨਲ ਵਿੱਚ ਹੀ ਤਮਗਾ ਪੱਕਾ ਕੀਤਾ। ਇਸ ਤੋਂ ਪਹਿਲਾਂ ਮੁਕਾਬਲੇ ਦੇ ਦੂਜੇ ਦਿਨ ਦਰਸ਼ਨਾ ਨੇ 120 ਦੇ ਸਕੋਰ ਨਾਲ ਰਾਸ਼ਟਰੀ ਰਿਕਾਰਡ ਦੀ ਬਰਾਬਰੀ ਕਰ ਕੇ ਛੇ ਔਰਤਾਂ ਦੇ ਫਾਈਨਲ ਲਈ ਦੂਜੇ ਸਥਾਨ ਦੇ ਨਾਲ ਕੁਆਲੀਫਾਈ ਕੀਤਾ।
ਗਨੀਮਤ 117 ਦੇ ਸਕੋਰ ਨਾਲ ਚੌਥੇ ਸਥਾਨ ‘ਤੇ ਰਹੀ। ਓਰਿਨਬੇ 121 ਅੰਕਾਂ ਨਾਲ ਸੂਚੀ ਵਿਚ ਸਿਖਰ ‘ਤੇ ਰਹੀ। ਅੰਤਿਮ ਚਾਰ ਮੁਕਾਬਲਿਆਂ ਵਿੱਚ 30 ਸ਼ਾਟ ਹੋਣ ਤੋਂ ਬਾਅਦ ਦਰਸ਼ਨਾ 25 ਅੰਕਾਂ ਨਾਲ ਸਿਖਰ ‘ਤੇ ਰਹੀ ਸੀ, ਜਦੋਂਕਿ ਓਰਿਨਬੇ 24 ਅੰਕਾਂ ਨਾਲ ਦੂਜੇ ਸਥਾਨ ‘ਤੇ ਸੀ। ਦਰਸ਼ਨਾ ਚੈੱਕ ਗਣਰਾਜ ਦੀ ਬਾਰਬੋਰਾ ਨਾਲ ਸਾਂਝੇ ਤੌਰ ‘ਤੇ ਤੀਜੇ ਸਥਾਨ ‘ਤੇ ਸੀ। ਅਗਲੇ 10 ਨਿਸ਼ਾਨਿਆਂ ਤੋਂ ਬਾਅਦ ਬਾਰਬੋਰਾ ਖਿਤਾਬੀ ਦੌੜ ਤੋਂ ਬਾਹਰ ਹੋ ਗਈ ਅਤੇ ਭਾਰਤ ਲਈ ਇਤਿਹਾਸਕ 2 ਤਮਗੇ ਪੱਕੇ ਹੋ ਗਏ। ਮੇਰਾਜ ਖਾਨ (119 ਅੰਕ) ਨਾਲ 16ਵੇਂ, ਜਦੋਂਕਿ ਗੁਰਜੋਤ ਖੰਗੂੜਾ ਇਸੇ ਸਕੋਰ ਨਾਲ 18ਵੇਂ ਸਥਾਨ ‘ਤੇ ਰਹੇ। ਅਨੰਤਜੀਤ ਸਿੰਘ ਨਰੂਕਾ 118 ਅੰਕਾਂ ਨਾਲ ਹੋਰ ਪਿੱਛੇ ਰਿਹਾ। ਪੁਰਸ਼ਾਂ ਦੀ ਸਕੀਟ ਵਿੱਚ ਤਿੰਨ ਭਾਰਤੀਆਂ ਵਿੱਚੋਂ ਕੋਈ ਵੀ ਫਾਈਨਲ ਵਿੱਚ ਨਹੀਂ ਪਹੁੰਚ ਸਕਿਆ।

Comment here