ਪੰਜਾਬ ’ਚ ਅਵਾਰਾ ਪਸ਼ੂਆਂ ਕਾਰਨ ਰਹੋ ਰਹੀਆਂ ਦਰਜਨਾਂ ਮੌਤਾਂ
ਪੰਜਾਬ ਸਰਕਾਰ ਮੂਕਦਰਸ਼ਕ ਬਣੀ, ਨਹੀਂ ਲੱਭ ਰਹੀ ਹੱਲ
ਸੜਕਾਂ ’ਤੇ ਘੁੰਮ ਰਹੇ ਨੇ ਡੇਢ ਲੱਖ ਅਵਾਰਾ ਪਸ਼ੂ
ਚੰਡੀਗੜ੍ਹ-ਅਵਾਰਾ ਪਸ਼ੂਆਂ ਕਾਰਨ ਰੋਜ਼ਾਨਾ ਦਰਜਨ ਤੋਂ ਵੱਧ ਮੌਤਾਂ ਸੜਕ ਹਾਦਸਿਆਂ ਕਾਰਨ ਹੋ ਰਹੀਆਂ ਹਨ, ਇਸ ਦੇ ਬਾਵਜੂਦ ਸਮੱਸਿਆ ਨਾਲ ਨਿਪਟਣ ਲਈ ਕੋਈ ਸਾਰਥਕ ਕਦਮ ਨਹੀਂ ਪੁੱਟਿਆ ਜਾ ਰਿਹਾ। ਅਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਨਜਿੱਠਣ ਅਤੇ ਗਊਸ਼ਾਲਾਵਾਂ ਦੇ ਰੱਖ-ਰਖਾਅ ਲਈ ਸਰਕਾਰ ਪਿਛਲੇ ਕਈ ਸਾਲਾਂ ਤੋਂ ‘ਗਊ ਸੈੱਸ’ ਦੇ ਨਾਂ ’ਤੇ ਕਰੋੜਾਂ ਰੁਪਏ ਇਕੱਤਰ ਕਰ ਰਹੀ ਹੈ, ਪਰ ਜ਼ਮੀਨੀ ਪੱਧਰ ’ਤੇ ਅਵਾਰਾ ਪਸ਼ੂਆਂ ਤੋਂ ਨਿਜਾਤ ਦਿਵਾਉਣ ਲਈ ਕੋਈ ਕਦਮ ਨਹੀਂ ਪੁੱਟਿਆ ਜਾ ਰਿਹਾ। ਮੌਜੂਦਾ ਸਰਕਾਰ ਕੋਲ ਵੀ ਅਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਨਜਿਠਣ ਲਈ ਫ਼ਿਲਹਾਲ ਕੋਈ ਨੀਤੀ ਬਣਾਉਣ ਦੀ ਤਜਵੀਜ਼ ਨਹੀਂ ਹੈ। ਇਸ ਦਾ ਖ਼ੁਲਾਸਾ ਵਿਧਾਨ ਸਭਾ ’ਚ ਤੱਤਕਾਲੀ ਪਸ਼ੂ ਪਾਲਣ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੀਤਾ।
ਵਿਧਾਨ ਸਭਾ ਵਿਚ ਪਿਛਲੇ ਕਈ ਸਾਲਾਂ ਤੋਂ ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਮੁੱਦਾ ਪ੍ਰਸ਼ਨ ਕਾਲ, ਧਿਆਨ ਦਿਵਾਊ ਨੋਟਿਸ, ਪ੍ਰਾਈਵੇਟ ਮੈਂਬਰ ਬਿੱਲ ਦੇ ਰੂਪ ’ਚ ਕਈ ਵਾਰ ਉੱਠਿਆ ਹੈ ਪਰ ਇਸ ਸਮੱਸਿਆ ਦੇ ਹੱਲ ਲਈ ਕੋਈ ਵੀ ਸਰਕਾਰ ਕਿਸੇ ਸਿੱਟੇ ’ਤੇ ਨਹੀਂ ਪੁੱਜ ਸਕੀ। ਇਸ ਵਾਰ ਦੇ ਬਜਟ ਇਜਲਾਸ ’ਚ ਵੀ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਵਿਕਰਮਜੀਤ ਸਿੰਘ ਚੌਧਰੀ ਨੇ ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਮੁੱਦਾ ਚੁੱਕਿਆ ਹੈ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਦਨ ’ਚ ਜਵਾਬ ਦਿੱਤਾ ਹੈ ਕਿ ਸ਼ਹਿਰਾਂ ’ਚ ਅਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਨਜਿਠਣ ਦੀ ਜ਼ਿੰਮੇਵਾਰੀ ਨਗਰ ਕੌਂਸਲਾਂ, ਨਗਰ ਨਿਗਮਾਂ ਦੀ ਹੈ ਅਤੇ ਫ਼ਿਲਹਾਲ ਕੋਈ ਨੀਤੀ ਬਣਾਉਣ ਦੀ ਤਜਵੀਜ਼ ਨਹੀਂ ਹੈ।
ਕਿੱਥੇ ਜਾ ਰਿਹੈ ਗਊ ਸੈੱਸ ਦਾ ਪੈਸਾ?
