ਸਿਆਸਤਖਬਰਾਂ

ਖੇਤੀ ਕਾਨੂੰਨਾਂ ਦੀ ਵਾਪਸੀ ਸਿਆਸਤਦਾਨਾਂ ਦੇ ਅਖਾੜੇ ’ਚ ਮੋਹਰਾ ਬਣੀ

ਖੇਤੀ ਕਾਨੂੰਨਾਂ ਬਾਰੇ ਅਕਾਲੀਆਂ ਤੇ ਭਾਜਪਾ ਦਾ ਤਿੱਖਾ ਹਮਲਾ
ਨਵੀਂ ਦਿੱਲੀ-ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਭਾਜਪਾ ਦੇ ਇੰਚਾਰਜ ਦੁਸ਼ਿਅੰਤ ਗੌਤਮ ਨੇ ਕਿਹਾ ਹੈ ਕਿ ਪਹਿਲਾਂ ਅਕਾਲੀ ਦਲ ਸਾਡੇ ਨਾਲ ਵੱਡੇ ਭਰਾ ਦਾ ਰੋਲ ਅਦਾ ਕਰ ਰਿਹਾ ਸੀ। ਜਦੋਂ ਅਸੀਂ ਖੇਤੀ ਕਾਨੂੰਨ ਲੈ ਕੇ ਆਏ ਤਾਂ ਅਕਾਲੀ ਦਲ ਨੇ ਖੂਬ ਸ਼ਲਾਘਾ ਕੀਤੀ। ਇਸ ਮਗਰੋਂ ਮਾਮੂਲੀ ਲਾਲਸਾ ਪਿੱਛੇ ਅਕਾਲੀ ਦਲ ਨੇ ਪੰਜਾਬ ਨੂੰ ਅੱਗ ਵਿੱਚ ਧੱਕਣ ਦਾ ਕੰਮ ਕੀਤਾ। ਇਹ ਉਸ ਦੀ ਸਵਾਰਥੀ ਨੀਤੀ ਕਾਰਨ ਹੋਇਆ। ਅਕਾਲੀ ਦਲ ਨਾਲ ਮੁੜ ਗੱਠਜੋੜ ਦੇ ਸਵਾਲ ਉੱਪਰ ਦੁਸ਼ਿਅੰਤ ਗੌਤਮ ਨੇ ਕਿਹਾ ਕਿ ਇਸ ’ਤੇ ਸਾਨੂੰ ਮੁੜ ਵਿਚਾਰ ਕਰਨਾ ਹੋਵੇਗਾ ਕਿ ਕਿਸ ਨੂੰ ਲੈਣਾ ਚਾਹੀਦਾ ਹੈ ਜਾਂ ਕਿਸ ਨੂੰ ਨਹੀਂ ਲੈਣਾ ਚਾਹੀਦਾ। ਇਹ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਤੈਅ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਸ਼ਰਤ ਰੱਖ ਦਿੱਤੀ ਕਿ ਜੇ ਅਕਾਲੀ ਦਲ ਆਵੇਗਾ ਤਾਂ ਪਹਿਲਾਂ ਉਸ ਨੂੰ ਪ੍ਰਮਾਣ ਪੱਤਰ ਦੇਣਾ ਪਵੇਗਾ ਕਿ ਉਹ ਸਾਡੇ ਨਾਲ ਕਿਹੜੇ ਵਿਚਾਰਾਂ ਲਈ ਆਇਆ ਹੈ।
ਉਨ੍ਹਾਂ ਕਿਹਾ ਕਿ ਸਾਡੇ ਲਈ ਰਾਸ਼ਟਰ ਤੇ ਦੇਸ਼ ਸਭ ਤੋਂ ਪਹਿਲਾਂ ਹੈ ਤੇ ਪਾਰਟੀ ਬਾਅਦ ਵਿੱਚ। ਜੇਕਰ ਕੋਈ ਇਸ ਵਿਚਾਰ ਨਾਲ ਆਉਂਦਾ ਹੈ ਤਾਂ ਅਸੀਂ ਉਸ ਦਾ ਸਵਾਗਤ ਕਰਦੇ ਹਾਂ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ’ਚ 117 ਸੀਟਾਂ ’ਤੇ ਚੋਣ ਲੜੇਗੀ। ਸਾਡੇ ਕੋਲ ਸਾਰੀਆਂ ਸੀਟਾਂ ’ਤੇ ਉਮੀਦਵਾਰ ਹਨ। ਉਨ੍ਹਾਂ ਕਿਹਾ ਕਿ ਅਸੀਂ ਰਾਸ਼ਟਰਵਾਦੀ ਪਾਰਟੀ ਹਾਂ, ਜੇਕਰ ਕੋਈ ਪਾਰਟੀ ਪੰਜਾਬ ਵਿੱਚ ਰਾਸ਼ਟਰਵਾਦ ਨੂੰ ਸਰਵਉੱਚ ਸਮਝਦੀ ਹੈ ਤਾਂ ਉਸ ਦਾ ਸਵਾਗਤ ਹੈ। ਅਸੀਂ ਅਕਾਲੀ ਦਲ ਨਾਲ ਵੀ ਗਠਜੋੜ ਕਰ ਸਕਦੇ ਹਾਂ ਪਰ ਗਠਜੋੜ ਹੁਣ ਸਾਡੀਆਂ ਸ਼ਰਤਾਂ ’ਤੇ ਹੋਵੇਗਾ।
ਕਿਸਾਨ ਆਗੂ ਅੰਦੋਲਨ ਖਤਮ ਨਹੀਂ ਕਰਨਾ ਚਾਹੁੰਦੇ—ਅਸ਼ਵਨੀ ਸ਼ਰਮਾ
