ਭਾਰਤ ਵਿਚ ਔਰਤਾਂ ਦੀ ਮੁੱਕੇਬਾਜ਼ੀ ਦੀ ਖੇਡ ਮਨੀਪੁਰ ਦੀ ਐਮਸੀ ਮੈਰੀ ਕੋਮ ਦੀਆਂ ਕੌਮਾਂਤਰੀ ਟੂਰਨਾਮੈਂਟਾਂ ਵਿਚ ਜਿੱਤਾਂ ਕਾਰਨ ਲੋਕਾਂ ਦੇ ਧਿਆਨ ਦੇ ਕੇਂਦਰ ਵਿਚ ਰਹੀ ਹੈ। ਮੈਰੀ ਕੋਮ ਨੇ 2012 ਦੀਆਂ ਲੰਡਨ ਓਲੰਪਿਕ ਖੇਡਾਂ ਵਿਚ ਕਾਂਸੀ ਦੇ ਤਗ਼ਮੇ ਸਮੇਤ ਅੱਠ ਵਿਸ਼ਵ ਚੈਂਪੀਅਨਸ਼ਿਪ ਤਗ਼ਮੇ (ਛੇ ਸੋਨੇ ਸਮੇਤ) ਜਿੱਤੇ ਹਨ। ਉਸ ਦਾ ਸ਼ਾਨਦਾਰ ਪ੍ਰਦਰਸ਼ਨ ਹੋਰ ਮੁੱਕੇਬਾਜ਼ਾਂ ਮੁਟਿਆਰਾਂ ਨੂੰ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰਦਾ ਰਿਹਾ ਹੈ। ਹਾਲ ਹੀ ਵਿਚ ਨਵੀਂ ਦਿੱਲੀ ਵਿਚ ਸਮਾਪਤ ਹੋਈ ਵਿਸ਼ਵ ਚੈਂਪੀਅਨਸ਼ਿਪ ਵਿਚ ਚਾਰ ਭਾਰਤੀ ਮੁੱਕੇਬਾਜ਼ਾਂ ਨੇ ਸੋਨੇ ਦੇ ਤਗ਼ਮੇ ਜਿੱਤੇ। ਇਨ੍ਹਾਂ ਵਿਚ ਨਿਖ਼ਤ ਜ਼ਰੀਨ, ਲਵਲੀਨਾ ਬੋਰਗੋਹੇਨ, ਨੀਤੂ ਘੰਗਾਸ ਅਤੇ ਸਵੀਟੀ ਬੂਰਾ ਸ਼ਾਮਿਲ ਹਨ। ਨਿਖ਼ਤ ਨੇ ਮੈਰੀ ਕੋਮ ਵਾਂਗ ਦੋ ਵਾਰ ਵਿਸ਼ਵ ਖਿਤਾਬ ਜਿੱਤਣ ਦਾ ਮਾਣ ਹਾਸਿਲ ਕੀਤਾ; ਇਸ ਮੁਕਾਬਲੇ ਵਿਚ ਉਸ ਨੇ ਵੀਅਤਨਾਮ ਦੀ ਦੋ ਵਾਰ ਦੀ ਏਸ਼ੀਅਨ ਚੈਂਪੀਅਨ ਰਹੀ ਗੁਏਨ ਥੀ ਟਾਮ ਨੂੰ ਹਰਾਇਆ। ਟੋਕੀਓ ਓਲੰਪਿਕ ਦੀ ਕਾਂਸੀ ਤਗ਼ਮਾ ਜੇਤੂ ਲਵਲੀਨਾ ਨੇ ਆਸਟਰੇਲੀਆ ਦੀ ਕੇਟਲਨ ਪਾਰਕਰ ਨੂੰ ਹਰਾ ਕੇ ਆਪਣਾ ਪਹਿਲਾ ਵਿਸ਼ਵ ਖ਼ਿਤਾਬ ਜਿੱਤਿਆ। ਭਾਰਤ ਦੀਆਂ ਮਹਿਲਾ ਮੁੱਕੇਬਾਜ਼ਾਂ ਨੇ ਸੋਨ ਤਗ਼ਮਿਆਂ ਦੇ ਮਾਮਲੇ ਵਿਚ ਆਪਣੇ 2006 ਵਾਲੇ ਸਰਵੋਤਮ ਪ੍ਰਦਰਸ਼ਨ ਦੀ ਬਰਾਬਰੀ ਕੀਤੀ; ਉਨ੍ਹਾਂ ਨੇ ਉਸ ਵਿਸ਼ਵ ਚੈਂਪੀਅਨਸ਼ਿਪ (2006) ਵਿਚ ਵੀ ਚਾਰ ਮੈਡਲ ਜਿੱਤੇ ਸਨ।