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਸਰਕਾਰ ਕੋਲ ਨੀਤੀ ਬਣਾਉਣ ਦੀ ਤਜਵੀਜ਼ ਨਹੀਂ ਤਾਂ ਫਿਰ ਗਊ ਸੈੱਸ ਦੇ ਨਾਂ ’ਤੇ ਇਕੱਤਰ ਕੀਤੇ ਜਾ ਰਹੇ ਕਰੋੜਾਂ ਰੁਪਏ ਕਿੱਥੇ ਜਾ ਰਹੇ ਹਨ? ਕੀ ਗਊ ਸੈੱਸ ਦਾ ਪੈਸਾ ਕਿਤੇ ਹੋਰ ਖ਼ਰਚ ਹੋ ਰਿਹਾ ਹੈ? ਪੰਜਾਬ ਰਾਜ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਅਤੇ ਸਾਬਕਾ ਚੇਅਰਮੈਨ ਕੀਮਤੀ ਭਗਤ ਦੱਸਦੇ ਹਨ ਕਿ ਸਰਕਾਰ ਨੇ ਸਾਲ 2016 ’ਚ ਗਊ ਸੈੱਸ ਲਾਉਣਾ ਸ਼ੁਰੂ ਕੀਤਾ ਸੀ। ਬਿਜਲੀ, ਸ਼ਰਾਬ ਪ੍ਰਤੀ ਬੋਤਲ, ਸੀਮੈਂਟ ’ਤੇ ਪ੍ਰਤੀ ਥੈਲਾ, ਵਹੀਕਲਾਂ, ਮੈਰਿਜ ਪੈਲੇਸਾਂ ਸਮੇਤ ਵੱਖ-ਵੱਖ 9 ਆਈਟਮਾਂ ’ਤੇ ਗਊ ਸੈੱਸ ਵਸੂਲਿਆ ਜਾ ਰਿਹਾ ਹੈ ਤਾਂ ਜੋ ਬੇਜ਼ੁਬਾਨ ਪਸ਼ੂਆਂ ਦੀ ਸਾਂਭ-ਸੰਭਾਲ ਹੋ ਸਕੇ, ਪਰ ਜ਼ਮੀਨੀ ਹਾਲਾਤ ਕੁਝ ਹੋਰ ਹਨ। ਕੀਮਤੀ ਭਗਤ ਅਨੁਸਾਰ ਪਹਿਲੇ ਸਾਲ (2016) ’ਚ ਸਰਕਾਰ ਨੂੰ ਗਊ ਸੈੱਸ ਤੋਂ 70 ਤੋ 80 ਕਰੋੜ ਰੁਪਏ ਇਕੱਤਰ ਹੋਣ ਦੀ ਉਮੀਦ ਸੀ, ਪਰ ਉਮੀਦ ਤੋ ਵੱਧ ਰਾਸ਼ੀ ਇਕੱਠੀ ਹੋਈ ਸੀ।
ਸੂਬੇ ’ਚ ਹਨ 457 ਗਊਸ਼ਾਲਾਵਾਂ
ਸਰਕਾਰੀ ਅੰਕੜੇ ਦੱਸਦੇ ਹਨ ਕਿ ਪੰਜਾਬ ਰਾਜ ਗਊ ਸੇਵਾ ਕਮਿਸ਼ਨ ਕੋਲ 457 ਗਊਸ਼ਾਲਾਵਾਂ ਰਜਿਸਟਰਡ ਹਨ। ਪਸ਼ੂ ਪਾਲਣ ਮੰਤਰੀ ਨੇ ਦੱਸਿਆ ਕਿ 20 ਜ਼ਿਲਿ੍ਹਆਂ ਵਿਚ ਸਰਕਾਰੀ ਗਊਸ਼ਾਲਾਵਾਂ ਹਨ, ਜਿਨ੍ਹਾਂ ਦਾ ਸੰਚਾਲਨ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਜਿਲ੍ਹਾ ਪਸ਼ੂ ਭਲਾਈ ਸੁਸਾਇਟੀਆਂ ਕਰ ਰਹੀਆਂ ਹਨ। ਅੰਮ੍ਰਿਤਸਰ ਅਤੇ ਫਿਰੋਜ਼ਪੁਰ ਜ਼ਿਲ੍ਹੇ ’ਚ ਗਊਸ਼ਾਲਾ ਖੋਲ੍ਹਣ ਦਾ ਮਾਮਲਾ ਅਦਾਲਤ ’ਚ ਲੰਬਿਤ ਹੋਣ ਕਰਕੇ ਇੱਥੇ ਸਰਕਾਰੀ ਗਊਸ਼ਾਲਾ ਬਣ ਨਹੀਂ ਸਕੀ। ਸਰਕਾਰ ਨੇ ਗਊਸ਼ਾਲਾਵਾਂ ਦੀ ਪੜਾਅਵਾਰ ਉਸਾਰੀ ਲਈ ਹੁਣ ਤਕ 25.51 ਕਰੋੜ ਰੁਪਏ ਅਤੇ ਪਸ਼ੂਆਂ ਦੀ ਸਾਂਭ-ਸੰਭਾਲ, ਸੇਵਾ ਲਈ 18.34 ਕਰੋੜ ਰੁਪਏ ਖ਼ਰਚ ਕੀਤੇ ਹਨ। ਪਸ਼ੂ ਪਾਲਣ ਮੰਤਰੀ ਨੇ ਦੱਸਿਆ ਕਿ ਸਾਲ 2019 ਦੌਰਾਨ ਕੇਂਦਰ ਸਰਕਾਰ ਵੱਲੋਂ ਪਸ਼ੂਧਨ ਗਣਨਾ ’ਚ ਅਵਾਰਾ ਪਸ਼ੂਆਂ ਦੀ ਗਿਣਤੀ 140069 ਦੱਸੀ ਗਈ ਹੈ, ਜਦਕਿ ਮੌਜੂਦਾ ਸਮੇਂ ਇਹ ਗਿਣਤੀ ਕਿਤੇ ਵੱਧ ਦੱਸੀ ਜਾ ਰਹੀ ਹੈ। ਵੱਖ-ਵੱਖ ਜ਼ਿਲਿ੍ਹਆਂ ਤੋਂ ਮਿਲੀਆਂ ਰਿਪੋਰਟਾਂ ਮੁਤਾਬਿਕ ਮੋਗਾ, ਪਟਿਆਲਾ, ਸ੍ਰੀ ਮੁਕਤਸਰ ਸਾਹਿਬ ਜ਼ਿਲਿ੍ਹਆਂ ਦੀਆਂ ਕੁਝ ਪ੍ਰਾਈਵੇਟ ਗਊਸ਼ਾਲਾਵਾਂ ਦੀ ਹੀ ਸਰਕਾਰ ਨੇ ਆਰਥਿਕ ਮਦਦ ਕੀਤੀ ਹੈ, ਬਾਕੀ ਸਾਰੀਆਂ ਨਿੱਜੀ ਗਊਸ਼ਾਲਾਵਾਂ ਲੋਕਾਂ ਦੇ ਦਾਨ ਨਾਲ ਚੱਲ ਰਹੀਆਂ ਹਨ। ਸਰਕਾਰੀ ਗਊਸ਼ਾਲਾਵਾਂ ਦੀ ਹਾਲਤ ਵੀ ਬਹੁਤੀ ਚੰਗੀ ਨਹੀਂ ਹੈ।
1,40,069 ਤੋਂ ਵੱਧ ਅਵਾਰਾ ਪਸ਼ੂ ਘੁੰਮ ਰਹੇ ਸੜਕਾਂ ’ਤੇ
ਸਰਕਾਰੀ ਅੰਕੜੇ ਦੱਸਦੇ ਹਨ ਕਿ ਗਊਸ਼ਾਲਾਵਾਂ ’ਚ 1.71 ਲੱਖ ਦੇ ਕਰੀਬ ਗਊ ਧਨ ਦੀ ਸੰਭਾਲ ਕੀਤੀ ਜਾ ਰਹੀ ਹੈ। ਸੂਬੇ ਵਿਚ 140069 ਅਵਾਰਾ ਪਸ਼ੂ ਹਨ, ਜਦਕਿ ਹਕੀਕਤ ਵਿਚ ਗਿਣਤੀ ਕਿਤੇ ਵੱਧ ਹੈ। ਰੋਜ਼ਾਨਾ 12 ਮੌਤਾਂ ਅਵਾਰਾ ਪਸ਼ੂਆਂ ਨਾਲ ਵਾਪਰ ਰਹੀਆਂ ਸੜਕ ਹਾਦਸਿਆਂ ਕਾਰਨ ਹੋ ਰਹੀਆਂ ਹਨ। ਮਨੁੱਖੀ ਜ਼ਿੰਦਗੀ ਲਈ ਖਤਰਾ ਬਣੇ ਇਹ ਪਸ਼ੂ ਫਸਲਾਂ ਦੀ ਬਰਬਾਦੀ ਵੀ ਕਰ ਰਹੇ ਹਨ। ਸੜਕਾਂ, ਚੁਰਾਹਿਆਂ, ਚੌਕਾਂ ’ਤੇ ਘੁੰਮਦੇ ਅਤੇ ਰਾਤ ਨੂੰ ਸੜਕਾਂ ’ਤੇ ਬੈਠੇ ਅਵਾਰਾ ਪਸ਼ੂ ਮਨੁੱਖੀ ਜ਼ਿੰਦਗੀ ਲਈ ਕਾਲ ਬਣ ਰਹੇ ਹਨ।
Comment here