ਸਾਹਿਤਕ ਸੱਥ

ਖੇਤ ਵਾਲੀ ਕੋਠੀ

ਅਸਿ. ਪ੍ਰੋ. ਗੁਰਮੀਤ ਸਿੰਘ
”ਅੱਜ ਤਾਂ ਤਹਿਸੀਲਦਾਰ ਸਾਹਿਬ ਪੂਰਾ ਲਾਮ ਲਸ਼ਕਰ ਲੈ ਕੇ ਆਏ ਹੋ, ਅੱਜ ਕਿਸ ਦੀ ਵੱਟਾਂ ਸਿੱਧੀਆਂ ਕਰਨੀਆਂ ਨੇ”, ਸਰਪੰਚ ਸਾਹਿਬ ਨੇ ਤਹਿਸੀਲਦਾਰ ਸਾਹਿਬ ਨੂੰ ਆਪਣੇ ਘਰ ਵੜਦਿਆਂ ਹੀ ਕਿਹਾ।
”ਅਸੀਂ ਕੌਣ ਹੁੰਦੇ ਹਾਂ ਕਿਸੇ ਦੀਆਂ ਵੱਟਾਂ ਸਿੱਧੇ ਕਰਨ ਵਾਲੇ, ਬੱਸ ਸ਼ਿਕਾਇਤਾਂ ਦੇ ਨਿਪਟਾਰੇ ਹੋ ਜਾਣ ਇਹੋ ਹੀ ਬਹੁਤ ਹੈ” ਸਰਪੰਚ ਨੂੰ ਜਵਾਬ ਦਿੰਦਿਆਂ ਤਹਿਸੀਲਦਾਰ ਨੇ ਕਿਹਾ।
”ਹੁਣ ਕਿਸਨੇ ਤੇ ਕਿਹਦੇ ਵਿਰੁੱਧ ਸ਼ਿਕਾਇਤ ਕਰ ਦਿੱਤੀ ?”
” ਸਵਰਣ ਸਿੰਘ ਪੁੱਤਰ ਬਿਸ਼ਨ ਸਿੰਘ ਹੈ, ਖੇਤ ਵਾਲੀ ਕੋਠੀ ਵਾਲੇ ਵੱਜਦੇ ਨੇ ”
ਤਹਿਸੀਲਦਾਰ ਨੇ ਕਿਹਾ।
”ਉਹ ਤਾਂ ਜਨਾਬ ਬੰਦਾ ਹੀ ਬਹੁਤ ਨੇਕ ਤੇ ਇਮਾਨਦਾਰ ਹੈ , ਕਹੋ ਤਾਂ ਏਥੇ ਹੀ ਬੁਲਾ ਲੈਦੇਂ ਹਾਂ, ਕਿਸਨੇ ਸ਼ਿਕਾਇਤ ਕਰ ਦਿੱਤੀ ਉਸ ਵਿਰੁੱਧ?” ਸਰਪੰਚ ਨੇ ਤਹਿਸੀਲਦਾਰ ਸਾਹਿਬ ਨੂੰ ਹੈਰਾਨੀ ਦੇ ਨਾਲ ਪੁੱਛਿਆ।
”ਦੀਪ ਕੋਰ ਉਰਫ ਦੀਪੋ ਪਤਨੀ ਗੁਰਨਾਮ ਸਿੰਘ ਨੇ ਆਪਣਾ ਕਾਨੂੰਨੀ ਜ਼ਮੀਨੀ ਹੱਕ ਮੰਗਿਆ” ਤਹਿਸੀਲਦਾਰ ਸਾਹਿਬ ਨੇ ਸਰਕਾਰੀ ਕਾਗਜਾਂ ਤੋਂ ਨਾਮ ਪੜ ਕੇ ਦੱਸਿਆ।
”ਸਮਝ ਗਿਆ ਜੀ ਮੈਂ ਸਾਰੀ ਗੱਲ ” ਸਰਪੰਚ ਨੇਂ ਦੀਪੋ ਦਾ ਨਾਮ ਸੁਣਦਿਆਂ ਹੀ ਕਿਹਾ।
”ਸਾਨੂੰ ਵੀ ਸਮਝਾ ਦੇਵੋ ਕੀ ਗੱਲ ਹੈ ? ਤਹਿਸੀਲਦਾਰ ਨੇ ਸਰਪੰਚ ਨੂੰ ਝੱਟ ਦੇਣੇ ਕਿਹਾ।