ਨਿਖ਼ਤ ਅਤੇ ਲਵਲੀਨਾ ਇਸ ਸਾਲ ਸਤੰਬਰ-ਅਕਤੂਬਰ ਵਿਚ ਹਾਂਗਜ਼ੂ (ਚੀਨ) ਵਿਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਵਿਚ ਸੋਨੇ ਦੇ ਤਗ਼ਮੇ ਜਿੱਤਣ ਦੀਆਂ ਦਾਅਵੇਦਾਰ ਹੋਣਗੀਆਂ ਜਦੋਂਕਿ ਨੀਤੂ ਅਤੇ ਸਵੀਟੀ ਨੂੰ ਮੁਕਾਬਲੇ ਵਿਚ ਉਤਰਨ ਲਈ ਆਪੋ-ਆਪਣੇ ਭਾਰ ਵਰਗ ਵਿਚ ਬਦਲਾਅ ਕਰਨ ਦੀ ਲੋੜ ਹੈ। ਇਨ੍ਹਾਂ ਮੁੱਕੇਬਾਜ਼ਾਂ ਦੀਆਂ ਪ੍ਰਾਪਤੀਆਂ ਨੇ ਉਮੀਦ ਜਗਾਈ ਹੈ ਕਿ ਭਾਰਤ ਆਖ਼ਰਕਾਰ ਅਗਲੇ ਸਾਲ ਇਸ ਖੇਡ ਵਿਚ ਓਲੰਪਿਕ ਸੋਨ ਤਗ਼ਮਾ ਜਿੱਤੇਗਾ।
ਇਹ ਖੁਸ਼ੀ ਦੀ ਗੱਲ ਹੈ ਕਿ ਮੁੱਕੇਬਾਜ਼ੀ ਅਤੇ ਕੁਸ਼ਤੀ ਕੁੜੀਆਂ ਵਿਚਕਾਰ ਪਸੰਦੀਦਾ ਖੇਡਾਂ ਬਣ ਗਈਆਂ ਹਨ ਹਾਲਾਂਕਿ, ਕ੍ਰਿਕਟ ਦਾ ਦਬਦਬਾ ਕਾਇਮ ਹੈ। ਭਾਰਤ ਦੀ ਔਰਤਾਂ ਦੀ ਹਾਕੀ ਟੀਮ ਵੀ ਚੰਗਾ ਪ੍ਰਦਰਸ਼ਨ ਕਰਦੀ ਰਹੀ ਹੈ। ਔਰਤ ਪਹਿਲਵਾਨਾਂ ਨੇ ਵੀ ਕੌਮਾਂਤਰੀ ਪੱਧਰ ’ਤੇ ਵੱਡੀਆਂ ਜਿੱਤਾਂ ਪ੍ਰਾਪਤ ਕੀਤੀਆਂ ਹਨ। ਬੈਡਮਿੰਟਨ ਦੀ ਖੇਡ ਵਿਚ ਭਾਰਤੀ ਖਿਡਾਰਨਾਂ ਨੇ ਵਿਸ਼ਵ ਪੱਧਰ ’ਤੇ ਆਪਣਾ ਸਿੱਕਾ ਜਮਾਇਆ ਹੈ। ਕੁਝ ਸਮਾਂ ਔਰਤ ਪਹਿਲਵਾਨਾਂ ਨੇ ਆਪਣੇ ਹੱਕਾਂ ਲਈ ਆਵਾਜ਼ ਉਠਾ ਕੇ ਇਹ ਦੱਸਿਆ ਸੀ ਕਿ ਉਹ ਆਪਣੇ ਮਾਣ-ਸਨਮਾਨ ਲਈ ਲੜ ਵੀ ਸਕਦੀਆਂ ਹਨ। ਸਪੱਸ਼ਟ ਤੌਰ ’ਤੇ ਦੇਸ਼ ਦੀਆਂ ਧੀਆਂ ਲਈ ਖੇਡਾਂ ਦੇ ਮੌਕਿਆਂ ਦੀ ਕੋਈ ਕਮੀ ਨਹੀਂ ਹੈ ਜਿਸ ਵਿਚ ਮੈਰੀ ਕੋਮ, ਸਾਨੀਆ ਮਿਰਜ਼ਾ, ਪੀਵੀ ਸਿੰਧੂ ਅਤੇ ਸਾਈਨਾ ਨੇਹਵਾਲ ਵਰਗੀਆਂ ਖਿਡਾਰਨਾਂ ਉਨ੍ਹਾਂ ਲਈ ਸਥਾਈ ਰੋਲ ਮਾਡਲ ਹਨ। ਕੇਂਦਰ ਅਤੇ ਰਾਜ ਸਰਕਾਰਾਂ ਦੀ ਸਹਾਇਤਾ ਦੇ ਨਾਲ-ਨਾਲ ਮਾਪਿਆਂ ਅਤੇ ਕੋਚਾਂ ਦੇ ਨਿਰੰਤਰ ਸਮਰਥਨ ਨਾਲ ਬਹੁਤ ਵੱਡਾ ਫ਼ਰਕ ਪੈ ਰਿਹਾ ਹੈ। ਔਰਤਾਂ ਦੀ ਬਰਾਬਰੀ ਇਕ ਵੱਡਾ ਮਸਲਾ ਹੈ ਅਤੇ ਖਿਡਾਰਣਾਂ ਦੀ ਸਫਲਤਾ ਔਰਤਾਂ ਵਿਚ ਵਿਸ਼ਵਾਸ ਤੇ ਉਤਸ਼ਾਹ ਪੈਦਾ ਕਰਦੀ ਹੈ।
ਖੇਡਾਂ ‘ਚ ਭਾਰਤੀ ਮੁਟਿਆਰਾਂ ਕਰ ਰਹੀਆਂ ਨੇ ਸ਼ਾਨਦਾਰ ਪ੍ਰਦਰਸ਼ਨ

Comment here