ਅਪਰਾਧਖਬਰਾਂ

ਗਦਰੀ ਬਾਬਾ ਭਾਨ ਸਿੰਘ ਦਾ ਪੜਪੋਤਾ ਨਸ਼ਾ ਤਸਕਰੀ ਚ ਕਾਬੂ

ਹਮ ਲਾਏ ਹੈਂ ਤੂਫਾਨੋ ਸੇ ਕਿਸ਼ਤੀ ਨਿਕਾਲ ਕੇ

ਇਸ ਦੇਸ਼ ਕੋ ਰਖਨਾ ਮੇਰੇ ਬੱਚੋ ਸੰਭਾਲ ਕੇ..

ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਆਪਣੀਆਂ ਕੁਰਬਾਨੀਆਂ ਦੇਣ ਵਾਲੇ ਦੇਸ਼ ਦੇ ਮਹਾਨ ਯੋਧਿਆਂ ਨੇ ਆਪਣੇ ਵਾਰਸਾੰ ਤੋਂ ਆਸ ਰੱਖੀ ਸੀ ਕਿ ਉਹ ਮਹਾਨ ਵਿਰਸੇ ਨੂੰ ਸਾਂਭ ਕੇ ਰਖਣਗੇ। ਅਜਿਹਾ ਹੀ ਇਕ ਯੋਧਾ ਹੋਇਆ ਹੈ ਗਦਰੀ ਬਾਬਾ ਭਾਨ ਸਿੰਘ ਸੁਨੇਤ। ਪਰ ਅੱਜ ਬਾਬਾ ਭਾਨ ਸਿੰਘ ਦੇ ਸਨੇਹੀ ਸ਼ਰਮਿੰਦਾ ਹਨ, ਕਿਉਂਕਿ ਉਹਨਾਂ ਦਾ ਪੜਪੋਤਾ ਜਗਜੀਤ ਸਿੰਘ ਈਦੂ ਨਸ਼ੇ ਦੀ ਤਸਕਰੀ ਦੇ ਮਾਮਲੇ ਚ ਲੁਧਿਆਣਾ ਪੁਲਸ ਵਲੋਂ ਫੜਿਆ ਗਿਆ ਹੈ। ਲੰਘੇ ਦਿਨ ਉਸ ਦੀ ਨਿਸ਼ਾਨਦੇਹੀ ਤੇ ਲਲਤੋਂ ਕਲਾਂ ਪਿੰਡ ਚ ਪਸ਼ੂਆਂ ਦੇ ਵਾੜੇ ਚੋਂ ਚਾਰ ਕਿਲੋ ਨੌ ਸੌ ਗਰਾਮ ਹੈਰੋਇਨ, ਡੂਢ ਕਿਲੋ ਅਫੀਮ ਅਤੇ ਕਾਰਤੂਸ ਬਰਾਮਦ ਕੀਤੇ ਗਏ। ਇਹ ਖੇਪ ਨਸ਼ਾ ਤਸਕਰ ਅਮਨਦੀਪ ਸਿੰਘ ਅਮਨ ਦੀ ਹੈ, ਜਿਸ ਦਾ ਈਦੂ ਕਾਲੇ ਕਾਰੋਬਾਰ ਚ ਸਾਥੀ ਹੈ, ਅਮਨ ਹੈਰੋਇਨ ਤਸਕਰੀ ਦੇ ਮਾਮਲੇ ਚ ਦਸ ਸਾਲ ਦੀ ਸਜਾ ਭੁਗਤ ਰਿਹਾ ਹੈ, ਪਰ ਅੱਜ ਕੱਲ ਜ਼ਮਾਨਤ ਤੇ ਹੈ ਤੇ ਜ਼ਮਾਨਤ ਤੇ ਆ ਕੇ ਫੇਰ ਕਾਲੇ ਕਾਰੋਬਾਰ ਚ ਲੱਗ ਗਿਆ। ਜਿਸ ਦਿਨ ਸਾਰਾ ਦੇਸ਼ ਅਜਾਦੀ ਦੇ ਜਸ਼ਨਾਂ ਮੌਕੇ ਅਜਾਦੀ ਘੁਲਾਟੀਆਂ ਨੂੰ ਨਮਨ ਕਰ ਰਿਹਾ ਸੀ, ਉਸ ਦਿਨ ਈਦੂ 800 ਗਰਾਮ ਹੈਰੋਇਨ ਨਾਲ ਫੜਿਆ ਗਿਆ ਸੀ, ਜਦ ਘਰ ਦੀ ਤਲਾਸ਼ੀ ਲਈ ਤਾਂ ਸਾਢੇ ਚਾਰ ਕਿਲੋ ਹੈਰੋਇਨ ਤੇ ਦੋ ਲੱਖ ਦਸ ਹਜਾਰ ਰੁਪਏ ਦੀ ਡਰਗ ਮਨੀ ਬਰਾਮਦ ਹੋਈ। ਉਹ ਆਪਣੇ ਪਿੰਡ ਸੁਨੇਤ ਚ ਸਪਲੀਮੈਂਟ ਵੇਚਣ ਦੀ ਦੁਕਾਨ ਕਰਦਾ ਹੈ, ਪਰ ਇਸ ਦੀ ਆੜ ਚ ਕਥਿਤ ਨਸ਼ੇ ਦੀ ਤਸਕਰੀ ਵੀ ਕਰਦਾ ਰਿਹਾ। ਉਸ ਦੇ ਬੈਂਕ ਖਾਤਿਆਂ ਚ 50-50 ਲੱਖ ਰੁਪਏ ਦੀਆਂ ਕਈ ਐਂਟਰੀਆਂ ਹੋਈਆਂ ਹਨ। ਪੁਲਸ ਨੇ ਉਸ ਦਾ ਚਾਰ ਦਿਨਾ ਰਿਮਾਂਡ ਲਿਆ ਹੈ। ਈਦੂ ਦੀ ਗ੍ਰਿਫਤਾਰੀ ਤੋਂ ਬਾਅਦ ਸੁਨੇਤ ਪਿੰਡ ਚ ਸ਼ਰਮਿੰਦਗੀ ਭਰੀ ਖਾਮੋਸ਼ੀ ਛਾਈ ਹੋਈ ਹੈ, ਪਿੰਡ ਚ ਵੜਦਿਆਂ ਹੀ ਬਾਬਾ ਭਾਨ ਸਿੰਘ ਦੀ ਯਾਦਗਾਰ ਨਜ਼ਰ ਆਉਂਦੀ ਹੈ, ਕਾਲੇ ਪਾਣੀ ਦੀ ਜੇਲ ਦੀ ਯਾਦਗਾਰ ਵੀ ਬਣੀ ਹੈ, ਜਿਥੇ ਬਾਬਾ ਭਾਨ ਸਿੰਘ ਨੂੰ ਢਾਈ ਬਾਇ ਢਾਈ ਫੁੱਟ ਦੇ ਪਿੰਜਰੇ ਚ ਬੰਦ ਕੀਤਾ ਗਿਆ ਸੀ। ਇਸ ਯਾਦਗਾਰ ਦੇ ਨਜ਼ਦੀਕ ਹੀ ਈਦੂ ਦਾ ਘਰ ਹੈ। ਮੀਡੀਆ ਕਰਮੀਆਂ ਨੂੰ ਪਿੰਡ ਦੇ ਕੁਝ ਬਜੁਰਗਾਂ ਨੇ ਕਿਹਾ ਕਿ ਬਾਬਾ ਜੀ ਨੇ ਸਾਡੇ ਪਿੰਡ ਦਾ ਨਾਮ ਸਾਰੇ ਜੱਗ ਚ ਰੌਸ਼ਨ ਕੀਤਾ, ਪਰ ਪੜਪੋਤੇ ਈਦੂ ਨੇ ਸਭ ਬਰਬਾਦ ਕਰਕੇ ਰੱਖ ਦਿੱਤਾ। ਈਦੂ ਜਿਸ ਤਸਕਰ ਅਮਨ ਨਾਲ ਰਲ  ਕੇ ਕਾਲਾ ਕਾਰੋਬਾਰ ਕਰਦਾ ਹੈ, ਉਸ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਵਿਦੇਸ਼ੀ ਸਿਮ ਦਾ ਇਸਤੇਮਾਲ ਕਰਦਾ ਹੈ, ਉਸ ਦਾ ਨੈਟਵਰਕ ਏਨਾ ਵੱਡਾ ਹੈ ਕਿ ਲੁਧਿਆਣਾ ਤੇ ਆਸ ਪਾਸ ਦੇ ਏਰੀਏ ਚ ਉਹ ਪੰਜ ਸੌ ਦੇ ਕਰੀਬ ਪੈਡਲਰਜ਼ ਨੂੰ ਨਸ਼ਾ ਸਪਲਾਈ ਕਰਦਾ ਸੀ। ਉਹ ਵਾਰ ਵਾਰ ਨਾਮ ਬਦਲਦਾ ਹੈ ਅਤੇ ਕਿਲੋਆਂ ਦੇ ਹਿਸਾਬ ਨਾਲ ਨਸ਼ੇ ਦੀ ਸਪਲਾਈ ਦਿੰਦਾ ਹੈ। ਪੁਲਸ ਹੁਣ ਅਮਨ ਦੀ ਭਾਲ ਚ ਛਾਪਾਮਾਰੀ ਕਰ ਰਹੀ ਹੈ।

 

Comment here