ਪੰਜਾਬ ਦੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ ਅਤੇ ਪ੍ਰਧਾਨ ਮੰਤਰੀ ਦੇ ਇਸ ਫ਼ੈਸਲੇ ਤੋਂ ਕਿਸਾਨ ਆਗੂ ਹੈਰਾਨ ਹਨ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਦੁਕਾਨ ਬੰਦ ਹੁੰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਨਹੀਂ ਚਾਹੁੰਦੇ ਕਿ ਅੰਦੋਲਨ ਨੂੰ ਖ਼ਤਮ ਕੀਤਾ ਜਾਵੇ। ਦੂਜੇ ਪਾਸੇ ਕਾਂਗਰਸ ਦੀ ਚੰਨੀ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਚੰਨੀ ਸਰਕਾਰ ਸਿਰਫ ਲੋਕਾਂ ਨੂੰ ਲਾਅਰੇ ਲਾਉਣ ਵਾਲੀ ਸਰਕਾਰ ਹੈ, ਜਦੋਂ ਕਿ ਭਾਜਪਾ ਦੂਜੀਆਂ ਪਾਰਟੀਆਂ ਵਾਂਗ ਲੋਕਾਂ ਨੂੰ ਲਾਅਰੇ ਨਹੀਂ ਲਾਵੇਗੀ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਦਾ ਖਜ਼ਾਨਾ ਹੀ ਖ਼ਾਲੀ ਹੈ ਤਾਂ ਫਿਰ ਚੰਨੀ ਸਰਕਾਰ ਲੋਕਾਂ ਨਾਲ ਕੀਤੇ ਹੋਏ ਵਾਅਦੇ ਕਿਵੇਂ ਪੂਰਾ ਕਰੇਗੀ।
ਉੱਥੇ ਹੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ’ਤੇ ਸਿਆਸੀ ਹਮਲਾ ਕਰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੇਜਰੀਵਾਲ ਡਰਾਮੇਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦਾ ਚੋਣ ਮੈਨੀਫੈਸਟੋ ਇੱਕ ਸੰਕਲਪ ਪੱਤਰ ਹੋਵੇਗਾ। ਆਪਣੇ ਵਿਰੋਧੀਆਂ ਬਾਰੇ ਬੋਲਦੇ ਹੋਏ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਐਲਾਨ ਕਰਕੇ ਭੱਜ ਜਾਂਦੀਆਂ ਹਨ ਪਰ ਭਾਜਪਾ ਦੀਆਂ ਨੀਤੀਆਂ ਬਿਲਕੁਲ ਸਪੱਸ਼ਟ ਹਨ।
ਖੇਤੀ ਕਾਨੂੰਨ ਰੱਦ ਹੋਣ ਦੇ ਐਲਾਨ ਮਗਰੋਂ ਕਿਸਾਨਾਂ ਦਾ ਦਿੱਲੀ ਮਾਰਚ ਤੈਅ
ਐਮਐਸਪੀ ਨੂੰ ਕਾਨੂੰਨੀ ਹੱਕ ਮਿਲਣਾ ਚਾਹੀਦਾ ਹੈ ਅਤੇ ਧਰਨੇ ’ਤੇ ਬੈਠੇ ਕਿਸਾਨਾਂ ਨੇ ਬਿਜਲੀ ਬਿੱਲ ਦਾ ਖਰੜਾ ਵਾਪਸ ਲੈਣ ਸਮੇਤ ਆਪਣੀਆਂ ਮੰਗਾਂ ਮਨਵਾਉਣ ਲਈ ਦਿੱਲੀ ਜਾਣ ਦੀ ਤਿਆਰੀ ਕਰ ਲਈ ਹੈ। ਇਹ ਸਾਰੇ ਕਿਸਾਨ ਅੰਦੋਲਨ ਦੇ ਇੱਕ ਸਾਲ ਪੂਰੇ ਹੋਣ ਦੇ ਮੌਕੇ ’ਤੇ 26 ਨਵੰਬਰ ਨੂੰ ਦਿੱਲੀ ਪਹੁੰਚ ਕੇ ਸਰਕਾਰ ’ਤੇ ਦਬਾਅ ਬਣਾਉਣਗੇ। ਅੰਦੋਲਨ ਵਿੱਚ ਸ਼ਾਮਲ ਕਿਸਾਨ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਵੀ ਆਪਣੀ ਥਾਂ ਤੋਂ ਪਿੱਛੇ ਹਟਣ ਨੂੰ ਤਿਆਰ ਨਹੀਂ ਹਨ।
