ਸਾਹਿਤਕ ਸੱਥ

ਖੁਸ਼ਬੂ ਦੇ ਵਣਜਾਰੇ

‘‘ਚੰਗਾ, ਹੁਣ ਮੇਰਾ ਸਟੇਸ਼ਨ ਆ ਗਿਆ ਹੈ, ਮੈਂ ਚੱਲਦਾ ਹਾਂ। ਵਾਹਿਗੁਰੂ ਨੇ ਚਾਹਿਆ ਤਾਂ ਫੇਰ ਮੁਲਾਕਾਤ ਹੋਵੇਗੀ।”
ਇੰਨਾ ਆਖ ਉਹ ਆਪਣਾ ਬੈਗ ਚੁੱਕ ਕੇ ਟ੍ਰੇਨ ਦੇ ਡਿੱਬੇ ਦੇ ਦਰਵਾਜ਼ੇ ਤੱਕ ਪਹੁੰਚ ਗਏ।
ਮੈਂ ਅਵਾਕ ਹੁੰਦਿਆਂ ਉਨ੍ਹਾਂ ਦਾ ਆਪਣੀ ਸੀਟ ਤੋਂ ਉੱਠਣਾ ਤੇ ਦਰਵਾਜ਼ੇ ਵੱਲ ਨੂੰ ਜਾਣਾ ਤੱਕ ਰਿਹਾ ਸੀ। ਇੰਨੇ ਸਮੇਂ ਦੇ ਸਾਥ ਤੇ ਉਨ੍ਹਾਂ ਦੀ ਗੱਲਬਾਤ ਦਾ ਦੌਰ ਅੰਤਿਮ ਪੜਾਅ ਤੇ ਸੀ। ਰੇਲਗੱਡੀ ਦੀ ਰਫ਼ਤਾਰ ਹੌਲੀ ਹੌਲੀ ਘੱਟ ਹੋਣ ਲੱਗੀ ਤੇ ਦੇਖਦਿਆਂ ਦੇਖਦਿਆਂ ਵਾਰੰਗਲ ਸਟੇਸ਼ਨ ਆ ਗਿਆ। ਗੱਡੀ ਦੇ ਰੁਕਦਿਆਂ ਹੀ ਉਨ੍ਹਾਂ ਨੇ ਮੈਨੂੰ ਇੱਕ ਵਾਰ ਤੱਕਿਆ ਤੇ ਇੱਕ ਮਿੱਠੀ ਮੁਸਕੁਰਾਹਟ ਨਾਲ ਹੱਥ ਹਿਲਾਉਂਦਿਆਂ ਹੇਠਾਂ ਉਤਰ ਗਏ। ਮੇਰੀ ਨਜ਼ਰ ਉਨ੍ਹਾਂ ਦਾ ਪਿੱਛਾ ਕਰਦੀ ਰਹੀ ਤੇ ਕੁਝ ਪਲਾਂ ਬਾਅਦ ਉਹ ਮੇਰੀਆਂ ਅੱਖਾਂ ਤੋਂ ਓਹਲੇ ਹੋ ਗਏ। ਕੁਝ ਦੇਰ ਬਾਅਦ ਰੇਲਗੱਡੀ ਨੇ ਵਿਸ਼ਲ ਦਿੱਤੀ ਤੇ ਹੌਲੀ ਹੌਲੀ ਖਿਸਕਣੀ ਸ਼ੁਰੂ ਹੋ ਗਈ। ਫੇਰ ਗੱਡੀ ਨੇ ਇੱਕਦਮ ਰਫ਼ਤਾਰ ਫੜ ਲਈ। ਮੈਂ ਬੀਤੇ ਹੋਏ ਸਮੇਂ ਦੇ ਭੰਵਰ ਤੋਂ ਬਾਹਰ ਆਇਆ ਤੇ ਆਪਣੇ ਆਸਪਾਸ ਦੇਖਿਆ… ਕੁਝ ਵੀ ਨਹੀਂ ਬਦਲਿਆ ਸੀ ਬੱਸ ਉਹੀ ਨਹੀਂ ਸਨ ਜਿਹੜੇ ਪਿਛਲੇ ਨੌਂ ਦਸ ਘੰਟਿਆਂ ਤੋਂ ਮੇਰੇ ਨਾਲ ਸਫ਼ਰ ਕਰ ਰਹੇ ਸਨ। ਅਚਾਨਕ ਮੈਨੂੰ ਉਨ੍ਹਾਂ ਦੇ ਬਹਿਣ ਵਾਲੀ ਥਾਂ ਤੋਂ ਭਿੰਨੀ ਭਿੰਨੀ ਖ਼ੁਸ਼ਬੂ ਦਾ ਇੱਕ ਬੁੱਲਾ ਆਉਂਦਾ ਮਹਿਸੂਸ ਹੋਇਆ। ਮੈਂ ਹੈਰਾਨੀ ਨਾਲ ਇੱਕ ਸਲੀਪਰ ਕਲਾਸ ਰੇਲਗੱਡੀ ਦੇ ਡੱਬੇ ਵਿੱਚ ਫੈਲੀ ਖਾਣੇ ਦੀ ਮੁਸ਼ਕ, ਪਖਾਨੇ ਤੋਂ ਆਉਂਦੀ ਬਦਬੂ ਤੇ ਨਾਲ ਬੈਠੇ ਸਹਿ ਯਾਤਰੀਆਂ ਦੇ ਪਸੀਨੇ ਦੀ ਹਵਾਸ ਦੀ ਥਾਂ ਇੱਕ ਭਿੰਨੀ ਭਿੰਨੀ ਮਹਿਕ ਨਾਲ ਮੇਰਾ ਮਨ ਖਿੜ ਗਿਆ।
ਪਰ ਇਹ ਸਵਾਲ ਮੇਰੇ ਮਨ ਵਿੱਚ  ਹਾਲੇ ਵੀ ਸੀ ਕਿ ਇਸ ਬਦਬੂ ਭਰੇ ਵਾਤਵਰਣ ਵਿੱਚ ਇਹ ਭਿੰਨੀ ਭਿੰਨੀ ਖ਼ੁਸ਼ਬੂ ਕਿਵੇਂ ਤੇ ਕਿੱਥੋਂ ਫੈਲ ਗਈ? ਇਹ ਜਾਨਣ ਲਈ ਤੁਹਾਨੂੰ ਮੇਰੇ ਨਾਲ ਦਸ ਘੰਟੇ ਪਹਿਲਾਂ ਵਾਲੇ ਪਲਾਂ ਵਿੱਚ ਜਾਣਾ ਪਵੇਗਾ।
ਮੈਂ ਚੇਨੰਈ ਵਿੱਚ ਨੌਕਰੀ ਕਰਦਾ ਹਾਂ ਤੇ ਮੇਰਾ ਜੱਦੀ ਘਰ ਭੋਪਾਲ ਵਿੱਚ ਹੈ। ਅੱਜ ਅਚਾਨਕ ਘਰ ਤੋਂ ਪਿਤਾ ਜੀ ਦਾ ਫੋਨ ਗਿਆ ਕਿ ਤੁਰੰਤ ਘਰ ਨੂੰ ਆ ਜਾ। ਕੋਈ ਬਹੁਤ ਜ਼ਰੂਰੀ ਕੰਮ ਹੈ। ਮੈਂ ਛੇਤੀ ਛੇਤੀ ਰੇਲਵੇ ਸਟੇਸ਼ਨ ਪਹੁੰਚਿਆ ਤੇ ਤਤਕਾਲੀ ਰਿਜ਼ਰਵੇਸ਼ਨ ਦੀ ਕੋਸ਼ਿਸ਼ ਕੀਤੀ ਪਰ ਗਰਮੀ ਦੀਆਂ ਛੁੱਟੀਆਂ ਦੇ ਸਮੇਂ ਦੇ ਚਲਦਿਆਂ ਕੋਈ ਵੀ ਸੀਟ ਉਪਲਬਧ ਨਹੀਂ ਸੀ।
ਸਾਹਮਣੇ ਪਲੇਟਫਾਰਮ ਉੱਤੇ ਗਰੈਂਡ ਟਰੰਕ ਐਕਸਪ੍ਰੈਸ ਖਲੋਤੀ ਸੀ ਤੇ ਉਹਦੇ ਵਿੱਚ ਤਿਲ ਧਰਨ ਨੂੰ ਥਾਂ ਨਹੀਂ ਸੀ। ਪਰ ਮਰਦਾ ਕੀ ਨਾ ਕਰਦਾ.. ਕਿਵੇਂ ਵੀ ਹੋਵੇ ਘਰ ਤਾਂ ਪਹੁੰਚਣਾ ਹੀ ਸੀ। ਬਿਨਾ ਕੁਝ ਸੋਚੇ ਸਮਝੇ ਸਾਹਮਣੇ ਖੜ੍ਹੇ ਸਲੀਪਰ ਕਲਾਸ ਡਿੱਬੇ ਵਿੱਚ ਘੁਸ ਗਿਆ। ਮੈਂ ਸੋਚ ਰਿਹਾ ਸੀ ਕਿ ਇੰਨੀ ਭਾਰੀ ਭੀੜ ਵਿੱਚ ਰੇਲਵੇ ਟੀ. ਟੀ. ਕੁਝ ਨਹੀਂ ਕਹੇਗਾ। ਡਿੱਬੇ ਅੰਦਰ ਬੁਰਾ ਹਾਲ ਸੀ। ਜਿਵੇਂ ਕਿਵੇਂ ਥਾਂ ਬਣਾਉਣ ਲਈ ਬਰਥ ਤੇ ਬੈਠੇ ਇੱਕ ਸੱਜਣ ਨੂੰ ਲੇਟਿਆਂ ਦੇਖਿਆ ਤਾਂ ਉਨ੍ਹਾਂ ਨੂੰ ਬੇਨਤੀ ਕਰਕੇ ਬੈਠਣ ਲਈ ਥਾਂ ਦੀ ਮੰਗ ਰੱਖੀ।
ਸੱਜਣ ਹੱਸੇ ਤੇ ਉੱਠ ਕੇ ਬਹਿ ਗਏ ਤੇ ਬੋਲੇ, ’ ਕੋਈ ਗੱਲ ਨਹੀਂ ਤੁਸੀਂ ਇੱਥੇ ਬਹਿ ਸਕਦੇ ਹੋ।’ ਮੈਂ ਉਨ੍ਹਾਂ ਦਾ ਧੰਨਵਾਦ ਕਰਦਿਆਂ ਉੱਥੇ ਹੀ ਕੋਨੇ ਵਿੱਚ ਬਹਿ ਗਿਆ।
ਥੋੜੀ ਦੇਰ ਮਗਰੋਂ ਟ੍ਰੇਨ ਨੇ ਸਟੇਸ਼ਨ ਛੱਡ ਦਿੱਤਾ ਤੇ ਰਫ਼ਤਾਰ ਫੜ ਲਈ। ਕੁਝ ਹੀ ਮਿੰਟਾਂ ਵਿੱਚ ਜਿਵੇਂ ਸਭ ਲੋਕ ਥਾਂ ਸਿਰ ਹੋ ਗਏ। ਸਾਰਿਆਂ ਨੂੰ ਬਹਿਣ ਦੀ ਥਾਂ ਮਿਲ ਗਈ। ਲੋਕ ਸਹਿਜ ਮਨ ਹੋ ਕੇ ਨਾਲ ਲਿਆਂਦਾ ਖਾਣਾ ਖੋਲ ਕੇ ਖਾਣ ਲੱਗੇ। ਪੂਰੇ ਡਿੱਬੇ ਵਿੱਚ ਖਾਣੇ ਦੀ ਮਹਿਕ ਭਰ ਗਈ। ਮੈਂ ਆਪਣੇ ਨਾਲ ਵਾਲੇ ਯਾਤਰੂ ਵੱਲ ਦੇਖਿਆ ਤੇ ਸੋਚਿਆ ਕਿ ਗੱਲਬਾਤ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇ।
