ਸਿਆਸਤਖਬਰਾਂਦੁਨੀਆ

ਖੇਤੀਬਾੜੀ ਕਾਨੂੰਨ ਰੱਦ ਹੋਣ ’ਤੇ ਚੜ੍ਹਦੇ-ਲਹਿੰਦੇ ਪੰਜਾਬ ’ਚ ਖੁਸ਼ੀ ਦੀ ਲਹਿਰ

ਲਾਹੌਰ-ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ’ਤੇ ਤਿੰਨੇ ਖੇਤੀਬਾੜੀ ਕਾਨੂੰਨ ਵਾਪਸ ਹੋਣ ਦੇ ਫੈਸਲੇ ਨਾਲ ਪਾਕਿਸਤਾਨੀ ਪੰਜਾਬ ਦੀ ਜਨਤਾ ਵੀ ਖੁਸ਼ ਹੈ। ਵੰਡ ਦੇ ਸਮੇਂ ਪਾਕਿਸਤਾਨ ’ਚ ਚਲੇ ਗਏ ‘ਲਹਿੰਦੇ ਪੰਜਾਬ’ ਦੇ ਲੋਕਾਂ ਦੀਆਂ ਨਜ਼ਰਾਂ ਵੀ ਸਾਲ ਭਰ ਤੋਂ ਅੰਦੋਲਨ ਕਰ ਰਹੇ ਭਾਰਤੀ ਕਿਸਾਨਾਂ ’ਤੇ ਲੱਗੀਆਂ ਸਨ। ਸ਼ੁੱਕਰਵਾਰ ਨੂੰ ਗੁਰਪੁਰਬ ’ਤੇ ਪਾਕਿਸਤਾਨ ’ਚ ਕਰਤਾਰਪੁਰ ਸਾਹਿਬ ਪੁੱਜੇ ਲੋਕਾਂ ਨੇ ਮੋਦੀ ਦੇ ਫੈਸਲੇ ਨੂੰ ‘ਦੇਰ ਆਏ, ਦੁਰੁੱਸਤ ਆਏ’ ਵਾਲਾ ਕਰਾਰ ਦਿੱਤਾ।
ਓਧਰ, ਸਵੇਰੇ ਹੀ ਮੱਥਾ ਟੇਕਣ ਲਈ ਬਾਰਡਰ ਕ੍ਰਾਸ ਕਰ ਕੇ ਜਾਣ ਵਾਲੇ ਜ਼ਿਆਦਾਤਰ ਭਾਰਤੀਆਂ ਨੂੰ ਵੀ ਮੋਦੀ ਦੇ ਫੈਸਲੇ ਦੀ ਜਾਣਕਾਰੀ ਨਹੀਂ ਸੀ। ਅਜਿਹੇ ’ਚ ਉਨ੍ਹਾਂ ਨੇ ਵੀ ਕਿਸਾਨਾਂ ਦੀ ਇਸ ਜਿੱਤ ਲਈ ਕਰਤਾਰਪੁਰ ਸਾਹਿਬ ਗੁਰਦੁਆਰੇ ’ਚ ਮੱਥਾ ਟੇਕ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਇਸ ਖਬਰ ਨਾਲ ਸ੍ਰੀ ਕਰਤਾਰਪੁਰ ਸਾਹਿਬ ਪੁੱਜੇ ਭਾਰਤੀਆਂ ਦੇ ਚਿਹਰਿਆਂ ’ਤੇ ਦੁਗਣੀ ਖੁਸ਼ੀ ਨਜ਼ਰ ਆਈ।
ਅੰਮ੍ਰਿਤਸਰ ’ਚ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਵਾਲੇ ਸਾਈਂ ਮੀਆਂ ਮੀਰ ਦੇ ਖ਼ਾਨਦਾਨ ਨਾਲ ਤਾੱਲੁਕ ਰੱਖਣ ਵਾਲੇ ਸਾਈਂ ਰਜ਼ਾ ਅਲੀ ਵੀ ਗੁਰਪੁਰਬ ਦੇ ਮੌਕੇ ’ਤੇ ਸ੍ਰੀ ਕਰਤਾਰਪੁਰ ਸਾਹਿਬ ’ਚ ਮੱਥਾ ਟੇਕਣ ਪੁੱਜੇ ਹੋਏ ਸਨ। ਉਨ੍ਹਾਂ ਨੇ ਖੇਤੀ ਕਾਨੂੰਨ ਵਾਪਸ ਹੋਣ ’ਤੇ ਭਾਰਤੀ ਕਿਸਾਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਸਾਲ ਭਰ ਤੋਂ ਹੀ ਪਾਕਿਸਤਾਨ ਦੇ ਸਾਰੇ ਗੁਰਦੁਆਰਿਆਂ ’ਚ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਅਰਦਾਸ ਕੀਤੀ ਜਾ ਰਹੀ ਸੀ, ਜੋ ਅੱਜ ਬਾਬਾ ਨਾਨਕ ਦੇ ਪ੍ਰਕਾਸ਼ ਪੁਰਬ ’ਤੇ ਪੂਰੀ ਹੋ ਗਈ।

Comment here