ਦੱਸ ਦਈਏ ਕਿ 26 ਨਵੰਬਰ ਨੂੰ ਅੰਦੋਲਨ ਦੇ ਇੱਕ ਸਾਲ ਪੂਰਾ ਹੋਣ ਦੇ ਮੌਕੇ ’ਤੇ 25 ਨਵੰਬਰ ਨੂੰ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਵੱਲ ਆ ਸਕਦੇ ਹਨ। ਅਜਿਹੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਦੇ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਵੱਧ ਤੋਂ ਵੱਧ ਕਿਸਾਨਾਂ ਨੂੰ ਦਿੱਲੀ ਵੱਲ ਕੂਚ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।
ਦਿੱਲੀ ਮਾਰਚ ਸਬੰਧੀ ਕਿਸਾਨ ਆਗੂ ਦਰਸ਼ਨ ਸਿੰਘ ਨੇ ਕਿਹਾ ਕਿ 25 ਤਰੀਕ ਨੂੰ ਅਸੀਂ ਖਨੋਰੀ ਬਾਰਡਰ ’ਤੇ ਇਕੱਠੇ ਹੋਵਾਂਗੇ ਅਤੇ 26 ਨੂੰ ਸਾਡੇ ਸੰਘਰਸ਼ ਨੂੰ 1 ਸਾਲ ਪੂਰਾ ਹੋਣ ’ਤੇ ਦਿੱਲੀ ਪਹੁੰਚਾਂਗੇ। ਕਿਸਾਨਾਂ ਨੇ ਦਿੱਲੀ ਪਹੁੰਚਣ ਲਈ ਪੁਖ਼ਤਾ ਪ੍ਰਬੰਧ ਕੀਤੇ ਹਨ। ਦਿੱਲੀ ਵੱਲ ਆ ਰਹੀ ਕਿਸਾਨਾਂ ਦੀ ਰੈਲੀ ਵਿੱਚ ਔਰਤਾਂ ਵੀ ਸ਼ਾਮਲ ਹਨ। ਇਹ ਔਰਤਾਂ ਆਪਣਾ ਫੰਡ ਇਕੱਠਾ ਕਰ ਰਹੀਆਂ ਹਨ।
ਇਸ ਦੇ ਨਾਲ ਹੀ ਪੰਜਾਬੀ ਸਿੰਗਰ ਅਤੇ ਲੇਖਕ ਬੱਬੂ ਮਾਨ ਨੇ ਵੀ ਕਿਸਾਨ ਸੰਘਰਸ਼ ਨੂੰ ਇੱਕ ਸਾਲ ਪੂਰਾ ਹੋਣ ਮੌਕੇ ਦਿੱਲੀ ਬਾਰਡਰ ’ਤੇ ਚਲ ਰਹੇ ਕਿਸਾਨ ਅੰਦੋਲਨ ’ਚ ਸ਼ਿਰਕਤ ਕਰਨ ਦਾ ਐਲਾਨ ਕੀਤਾ ਹੈ ਅਤੇ ਆਪਣੇ ਫੈਨਸ ਨੂੰ ਇਸ ਮੌਕੇ ਆਉਣ ਦੀ ਅਪੀਲ ਕੀਤੀ ਹੈ।
ਦੱਸ ਦੇਈਏ ਕਿ ਕਿਸਾਨ ਚਾਹੁੰਦੇ ਹਨ ਕਿ ਐਮਐਸਪੀ ਨੂੰ ਕਾਨੂੰਨੀ ਅਧਿਕਾਰ ਮਿਲਣਾ ਚਾਹੀਦਾ ਹੈ। ਇਸ ਤੋਂ ਇਲਾਵਾ ਬਿਜਲੀ ਬਿੱਲ ਦਾ ਡਰਾਫਟ ਵਾਪਸ ਕੀਤਾ ਜਾਵੇ। ਕਿਸਾਨਾਂ ਦਾ ਕਹਿਣਾ ਹੈ ਕਿ ਪ੍ਰਦੂਸ਼ਣ ਲਈ ਕਿਸਾਨਾਂ ਨੂੰ ਸਜ਼ਾ ਨਾ ਦਿੱਤੀ ਜਾਵੇ, ਜਦਕਿ ਅੰਦੋਲਨ ਦੌਰਾਨ ਕਿਸਾਨਾਂ ’ਤੇ ਦਰਜ ਕੇਸ ਵਾਪਸ ਲਏ ਜਾਣ। ਕਿਸਾਨਾਂ ਵੱਲੋਂ ਇੱਕ ਹੋਰ ਅਹਿਮ ਮੰਗ ਕੀਤੀ ਗਈ ਹੈ ਕਿ ਲਖੀਮਪੁਰ ਖੇੜੀ ਵਿੱਚ ਵਾਪਰੀ ਘਟਨਾ ਲਈ ਅਜੇ ਮਿਸ਼ਰਾ ਟੇਨੀ ਨੂੰ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ ਅਤੇ ਨਾਲ ਹੀ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ।

Comment here