‘‘ਮੇਰਾ ਨਾਂ ਆਲੋਕ ਹੈ ਤੇ ਮੈਂ ਇਸਰੋ ਵਿੱਚ ਇੱਕ ਵਿਗਿਆਨੀ ਹਾਂ। ਅੱਜ ਜ਼ਰੂਰੀ ਕੰਮ ਕਰਕੇ ਮੈਨੂੰ ਘਰ ਪਰਤਣਾ ਪੈ ਗਿਆ ਹੈ ਇਸੇ ਵਾਸਤੇ ਸਲੀਪਰ ਕਲਾਸ ਵਿੱਚ ਚੜ੍ਹ ਗਿਆ ਹਾਂ। ਉਂਜ ਤਾਂ ਮੈਂ ਏ.ਸੀ. ਕਲਾਸ ਤੋਂ ਘੱਟ ਸਫ਼ਰ ਨਹੀਂ ਕਰਦਾ।” ਮੈਂ ਕਿਹਾ।
ਉਹ ਮੁਸਕਰਾ ਕੇ ਬੋਲੇ, ‘ਵਾਹ ! ਤਾਂ ਮੇਰੇ ਨਾਲ ਇੱਕ ਵਿਗਿਆਨੀ ਯਾਤਰਾ ਕਰ ਰਿਹਾ ਹੈ। ਮੇਰਾ ਨਾਂ ਜਗਮੋਹਨ ਰਾਓ ਹੈ। ਮੈਂ ਵਾਰੰਗਲ ਜਾ ਰਿਹਾ ਹਾਂ। ਉਸੇ ਦੇ ਨੇੜੇ ਇੱਕ ਪਿੰਡ ਵਿੱਚ ਮੇਰਾ ਘਰ ਹੈ। ਮੈਂ ਅਕਸਰ ਸ਼ਨੀਚਰਵਾਰ ਨੂੰ ਘਰ ਜਾਂਦਾ ਹਾਂ।’
ਇੰਨਾ ਆਖ ਉਸਨੇ ਆਪਣਾ ਬੈਗ ਖੋਲਿਆ ਤੇ ਉਸ ਵਿਚੋਂ ਇੱਕ ਡੱਬਾ ਕਢਿਆ। ਉਹ ਬੋਲੇ, ‘ਇਹ ਮੇਰੇ ਘਰ ਦਾ ਖਾਣਾ ਹੈ, ਤੁਸੀਂ ਲੈਣਾ ਪਸੰਦ ਕਰੋਗੇ?’ ਸੰਕੋਚ ਕਰਦਿਆਂ ਮੈਂ ਮਨਾ ਕਰ ਦਿੱਤਾ ਤੇ ਆਪਣੇ ਬੈਗ ਵਿਚੋਂ ਸੈਂਡਵਿਚ ਕੱਢ ਕੇ ਖਾਣ ਲੱਗਾ। ਜਗਮੋਹਨ ਰਾਓ !… ਇਹ ਨਾਂ ਮੈਨੂੰ ਕੁਝ ਕੁਝ ਸੁਣਿਆ ਹੋਇਆ ਤੇ ਪਛਾਣਿਆ ਜਿਹਾ ਲੱਗਾ ਪਰ ਇਸ ਵੇਲੇ ਯਾਦ ਨਹੀਂ ਸੀ ਆ ਰਿਹਾ।
ਕੁਝ ਦੇਰ ਬਾਅਦ ਸਭ ਲੋਕਾਂ ਨੇ ਖਾਣਾ ਖਾ ਲਿਆ ਤੇ ਸੌਣ ਦੀ ਕੋਸ਼ਿਸ਼ ਕਰਨ ਲੱਗੇ। ਸਾਡੇ ਵਾਲੀ ਬਰਥ ਦੇ ਸਾਹਮਣੇ ਇੱਕ ਪਰਿਵਾਰ ਬੈਠਾ ਸੀ। ਜਿਸ ਵਿੱਚ ਇੱਕ ਪਿਓ, ਮਾਂ ਤੇ ਦੋ  ਵੱਡੇ ਬੱਚੇ ਸਨ। ਉਨ੍ਹਾਂ ਨੇ ਵੀ ਖਾਣਾ ਖਾ ਲਿਆ ਤੇ ਸੌਣ ਲਈ ਬਿਸਤਰ ਲਗਾਉਣ ਲੱਗੇ। ਮੈਂ ਬਰਥ ਦੇ ਇੱਕ ਸਿਰੇ  ਉੱਤੇ ਬੈਠ ਆਪਣੇ ਮੋਬਾਇਲ ਵਿੱਚ ਗੇਮ ਖੇਡਣ ਲੱਗਾ।
