ਸਿਆਸਤਖਬਰਾਂ

ਖੇਤੀ ਕਨੂੰਨ ਰੱਦ ਕਰਨ ਤੇ ਹੋਰ ਮੰਗਾਂ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਸੰਸਦ ਤੋਂ ਵਿਜੈ ਚੌਕ ਤੱਕ ਮਾਰਚ

ਨਵੀਂ ਦਿੱਲੀ-ਅੱਜ ਦਿੱਲੀ ਚ ਸੰਸਦ ਭਵਨ ਤੋਂ ਲੈ ਕੇ ਵਿਜੈ ਚੌਕ ਤੱਕ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਕਈ ਹੋਰ ਮੁੱਦਿਆਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਕਰੀਬ 15 ਵਿਰੋਧੀ ਧਿਰ ਦੇ ਆਗੂਆਂ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਿਚ ਇਹ ਮਾਰਚ ਕੱਢਿਆ । ਦਰਮੁੱਕ ਆਗੂ ਤਿਰੂਚੀ ਸ਼ਿਵਾ, ਰਾਜ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਮਲਿਕਾਅਰਜੁਨ ਖੜਗੇ, ਰਾਸ਼ਟਰੀ ਜਨਤਾ ਦਲ ਦੇ ਮਨੋਜ ਕੁਮਾਰ ਝਾਅ, ਸ਼ਿਵ ਸੈਨਾ ਦੇ ਸੰਜੇ ਰਾਊਤ ਅਤੇ ਹੋਰ ਆਗੂ ਮਾਰਚ ’ਚ ਸ਼ਾਮਲ ਹੋਏ। ਰਾਹੁਲ ਗਾਂਧੀ ਨੇ ਬਾਅਦ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਸਦ ਸੈਸ਼ਨ ਦੌਰਾਨ ਲੋਕਤੰਤਰ ਦਾ ਕਤਲ ਕੀਤਾ ਗਿਆ। ਵਿਰੋਧੀ ਧਿਰ ਪੈਗਾਸਸ ਜਾਸੂਸੀ ਕਾਂਡ, ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਕਈ ਹੋਰ ਮੁੱਦਿਆਂ ’ਤੇ ਚਰਚਾ ਕਰਾਉਣਾ ਚਾਹੁੰਦਾ ਸੀ ਪਰ ਸਰਕਾਰ ਨੇ ਉਸ ਨੂੰ ਨਹੀਂ ਹੋਣ ਦਿੱਤਾ। ਰਾਊਤ ਨੇ ਕਿਹਾ ਕਿ ਸੰਸਦ ਸੈਸ਼ਨ ਦੌਰਾਨ ਵਿਰੋਧੀ ਧਿਰ ਦੇ ਆਗੂ ਜਨਤਾ ਦੀ ਹਿੱਤ ਦੀ ਗੱਲ ਕਹਿਣਾ ਚਾਹੁੰਦੇ ਸਨ। ਇਹ ਸੰਸਦ ਸੈਸ਼ਨ ਨਹੀਂ ਸੀ ਸਗੋਂ ਇਸ ਦੌਰਾਨ ਸਰਕਾਰ ਨੇ ਲੋਕਤੰਤਰ ਦਾ ਕਤਲ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮਾਰਸ਼ਲ ਦੀ ਪੋਸ਼ਾਕ ’ਚ ਕੁਝ ਨਿੱਜੀ ਲੋਕਾਂ ਨੇ ਰਾਜ ਸਭਾ ’ਚ ਮਹਿਲਾ ਸੰਸਦ ਮੈਂਬਰਾਂ ’ਤੇ ਹਮਲੇ ਕੀਤੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਲੱਗਾ ਜਿਵੇਂ ‘ਮਾਰਸ਼ਲ ਕਾਨੂੰਨ’ ਲੱਗਾ ਹੋਵੇ। ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਫੁੱਲ ਪਟੇਲ ਨੇ ਕਿਹਾ ਕਿ ਇਹ ਮਾਨਸੂਨ ਸੈਸ਼ਨ ਸ਼ਰਮਨਾਕ ਸੈਸ਼ਨ ਸੀ। ਲੋਕਤੰਤਰ ਵਿਚ ਵਿਰੋਧੀ ਧਿਰ ਦਾ ਬਹੁਤ ਮਹੱਤਵ ਹੈ ਪਰ ਸਦਨ ਸੰਚਾਲਨ ਵਿਚ ਸਰਕਾਰ ਨੇ ਸਹਿਯੋਗ ਨਹੀਂ ਕੀਤਾ। ਸਮਾਜਵਾਦੀ ਪਾਰਟੀ ਦੇ ਇਕ ਸੰਸਦ ਮੈਂਬਰ ਨੇ ਕਿਹਾ ਕਿ ਭਾਜਪਾ ਪਾਰਟੀ ਨੇ ਲੋਕਤੰਤਰ ਦਾ ਕਤਲ ਕਰ ਦਿੱਤਾ ਹੈ। ਉਨ੍ਹਾਂ ਦੀ ਪਾਰਟੀ ਵਿਰੋਧੀ ਧਿਰ ਨਾਲ ਹਨ। ਇਹ ਦੇਸ਼ 135 ਕਰੋੜ ਲੋਕਾਂ ਦਾ ਹੈ। ਵਿਰੋਧੀ ਧਿਰਾਂ ਬੀਤੇ ਦਿਨ ਸੰਸਦ ਵਿਚ ਮਾਰਸ਼ਲਾਂ ਵਲੋਂ ਉਹਨਾਂ ਦੇ ਐਮਪੀਜ਼ ਨਾਲ ਧੱਕਾਮੁਕੀ ਕਰਨ ਦਾ ਦੋਸ਼ ਲਾ ਰਹੀਆਂ ਸਨ, ਦੂਜੇ ਪਾਸੇ ਸਰਕਾਰੀ ਖੇਮੇ ਦਾ ਕਹਿਣਾ ਹੈ ਕਿ ਵਿਰੋਧੀ ਧਿਰਾਂ ਵਲੋਂ ਸਦਨਾਂ ਚ ਕੀਤੇ ਹੰਗਾਮੇ ਸ਼ਰਮਿੰਦਾ ਕਰਨ ਵਾਲੀ ਕਾਰਵਾਈ ਹੈ।

Comment here