”ਜਨਾਬ ਸਵਰਣਾ ਸਰਵਸੰਮਤੀ ਨਾਲ ਚੁਣਿਆ ਪੰਚਾਇਤ ਮੈਂਬਰ ਹੈ ਜੀ ਤਿੰਨ ਬੱਚੇ ਨੇ ਉਸ ਦੇ ਦੋ ਪੁੱਤਰ ਤੇ ਇੱਕ ਧੀ , ਪਹਿਲਾਂ ਉਸ ਕੋਲ ਪੰਜ ਕਿੱਲੇ ਹੀ ਜ਼ਮੀਨ ਸੀ , ਸਾਡੇ ਪਿੰਡਾਂ ਵੱਲ ਸੇਮ ਆਉਣ ਕਰਕੇ ਸਾਰਾ ਪਿੰਡ ਖਾਲੀ ਜਿਹਾ ਹੋ ਗਿਆ ਸੀ, ਕੁੱਝ ਲੋਕ ਸ਼ਹਿਰਾਂ ਵੱਲ ਤੇ ਕੁੱਝ ਖੇਤਾਂ ਵੱਲ ਚਲੇ ਗਏ ਸਨ, ਖੇਤੀ ਹੋਣੋ ਹੱਟ ਗਈ ਸੀ, ਸਵਰਣ ਨੇ ਵੀ ਖੇਤ ਹੀ ਕੋਠਾ ਪਾ ਲਿਆ ਸੀ ……”
”ਨਾਲੇ ਕਹਿੰਦੇ ਕੋਠੀ ਹੈ ਉਹਦੀ ਖੇਤ ?” ਤਹਿਸੀਲਦਾਰ ਸਾਹਿਬ ਨੇ ਸਰਪੰਚ ਦੀ ਗੱਲ ਕੱਟਦਿਆਂ ਕਿਹਾ।
”ਸੱਚ ਕਿਹਾ ਜੀ ਤੁਸੀਂ ਹੈ ਤਾਂ ਕੋਠੀ ਹੀ, ਇਕ ਕੋਠਾ, ਚੁੱਲਾ ਚੌਂਕਾ ਤੇ ਨਹਾਉਣ ਵਾਲਾ ਤੇ ਕੋਲ ਟਿਊਬਵੈੱਲ ਤੇ ਟਾਹਲੀਆਂ, ਅੰਬ, ਅਮਰੂਦ, ਨਿੰਬੂ ਕਿਨੂੰ, ਅਨਾਰ, ਹਰ ਤਰ੍ਹਾਂ ਸਬਜ਼ੀਆਂ ਪਤਾ ਨੀ ਕੀ ਕੁੱਝ ਲੱਗਿਆ ਹੋਇਆ, ਕੋਈ ਘਾਟ ਨਹੀਂ ਸਬਜ਼ੀਆਂ ਵੀ ਲੱਗੀਆਂ ਨੇ। ਪੰਚਾਇਤ ਮੈਂਬਰ ਜ਼ਰੂਰ ਹੈ ਪਰ ਪੰਚਾਇਤ ਦੇ ਸਾਰੇ ਫੈਸਲੇ ਚੰਗੇ ਮੰਤਰੀ ਦੀ ਕੋਠੀ ਵਾਂਗਰਾਂ ਉਸ ਦੇ ਖੇਤ ਹੀ ਟਾਹਲੀਆਂ ਦੀ ਛਾਵੇਂ ਹੀ ਹੰਦੇ ਨੇ ਤੇ ਅੱਜ ਤੱਕ ਇਤਰਾਜ਼ ਵੀ ਕਿਸੇ ਨੇ ਨਹੀਂ ਕੀਤਾ।”
ਫਿਰ ਇਹ ਸ਼ਿਕਾਇਤ ਨੀ ਸਮਝ ਆਈ ਮੈਨੂੰ, ਜੇ ਉਹ ਐਨਾ ਹੀ ਚੰਗਾ ਬੰਦਾ ਹੈ ਤਾਂ ” ਤਹਿਸੀਲਦਾਰ ਨੇ ਗੱਲ ਸੁਣ ਹੈਰਾਨ ਹੁੰਦਿਆਂ ਪੁੱਛਿਆ।
”ਜਨਾਬ ਆਰਥਿਕ ਮੰਦਹਾਲੀ ਕਾਰਨ ਉਹਦੇ ਸਹੁਰੇ ਨੇ ਉਹਦਾ ਇੱਕ ਪੁੱਤ ਉਸ ਸਮੇਂ ਵਿਦੇਸ਼ ਤੌਰ ਦਿੱਤਾ, ਕੁੱਝ ਸਾਲਾਂ ਬਾਅਦ ਸਵਰਣ ਨੇ ਖੇਤ ਸਫੈਦੇ ਟਾਹਲੀਆਂ ਵੇਚ ਤੇ ਪੁੱਤ ਦੇ ਭੇਜੇ ਪੈਸਿਆਂ ਨਾਲ ਪਿੰਡ ਘਰ ਪਾ ਲਿਆ ਤੇ ਹੋਰ ਜ਼ਮੀਨ ਵੀ ਖਰੀਦ ਲਈ ਪਰ ਆਪ ਖੇਤ ਹੀ ਰਹਿੰਦਾ ਹੈ ਤੇ ਪਿੰਡ ਛੋਟਾ ਮੁੰਡਾ ਭਿੰਦਰ ਰਹਿੰਦਾ ਹੈ, ਕੁੱਝ ਸਮਾਂ ਪਹਿਲਾਂ ਜਿਹੜਾ ਮੁੰਡਾ ਵਿਦੇਸ਼ ਗਿਆ ਸੀ ਉਹ ਵੀ ਵਿਦੇਸ਼ ਘਰ ਬਣਾਉਣ ਲਈ ਆਪਣਾ ਹਿੱਸਾ ਲੈ ਚਲਾ ਗਿਆ। ਸਵਰਣ ਨੇ ਛੋਟੇ ਨੂੰ ਵੀ ਬਣਦਾ ਹਿੱਸਾ ਦੇ ਦਿੱਤਾ ਕਿਉਂਕਿ ਉਹ ਵੀ ਵਿਆਹ ਪਿੱਛੋਂ ਕਲੇਸ਼ ਕਰਨ ਲੱਗ ਪਿਆ ਸੀ। ਹੁਣ ਦੋਵਾਂ ਪੁੱਤਰਾਂ ਦੀ ਅੱਖ ਇਹ ਖੇਤ ਵਾਲੀ ਕੋਠੀ ਵਾਲੇ ਪੰਜ ਕਿੱਲਿਆਂ ਤੇ ਹੈ,  ਜੋ ਸਵਰਣ ਨੇ ਆਪਣੇ ਨਾਮ ਰੱਖੀ ਹੋਈ ਹੈ। ਸਮਾਂ ਹੀ ਬਦਲ ਗਿਆ, ਮਾਪਿਆਂ ਨੂੰ ਛੱਡ ਲੋਕਾਂ ਨੂੰ ਪੈਸਾ ਪਿਆਰਾ ਹੋ ਗਿਆ ਹੁਣ” ਸਰਪੰਚ ਨੇ ਭਾਵਕ ਹੁੰਦਿਆਂ ਕਿਹਾ।
”ਚੱਲੋ ਸਰਪੰਚ ਸਾਹਿਬ ਆਪਾਂ ਕੀ ਲੈਣਾ, ਜੋ ਕਰੇਗਾ ਸੋ ਭਰੇਗਾ” ਇਹਨਾਂ ਕਹਿੰਦਿਆਂ ਤਹਿਸੀਲਦਾਰ ਸਾਹਿਬ ਤੇ ਸਰਪੰਚ ਸਵਰਣ ਦੇ ਖੇਤਾਂ ਵੱਲ ਤੁਰ ਪਏ।
ਖੇਤ ਜਾ ਇਕ ਨਿੱਕਾ ਜਿਹਾ ਕੋਠਾ ਵੇਖ ਤਹਿਸੀਲਦਾਰ ਸਾਹਿਬ ਸ਼ਰਮਿੰਦਾ ਜਿਹਾ ਹੋਏ ਪਰ ਕੋਠੇ ਦੇ ਆਸੇ ਪਾਸੇ ਹਰਿਆਲੀ ਵੇਖ ਮਨ ਖੁਸ਼ ਵੀ ਹੋਇਆ, ਐਨੀ ਚਹਿਲ ਪਹਿਲ ਵੱਖਰਾ ਹੀ ਨਜ਼ਾਰਾ ਜਾਪਿਆ ਤੇ ਸਵਰਣ ਤੇ ਉਸ ਦੀ ਧੀ ਦੀਪੋ ਨੂੰ ਇਕੱਠਿਆਂ ਵੈਖ ਹੈਰਾਨ ਵੀ ਹੋਏ ਤੇ ਬੋਲੇ ”ਸਵਰਣ ਸਿੰਘ ਤੇਰੀ ਧੀ ਦੀਪ ਕੋਰ ਉਰਫ ਦੀਪੋ ਆਪਣਾ ਜ਼ਮੀਨੀ ਹੱਕ ਮੰਗਦੀ ਹੈ ਜੋ ਕਨੂੰਨੀ ਤੌਰ ਤੇ ਇਕ ਧੀ ਦਾ ਮਾਪਿਆਂ ਦੀ ਜਾਇਦਾਦ ਚ ਹੱਕ ਵੀ ਹੈ …”
”ਮੰਗਣਾ ਹੀ ਹੋਇਆ ਜਨਾਬ ਇਸ ਨੇ ਵੀ ਜਦੋਂ ਨਾਲ ਦੇ ਜੰਮਿਆਂ ਨੇ ਆਪਣੇ ਆਪਣੇ ਹਿੱਸੇ ਵੰਡਾਂ ਲਏ ਫਿਰ ਇਹ ਵੀ ਆਪਣਾ ਹਿੱਸਾ ਲੈ ਜਾਵੇ , ਅਸੀਂ ਕਿਹੜਾ ਜਵਾਬ ਦਿੰਦੇ ਹਾਂ” ਸਵਰਣ ਸਿੰਘ ਨੇ ਮਨ ਭਰਦਿਆਂ ਜੇ ਤਹਿਸੀਲਦਾਰ ਨੂੰ ਆਪਣਾ ਦੁੱਖ ਬੋਲ ਦੱਸਿਆ।