ਗੱਡੀ ਤੇਜ਼ ਰਫ਼ਤਾਰ ਨਾਲ ਦੌੜ ਰਹੀ ਸੀ। ਅਚਾਨਕ ਮੈਂ ਦੇਖਿਆ ਕਿ ਸਾਹਮਣੇ ਵਾਲੀ ਬਰਥ ਤੇ 55-60 ਸਾਲ ਦੇ ਜਿਹੜੇ ਸੱਜਣ ਲੇਟੇ ਸਨ ਉਹ ਤੜਫ਼ਣ ਲੱਗੇ ਤੇ ਉਨ੍ਹਾਂ ਦੇ ਮੂੰਹ ਤੋਂ ਝੱਗ ਨਿਕਲਣ ਲੱਗਾ। ਉਨ੍ਹਾਂ ਦਾ ਪਰਿਵਾਰ ਘਬਰਾ ਉੱਠਿਆ ਤੇ ਉਹ ਉਸਨੂੰ ਪਾਣੀ ਪਿਆਉਣ ਦੀ ਕੋਸ਼ਿਸ਼ ਕਰਨ ਲੱਗੇ। ਪਰ ਉਹ ਕੁਝ ਵੀ ਬੋਲਣ ਦੀ ਹਾਲਤ ਵਿੱਚ ਨਹੀਂ ਸੀ। ਮੈਂ ਚਿੱਲਾ ਕੇ ਬੋਲਿਆ ਕਿ ਕੋਈ ਕਿਸੇ ਡਾਕਟਰ ਨੂੰ ਬੁਲਾਓ, ਐਮਰਜੈਂਸੀ ਹੈ। ਰਾਤ ਨੂੰ ਸਲੀਪਰ ਕਲਾਸ ਦੇ ਡਿੱਬੇ ਵਿੱਚ ਡਾਕਟਰ ਕਿੱਥੇ ਮਿਲਣਾ ਸੀ। ਉਨ੍ਹਾਂ ਦੇ ਪਰਿਵਾਰ ਦੇ ਲੋਕ ਉਨ੍ਹਾਂ ਨੂੰ ਬੇਸਹਾਰਾ ਹਾਲਤ ਵਿੱਚ ਦੇਖ ਕੇ ਰੋਣ ਲੱਗੇ। ਉਦੋਂ ਹੀ ਮੇਰੇ ਨਾਲ ਵਾਲੇ ਜਗਮੋਹਨ ਰਾਓ ਨੀਂਦ ਤੋਂ ਜਾਗ ਪਏ। ਉਨ੍ਹਾਂ ਨੇ ਮੈਥੋਂ ਪੁੱਛਿਆ ਕਿ ਕੀ ਹੋਇਆ ? ਮੈਂ ਉਨ੍ਹਾਂ ਨੂੰ ਸਾਰਾ ਮਾਜਰਾ ਦੱਸਿਆ। ਮੇਰੀ ਗੱਲ ਸੁਣਦਿਆਂ ਹੀ ਉਹ ਛੇਤੀ ਨਾਲ ਆਪਣੇ ਬਰਥ ਤੋਂ ਹੇਠਾਂ ਉਤਰੇ। ਹੇਠਾਂ ਤੋਂ ਆਪਣਾ ਬੈਗ ਖੋਲ੍ਹ ਕੇ ਕੁਝ ਲੱਭਣ ਲੱਗੇ। ਬੈਗ ਖੁਲਦਿਆਂ ਹੀ ਮੈਂ ਦੇਖਿਆ ਕਿ ਉਨ੍ਹਾਂ ਨੇ ਸਟੈਥੋਸਕੋਪ ਕੱਢਿਆ ਤੇ ਸਾਹਮਣੇ ਵਾਲੇ ਸੱਜਣ ਦੇ ਸੀਨੇ ਤੇ ਧਰ ਉਸਦੀ ਧੜਕਣ ਸੁਣਨ ਲੱਗੇ। ਇੱਕ ਮਿੰਟ ਬਾਅਦ ਉਨ੍ਹਾਂ ਦੇ ਚਿਹਰੇ ਉੱਤੇ ਚਿੰਤਾ ਦੀਆਂ ਲਕੀਰਾਂ ਦਿੱਸਣ ਲੱਗੀਆਂ। ਉਨ੍ਹਾਂ ਨੇ ਬਿਨ ਬੋਲਿਆਂ ਬੈਗ ਵਿੱਚੋਂ ਇੱਕ ਇੰਜੈਕਸ਼ਨ ਕੱਢਿਆ ਤੇ ਉਸ ਸੱਜਣ ਦੇ ਸੀਨੇ ਵਿਚ ਲਗਾ ਦਿੱਤਾ ਤੇ ਉਸਦੀ ਛਾਤੀ ਨੂੰ ਦਬਾ ਦਬਾ ਮੂੰਹ ਉੱਤੇ ਆਪਣਾ ਰੁਮਾਲ ਧਰ ਕੇ ਉਸਨੂੰ ਆਪਣੇ ਮੂੰਹ ਨਾਲ ਸਾਹ ਦੇਣ ਲੱਗੇ। ਕੁਝ ਦੇਰ ਤਕ ਸੀ. ਪੀ. ਆਰ. ਦੇਣ ਤੋਂ ਬਾਅਦ ਮੈਂ ਦੇਖਿਆ ਕਿ ਮਰੀਜ਼ ਦਾ ਤੜਫ਼ਣਾ ਘੱਟ ਹੋ ਗਿਆ ਸੀ।
ਜਗਮੋਹਨ ਰਾਓ ਜੀ ਨੇ ਬੈਗ ਵਿੱਚੋਂ ਕੁਝ ਹੋਰ ਗੋਲੀਆਂ ਕੱਢੀਆਂ ਤੇ ਬੋਲੇ, ‘ਬੇਟਾ ! ਇਹ ਗੱਲ ਸੁਣ ਕੇ ਘਬਰਾਣਾ ਨਹੀਂ। ਤੁਹਾਡੇ ਪਿਓ ਨੂੰ ਦਿਲ ਦਾ ਦੌਰਾ ਪਿਆ ਸੀ। ਪਹਿਲਾਂ ਉਨ੍ਹਾਂ ਦੀ ਜਾਨ ਨੂੰ ਖਤਰਾ ਸੀ ਪਰ ਮੈਂ ਇੰਜੈਕਸ਼ਨ ਦੇ ਦਿੱਤਾ ਹੈ ਤੇ ਇਹ ਦਵਾਈਆਂ ਉਨ੍ਹਾਂ ਨੂੰ ਦੇ ਦੇਣੀਆਂ।’
ਮਰੀਜ਼ ਬਜ਼ੁਰਗ ਦਾ ਬੇਟਾ ਹੈਰਾਨੀ ਨਾਲ ਬੋਲਿਆ ਕਿ ਤੁਸੀਂ ਕੌਣ ਹੋ ? ਜਗਮੋਹਨ ਜੀ ਬੋਲੇ, ‘ਕਿ ਮੈਂ ਇੱਕ ਡਾਕਟਰ ਹਾਂ। ਮੈਂ ਇਨ੍ਹਾਂ ਦੀ ਕੇਸ ਹਿਸ਼ਟਰੀ ਤੇ ਦਵਾਈਆਂ ਲਿਖ ਦਿੰਦਾ ਹਾਂ। ਅਗਲੇ ਸਟੇਸ਼ਨ ਤੇ ਉਤਰ ਕੇ ਤੁਸੀਂ ਇਨ੍ਹਾਂ ਨੂੰ ਚੰਗੇ ਹਸਪਤਾਲ ਵਿੱਚ ਲੈਣ ਜਾਣਾ।’
ਉਨਾਂ ਨੇ ਆਪਣੇ ਬੈਗ ਵਿਚੋਂ ਇੱਕ ਲੈਟਰਪੈਡ ਕੱਢਿਆ। ਜਿਵੇਂ ਹੀ ਮੈਂ ਉਨ੍ਹਾਂ ਦੇ ਲੈਟਰਪੈਡ ਦਾ ਹੈਡਿੰਗ ਪੜਿ੍ਹਆ, ਮੇਰੀ ਯਾਦਾਸ਼ਤ ਵਾਪਸ ਆ ਗਈ।
ਉਸ ਉੱਤੇ ਛਪਿਆ ਸੀ ‘ਡਾਕਟਰ ਜਗਮੋਹਨ ਰਾਓ, ਹਾਰਟ ਸਪੈਸ਼ਲਿਸਟ, ਅਪੋਲੋ ਹਸਪਤਾਲ, ਚੇਨਈ।’
ਹੁਣ ਤੱਕ ਮੈਨੂੰ  ਇਹ ਵੀ ਯਾਦ ਆ ਗਿਆ ਸੀ ਕਿ ਕੁਝ ਦਿਨ ਪਹਿਲਾਂ ਜਦੋਂ ਮੈਂ ਆਪਣੇ ਪਿਤਾ ਨੂੰ ਚੈਕ ਅੱਪ ਕਰਾਉਣ ਲਈ ਅਪੋਲੋ ਹਸਪਤਾਲ ਲੈ ਕੇ ਗਿਆ ਸੀ ਤਾਂ ਉੱਥੇ ਮੈਂ ਡਾਕਟਰ ਜਗਮੋਹਨ ਰਾਓ ਬਾਰੇ ਸੁਣਿਆ ਸੀ। ਉਹ ਹਸਪਤਾਲ ਦੇ ਸਭ ਤੋਂ ਸੀਨੀਅਰ, ਖ਼ਾਸ ਤੇ ਪ੍ਰਤਿਭਾਸ਼ਾਲੀ ਦਿਲ ਦੇ ਰੋਗਾਂ ਦੇ ਮਾਹਿਰ ਸਨ।  ਉਨ੍ਹਾਂ ਤੋਂ ਮਿਲਣ ਦਾ ਸਮਾਂ ਲੈਣ ਲਈ ਛੇ ਮਹੀਨੇ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਮੈਂ ਹੈਰਾਨੀ ਨਾਲ ਉਨ੍ਹਾਂ ਨੂੰ ਦੇਖ ਰਿਹਾ ਸੀ। ਇੰਨਾ ਵੱਡਾ ਡਾਕਟਰ ਇੱਕ ਸਲੀਪਰ ਕਲਾਸ ਵਿੱਚ ਸਫ਼ਰ ਕਰ ਰਿਹਾ ਸੀ ਤੇ ਮੈਂ ਇੱਕ ਤੀਜ਼ੇ ਦਰਜੇ ਦਾ ਛੋਟਾ ਜਿਹਾ ਵਿਗਿਆਨੀ  ਏ. ਸੀ. ਦਰਜੇ ਵਿੱਚ ਚੱਲਣ  ਦਾ ਘੁਮੰਡ ਕਰ ਰਿਹਾ ਸੀ। ਇਹ ਇਨ੍ਹਾਂ ਵੱਡਾ ਆਦਮੀ ਕਿੰਨੀ ਹਲੀਮੀ ਨਾਲ ਪੇਸ਼ ਆ ਰਿਹਾ ਸੀ।
ਇੰਨੇ ਵਿੱਚ ਅਗਲਾ ਸਟੇਸ਼ਨ ਆ ਗਿਆ ਤੇ ਉਹ ਦਿਲ ਦੇ ਰੋਗ ਨਾਲ ਪੀੜਤ  ਪਰਿਵਾਰ ਆਪਣੇ ਬਜ਼ੁਰਗ ਨੂੰ  ਲੈਕੇ ਟੀ. ਟੀ. ਵੱਲੋਂ ਬੁਲਾਈ ਮੈਡੀਕਲ ਟੀਮ ਦੀ ਇਮਦਾਦ ਨਾਲ ਸਟੇਸ਼ਨ ਉੱਤੇ ਉਤਰ ਗਿਆ।
