ਸਿਆਸਤਖਬਰਾਂ

ਖੇਤੀ ਕਨੂੰਨਾਂ ਦੇ ਨਿਰਮਾਤਾ ਨੇ ਕੈਪਟਨ- ਸਿੱਧੂ

ਚੰਡੀਗੜ-ਨਵਜੋਤ ਸਿੰਘ ਸਿੱਧੂ ਨੇ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਤਿੰਨ ਖੇਤੀ ਕਾਨੂੰਨਾਂ ਦੇ ਨਿਰਮਾਤਾ ਦੱਸਿਆ ਸੀ। ਸਿੱਧੂ ਨੇ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਪਾਸ ਕੀਤੇ ਗਏ ਕਾਂਟਰੈਕਟ ਫਾਰਮਿੰਗ ਐਕਟ ਦੀ ਕਾਪੀ ਵੀ ਵਿਖਾਈ ਸੀ। ਉਸ ਸਮੇਂ ਦਾਅਵਾ ਕੀਤਾ ਸੀ ਕਿ ਪੰਜਾਬ ਅਤੇ ਕੇਂਦਰ ਦਾ ਐਕਟ ਬਿਲਕੁਲ ਇਕੋ ਜਿਹਾ ਹੀ ਹੈ। ਬਾਦਲਾਂ ਦੇ ਕਹਿਣ ’ਤੇ ਹੀ ਮੋਦੀ ਸਰਕਾਰ ਨੇ ਇਸ ਨੂੰ ਪੂਰੇ ਦੇਸ਼ ’ਚ ਲਾਗੂ ਕੀਤਾ। ਹੁਣ ਸਿੱਧੂ ਦੀ ਸ਼ਬਦੀ ਤੋਪ ਕੈਪਟਨ ਵੱਲ ਮੁੜ ਪਈ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਕੈਪਟਨ ਅਮਰਿੰਦਰ ਸਿੰਘ ’ਤੇ ਨਵਜੋਤ ਸਿੰਘ ਸਿੱਧੂ ਨੇ ਟਵਿੱਟਰ ਜ਼ਰੀਏ ਵੱਡਾ ਹਮਲਾ ਬੋਲਿਆ ਹੈ। ਵੱਡਾ ਹਮਲਾ ਬੋਲਦੇ ਹੋਏ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ 3 ਕਾਲੇ ਖੇਤੀ ਕਾਨੂੰਨਾਂ ਦਾ ਨਿਰਮਾਤਾ ਤੱਕ ਕਹਿ ਦਿੱਤਾ। ਟਵਿੱਟਰ ਜ਼ਰੀਏ ਭੜਾਸ ਕੱਢਦੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਤਿੰਨ ਕਾਲੇ ਕਾਨੂੰਨਾਂ ਦੇ ਨਿਰਮਾਤਾ ਅਮਰਿੰਦਰ ਸਿੰਘ ਹਨ, ਜੋ ਪੰਜਾਬ ਦੀ ਕਿਸਾਨੀ ’ਚ ਅੰਬਾਨੀ ਨੂੰ ਲੈ ਕੇ ਆਏ। ਕੈਪਟਨ ਨੇ ਇਕ-ਦੋ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਪੰਜਾਬ ਦੇ ਕਿਸਾਨਾਂ, ਛੋਟੇ ਵਪਾਰੀਆਂ ਅਤੇ ਮਜ਼ਦੂਰਾਂ ਨੂੰ ਬਰਬਾਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਇਕ ਪੁਰਾਣੀ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ’ਚ ਕੈਪਟਨ ਅਮਰਿੰਦਰ ਸਿੰਘ ਖੇਤੀ ’ਚ ਪ੍ਰਾਈਵੇਟ ਹਿੱਸੇਦਾਰੀ ਦੀ ਵਕਾਲਤ ਕਰਦੇ ਹੋਏ ਦਿੱਸ ਰਹੇ ਹਨ। ਸਿੱਧੂ ਨੇ ਵੀਡੀਓ ਦੇ ਅਖ਼ੀਰ ’ਚ ਉਦਯੋਗਪਤੀ ਮੁਕੇਸ਼ ਅੰਬਾਨੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਇਸ ਦੇ ਜ਼ਰੀਏ ਸਿੱਧੂ ਨੇ ਕੈਪਟਨ ਦੀ ਕਾਰਪੋਰੇਟਸ ਘਰਾਣਿਆਂ ਅਤੇ ਭਾਜਪਾ ਨਾਲ ਮਿਲੀਭੁਗਤ ਦੀ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਹੈ। ਸਿੱਧੂ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ’ਚ ਕੈਪਟਨ ਅਮਰਿੰਦਰ ਸਿੰਘ ਇਹ ਕਹਿ ਰਹੇ ਹਨ ਕਿ ਮੈਂ ਇਹ ਗੱਲ ਕਈ ਸਾਲਾਂ ਤੋਂ ਕਹਿ ਰਿਹਾ ਹਾਂ, ਮੈਂ 1985-86 ’ਚ ਸੂਬੇ ਦਾ ਖੇਤੀ ਮੰਤਰੀ ਸੀ, ਉਦੋਂ ਤੋਂ ਮੈਂ ਵੇਖ ਰਿਹਾ ਸੀ ਕਿ ਪੰਜਾਬ ’ਚ ਕੀ ਹੋਣਾ ਹੈ। ਸਰਕਾਰ ਆਉਣ ’ਤੇ ਮੈਂ ਟ੍ਰੋਪੀਕਾਨਾ ਅਤੇ ਅੰਬਾਨੀ ਇਥੇ ਲੈ ਕੇ ਆਇਆ। ਇਸ ਲਈ ਮੈਂ ਮੁਕੇਸ਼ ਅੰਬਾਨੀ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ’ਚ ਤੁਹਾਡੇ 98 ਹਜ਼ਾਰ ਆਊਟਲੈੱਟਸ ਹਨ, ਜਿੱਥੇ ਤੁਸੀਂ ਸਬਜ਼ੀ ਅਤੇ ਫਲ ਵੇਚ ਸਕਦੇ ਹੋ। ਪੰਜਾਬ ’ਚ 12,700 ਪਿੰਡਾਂ ’ਚ ਅਸੀਂ ਤੁਹਾਡਾ ਸਾਥ ਦੇਵਾਂਗੇ। ਤੁਸੀਂ ਬੀਜ ਦਿਓਗੇ, ਦੇਖਭਾਲ ਕਰਕੇ ਖ਼ਰੀਦ ਵੀ ਕਰੋਗੇ ਅਤੇ ਉਸ ਨੂੰ ਫਿਰ ਹਿੰਦੋਸਤਾਨ ’ਚ ਕਿਤੇ ਵੀ ਲਿਜਾ ਸਕਦੇ ਹੋ।

Comment here