”ਲੈ ਭਾਈ ਬਾਬਾ ਜੀ ਨੇ ਤਾਂ ਹਾਂ ਕਰ ਦਿੱਤੀ, ਮਿਣ ਲਓ ਆਪਣੇ ਹਿੱਸੇ ਦੀ ਜ਼ਮੀਨ” ਤਹਿਸੀਲਦਾਰ ਨੇ ਦੀਪੋ ਨੂੰ ਕਿਹਾ।
”ਮੈਂ ਤਾਂ ਇਹ ਖੇਤ ਵਾਲੀ ਕੋਠੀ ਤੇ ਇਹ ਦਰਖਤਾਂ ਵਾਲੀ ਥਾਂ ਲੈਣੀ ਹੈ ,ਤੇ ਉਹਨਾਂ ਚਿਰ ਮੈਂ ਕਬਜ਼ਾ ਵੀ ਨਹੀਂ ਲੈਣਾ ਜਿਨ੍ਹਾਂ ਚਿਰ ਮੇਰੇ ਬੇਬੇ ਬਾਪੂ ਜਿਉਂਦੇ ਨੇ , ਇਹਨਾਂ ਤੋਂ ਬਾਅਦ ਚਾਹੇ ਮੈਂ ਇਹ ਪੰਚਾਇਤ ਨੂੰ ਹੀ ਦੇ ਜਾਵਾਂ ” ਦੀਪੋ ਨਾਲੇ ਬੋਲੀ ਜਾ ਰਹੀ ਸੀ ਨਾਲੇ ਰੋਈ ਜਾਂਦੀ ਸੀ ਜਿਵੇਂ ਉਸ ਨੂੰ ਮਾਪਿਆਂ ਦਾ ਇਸ ਕੋਠੇ ਦਰਖਤਾਂ ਤੇ ਖੇਤ ਨਾਲ ਪਿਆਰ ਦਾ ਭਲੀਭਾਂਤ ਗਿਆਨ ਹੋਵੇ।ਇਹ ਬੋਲ ਸੁਣ ਸਵਰਣ ਨੇ ਆਪਣੀ ਧੀ  ਜੱਫੀ ਪਾਈ ਲਈ ਤੇ ਅਸ਼ੀਸਾਂ  ਦਿੱਤੀਆਂ, ਤੂੰ ਤਾਂ ਮਾਪਿਆਂ ਦੀ ਲਾਜ ਰੱਖ ਲਈ ਪੁੱਤ, ਨਹੀਂ ਮੈਂ ਤਾਂ ਇਹ ਖੇਤ ਵਾਲੇ ਘਰ ਬਿਨਾਂ ਤਾਂ ਮਰ ਹੀ ਜਾਣਾ ਸੀ , ਜਿਉਂਦੀ ਵੱਸਦੀ ਰਹਿ 3” ਸਵਰਣ ਮੂੰਹ ਹੀ ਮੂੰਹ ਚ ਬਹੁਤ ਅਸੀਸਾਂ ਦੇ ਰਿਹਾ।
”ਚੱਲੋ ਇਹ ਤਾਂ! ਰੱਬ ਨੇ ਭਲੀ ਕਰੀ, ਇਹੋ ਜਿਹੀ ਸ਼ਿਕਾਇਤਾਂ ਤਾਂ ਲੱਖ ਆ ਜਾਇਆ ਕਰਨ ਜੋ ਮਾਪਿਆਂ ਦੀ ਸਾਂਭ-ਸੰਭਾਲ ਤੇ ਸਤਿਕਾਰ ਲਈ ਹੋਣ” ਇਹ ਕਹਿੰਦਿਆਂ ਸਵਰਣ ਸਿੰਘ, ਦੀਪ ਕੋਰ ਤੇ ਸਰਪੰਚ ਦੇ ਦਸਤਖ਼ਤ ਕਰਵਾਉਂਦਿਆਂ ਤਹਿਸੀਲਦਾਰ ਸਾਹਿਬ ਨੇ ਉੱਥੋਂ ਚਾਲੇ ਪਾਏ ਤੇ ਸਾਰੇ ਰਾਹ ਖੇਤ ਵਾਲੀ ਕੋਠੀ ਦੀਆਂ ਗੱਲਾਂ ਹੀ ਕਰਦੇ ਆਏ।

Comment here