ਗੱਡੀ ਕੁਝ ਦੇਰ ਠਹਿਰ ਕੇ ਫੇਰ ਚੱਲਣ ਲੱਗੀ। ਮੈਂ ਜਿਗਿਆਸਾ ਵੱਸ ਉਨ੍ਹਾਂ ਤੋਂ ਪੁੱਛਿਆ, ‘ਡਾਕਟਰ ਸਾਹਿਬ! ਤੁਸੀਂ ਤਾਂ ਆਰਾਮ ਨਾਲ ਏ. ਸੀ. ਕਲਾਸ ਵਿੱਚ ਸਫ਼ਰ ਕਰ ਸਕਦੇ ਸੀ ?’ ਉਹ ਹੱਸੇ ਤੇ ਕਹਿਣ ਲੱਗੇ, ‘ਜਦੋਂ ਮੈਂ ਛੋਟਾ ਸੀ ਤੇ ਪਿੰਡ ਵਿੱਚ ਰਹਿੰਦਾ ਸੀ ਉਦੋਂ ਮੈਂ ਦੇਖਿਆ ਸੀ ਕਿ ਰੇਲ ਵਿੱਚ ਕੋਈ ਡਾਕਟਰ ਉਪਲਬਧ ਨਹੀਂ ਹੁੰਦਾ। ਖ਼ਾਸ ਕਰਕੇ ਦੁੱਜੇ ਦਰਜੇ ਵਿੱਚ। ਇਸੇ ਕਰਕੇ ਜਦੋਂ ਵੀ ਮੈਂ ਘਰ ਤੋਂ ਰੇਲ ਰਾਹੀਂ ਕਿਤੇ ਆਉਂਦਾ ਜਾਂਦਾ ਹਾਂ ਤਾਂ ਸਲੀਪਰ ਕਲਾਸ ਵਿੱਚ ਹੀ ਸਫ਼ਰ ਕਰਦਾ ਹਾਂ। ਪਤਾ ਨਹੀਂ ਕਦੋਂ ਮੇਰੀ ਜਰੂਰਤ ਪੈ ਜਾਵੇ। ਮੈਂ ਡਾਕਟਰੀ… ਆਪਣੇ ਜਿਹੇ ਸਧਾਰਣ ਲੋਕਾਂ ਲਈ ਹੀ ਕੀਤੀ ਸੀ। ਸਾਡੀ ਪੜ੍ਹਾਈ ਦਾ ਕੀ ਲਾਭ ਜੇਕਰ ਅਸੀਂ ਕਿਸੇ ਦੇ ਕੰਮ ਨਹੀਂ ਆ ਸਕਦੇ???’
ਇਸ ਤੋਂ ਬਾਅਦ ਸਫ਼ਰ ਇਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦਿਆਂ ਹੀ ਬੀਤਣ ਲੱਗਿਆ। ਸਵੇਰ ਦੇ ਚਾਰ ਵੱਜ ਗਏ ਸਨ। ਵਾਰੰਗਲ ਆਉਣ ਵਾਲਾ ਸੀ।  ਉਹ ਇਉਂ ਹੀ ਮੁਸਕਰਾਉਂਦਿਆਂ ਹੋਇਆਂ ਲੋਕਾਂ ਦਾ ਦੁੱਖ ਦਰਦ  ਵੰਡਾ ਕੇ ਗੁਮਨਾਮ ਤਰੀਕੇ ਨਾਲ ਮਾਨਵਤਾ ਦੀ ਸੇਵਾ ਕਰ ਆਪਣੇ ਪਿੰਡ ਲਈ ਨਿਕਲ ਤੁਰੇ।
ਮੈਂ ਉਨ੍ਹਾਂ ਦੀ ਜਿੱਥੇ ਉਹ ਬੈਠ ਕੇ ਸਫ਼ਰ ਕਰ ਰਹੇ ਸਨ ਖ਼ਾਲੀ ਹੋਈ ਥਾਂ ਤੋਂ ