ਜਲੰਧਰ-31ਵੇਂ ਗਦਰੀ ਬਾਬਿਆਂ ਦੇ ਮੇਲੇ ਦੇ ਤੀਜੇ ਦਿਨ ਝੰਡੇ ਦੀ ਰਸਮ ਗਦਰ ਪਾਰਟੀ ਦੇ 109 ਸਾਲ ਦੇ ਇਤਿਹਾਸ, ਸੰਘਰਸ਼, ਕੁਰਬਾਨੀਆਂ ਅਤੇ ਸਮਾਜਵਾਦ ਪ੍ਰਤੀ ਲੜੀਆਂ ਜਾ ਰਹੀਆਂ ਲੜਾਈਆਂ ’ਤੇ ਰੌਸ਼ਨੀ ਪਾਈ ਗਈ। ਕਮੇਟੀ ਮੈਂਬਰ ਸਵਰਨ ਸਿੰਘ ਵਿਰਕ ਨੇ ਗਦਰੀ ਬਾਬਿਆਂ ਦੇ ਮੇਲੇ ਵਿਚ ਝੰਡੇ ਦੀ ਰਸਮ ਅਦਾ ਕੀਤੀ ਗਈ। ਅਮੋਲਕ ਸਿੰਘ ਵੱਲੋਂ ਲਿਖੇ ਅਤੇ ਪਟਿਆਲਾ ਦੇ ਸਤਪਾਲ ਬੱਗਾ ਵੱਲੋਂ ਨਿਰਦੇਸ਼ਤ ਗੀਤ ਸੰਗੀਤ ਨਾਟ ਓਪੇਰਾ ‘ਗਦਰ ਦਾ ਪੈਗਾਮ ਜਾਰੀ ਰੱਖੋ’ ਨੇ ਪੰਜਾਬ ਦੀ ਵੰਡ ਦੇ ਦੁਖਾਂਤ ’ਤੇ ਚਾਨਣਾ ਪਾਇਆ, ਇਸ ਪੇਸ਼ਕਾਰੀ ’ਚ 110 ਕਲਾਕਾਰਾਂ ਨੇ ਝੰਡੇ ਦੀ ਸ਼ਕਤੀ ਨੂੰ ਸਲਾਮੀ ਦਿੱਤੀ। ਯਾਦਗਰ ਕਮੇਟੀ ਦੇ ਕਾਰਜਕਾਰੀ ਜਨਰਲ ਸਕੱਤਰ ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਗਦਰ ਪਾਰਟੀ ਦੇ 109 ਸਾਲ ਦੇ ਸਥਾਪਨਾ ਤੋਂ ਬਾਅਦ ਵੀ ਗੁਲਾਮੀ, ਪੱਖਪਾਤ, ਸਮਾਜ ਵਿਰੋਧੀ ਧਿਰਾਂ ਦੇ ਹਮਲੇ, ਲੋਕਾਂ ’ਤੇ ਹੋ ਰਹੇ ਜ਼ੁਲਮ, ਵੱਡੇ ਘਰਾਣਿਆਂ ਦੀ ਮਨਮਰਜ਼ੀ ਵਰਗੇ ਕਾਰੇ ਹੋ ਰਹੇ ਹਨ।
ਕਮੇਟੀ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ ਦੇਸ਼ ਦੀ ਜਨਤਾ ਨੂੰ ਵਿਰੋਧੀ ਸ਼ਕਤੀਆਂ ਦੇ ਹੱਥਾਂ ਦੀ ਕਟਪੁਤਲੀ ਬਣਨ ਲਈ ਮਜਬੂਰ ਕਰ ਦਿੱਤਾ ਹੈ। ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਆਰਥਿਕ ਜਿੱਤ ਲਈ ਸੰਘਰਸ਼ ਕਰਨਾ ਤੇ ਰਾਜਨੀਤਿਕ ਲੜਾਈ ਲੜਨਾ ਸਮੇਂ ਦੀ ਮੰਗ ਹੈ, ਹਰ ਵਰਗ ਦਾ ਸ਼ੋਸ਼ਣ ਹੋ ਰਿਹਾ ਹੈ, ਜਿਸ ਤਰ੍ਹਾਂ ਦੇ ਦੇਸ਼ ’ਚ ਹਾਲਾਤ ਪੈਦਾ ਕੀਤੇ ਜਾ ਰਹੇ ਹਨ, ਆਉਣ ਵਾਲੇ ਸਮੇਂ ’ਚ ਨਿਮਰ ਅਤੇ ਮੱਧ ਵਰਗ ਨੂੰ ਵੱਡੀ ਮਾਰ ਪਵੇਗੀ।
ਮੀਤ ਪ੍ਰਧਾਨ ਸ਼ੀਤਲ ਸਿੰਘ ਸੰਘਾ ਨੇ ਕਿਹਾ ਕਿ ਭਾਰਤ ਪਿੰਡਾਂ ਦਾ ਦੇਸ਼ ਹੈ ਤੇ ਦੇਸ਼ ਦੀ ਆਰਥਿਤਾ ਵਿਚ ਪਿੰਡ ਰੀੜ੍ਹੀ ਦੀ ਹੱਡੀ ਦਾ ਕੰਮ ਕਰਦੇ ਹਨ। ਵਿਦੇਸ਼ੀ ਸ਼ਕਤੀਆਂ ਵੱਲੋਂ ਫੈਲਾਏ ਗਏ ਗਲਤ ਪ੍ਰਚਾਰ ਕਾਰਨ ਪਿੰਡ ਉਜਾੜੇ ਜਾ ਰਹੇ ਹਨ ਜੋ ਕਿ ਦੇਸ਼ ਦੇ ਭਵਿੱਖ ਲਈ ਚਿੰਤਾ ਦਾ ਵਿਸ਼ਾ ਹੈ।
ਡਾ. ਭੀਮ ਰਾਓ ਅੰਬੇਡਕਰ ਜੀ ਦੇ ਪੜਪੋਤੇ ਰਾਜ ਰਤਨ ਅੰਬੇਡਕਰ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਸ਼ਕਤੀਸ਼ਾਲੀ ਲੋਕ ‘ਅਮ੍ਰਿਤ ਮਹਾ ਉਤਸਵ ਨੂੰ ਆਪਣੇ ਤਰੀਕੇ ਨਾਲ ਮਨਾ ਰਹੇ ਹਨ, ਸਮਾਜ ਵਿਚ ਬਹੁਤ ਸਾਰੇ ਕੌੜੇ ਸੱਚ ਦੇਖਣ ਨੂੰ ਮਿਲ ਰਹੇ ਹਨ ਕਿ ਭਾਰਤ ਦਾ ਆਮ ਇਨਸਾਨ ਸਮਾਜਿਕ, ਆਰਥਿਕ ਅਤੇ ਸਿਆਸੀ ਤੌਰ ’ਤੇ ਨਿਆਂ ਤੋਂ ਵਾਂਝਾ ਹੋ ਗਿਆ ਹੈ। ਇਸ ਦੌਰਾਨ ਦੇਸ਼ ਦੇ ਹਿੱਤ ਵਿਚ ਚੁੱਕੀ ਗਈ ਆਵਾਜ਼ ਨਾਲ ਦਰਸ਼ਕਾਂ ਦੀਆਂ ਅੱਖਾਂ ਨਮ ਹੋ ਗਈਆਂ। ਨਾਮਧਾਰੀ ਦਰਸ਼ਨ ਸਿੰਘ ਭੈਣੀ ਸਾਹਿਬ ਤੋਂ ਕਮਲ ਸਿੰਘ ਦੀ ਅਗਵਾਈ ਵਿਚ ਆਏ ਜਥੇ ਨੇ ਇਨਕਲਾਬੀ ਗੀਤ ਗਾਇਆ। ਐਡਵੋਕੇਟ ਰਾਜਿੰਦਰ ਬੈਂਸ ਨੇ ਕਿਹਾ ਕਿ ਆਮ ਇਨਸਾਨ ਦੇ ਹੱਕਾਂ ਨੂੰ ਖੋਹਣ ਦੇ ਨਾਲ-ਨਾਲ ਦੇਸ਼ ਦੀ ਆਰਥਿਕ ਸਥਿਤੀ ਖਰਾਬ ਕੀਤੀ ਜਾ ਰਹੀ ਹੈ।
Comment here