ਨਵੀਂ ਦਿੱਲੀ-ਖੇਤੀ ਕਨੂੰਨਾਂ ਨੂੰ ਲੈ ਕੇ ਸੰਸਦ ਦੇ ਬਾਹਰ ਵਿਰੋਧ ਕਰ ਰਹੇ ਐਮ ਪੀਜ਼ ਹਰਸਿਮਰਤ ਕੌਰ ਬਾਦਲ ਅਤੇ ਰਵਨੀਤ ਬਿੱਟੂ ਵਿਚਾਲੇ ਤਿੱਖੀ ਬਹਿਸ ਹੋ ਗਈ। ਹਰਸਿਮਰਤ ਕੌਰ ਬਾਦਲ ਪਾਰਲੀਮੈਂਟ ਦੇ ਬਾਹਰ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ ਕਾਂਗਰਸ ਦੇ ਲੁਧਿਆਣਾ ਤੋਂ ਐੱਮ. ਪੀ. ਰਵਨੀਤ ਸਿੰਘ ਬਿੱਟੂ ਨੇ ਤਿੱਖਾ ਹਮਲਾ ਬੋਲਦਿਆਂ ਆਖਿਆ ਕਿ ਜਦੋਂ ਇਹ ਤਿੰਨ ਖੇਤੀ ਬਿੱਲ ਲਿਆਂਦੇ ਗਏ ਤਾਂ ਉਸ ਸਮੇਂ ਹਰਸਿਮਰਤ ਬਾਦਲ ਕੈਬਨਿਟ ਦਾ ਹਿੱਸਾ ਸਨ, ਤਾਂ ਉਸ ਵੇਲੇ ਉਨ੍ਹਾਂ ਵਿਰੋਧ ਕਿਉਂ ਨਹੀਂ ਕੀਤਾ। ਇਸ ਦਾ ਜਵਾਬ ਦਿੰਦਿਆਂ ਹਰਸਿਮਰਤ ਬਾਦਲ ਨੇ ਕਿਹਾ ਕਿ ਉਨ੍ਹਾਂ ਖੇਤੀ ਕਾਨੂੰਨਾਂ ਦਾ ਵਿਰੋਧ ਵਿਚ ਕੈਬਨਿਟ ਛੱਡੀ ਹੈ। ਇਸ ’ਤੇ ਰਵਨੀਤ ਬਿੱਟੂ ਨੇ ਕਿਹਾ ਕਿ ਤੁਸੀਂ ਖੇਤੀ ਕਾਨੂੰਨਾਂ ਦੇ ਵਿਰੋਧ ਕਰਨ ਦਾ ਡਰਾਮਾ ਕਰ ਰਹੇ ਹੋ। ਤੁਸੀਂ ਕਾਨੂੰਨ ਪਾਸ ਹੋਣ ਤੋਂ ਬਾਅਦ ਕੈਬਨਿਟ ’ਚੋਂ ਅਸਤੀਫ਼ਾ ਦਿੱਤਾ ਸੀ। ਹਰਸਿਮਰਤ ਬਾਦਲ ਵਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਇਹ ਤਿੰਨੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ, ਗਈ ਤੇ ਹਰਸਿਮਰਤ ਨੇ ਰਵਨੀਤ ਬਿੱਟੂ ਨੂੰ ਭਾਜਪਾ ਦਾ ਏਜੰਟ ਵੀ ਕਰਾਰ ਦਿੱਤਾ। ਰਵਨੀਤ ਬਿੱਟੂ ਨੇ ਆਖਿਆ ਕਿ ਅਕਾਲੀ ਦਲ ਵਲੋਂ ਖੇਤੀ ਕਾਨੂੰਨਾਂ ਦਾ ਵਿਰੋਧ ਦਾ ਡਰਾਮਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਅੱਜ ਪੰਜ ਦਿਨ ਬੀਤ ਜਾਣ ਦੇ ਬਾਵਜੂਦ ਸੰਸਦ ਵਿਚ ਮੌਜੂਦ ਨਹੀਂ ਹਨ। ਫਿਰ ਇਹ ਕਿਸ ਤਰ੍ਹਾਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਸਕਦੇ ਹਨ। ਬਿੱਟੂ ਨੇ ਕਿਹਾ ਕਿ ਅਕਾਲੀ ਦਲ ਕਿਸਾਨਾਂ ਨੂੰ ਮਾਰਨ ਵਾਲਾ ਹੈ ਜਿਨ੍ਹਾਂ ਨੇ ਆਪ ਕੈਬਨਿਟ ਵਿਚ ਬੈਠ ਕੇ ਬਿੱਲ ਪਾਸ ਕਰਵਾਏ ਹਨ।
Comment here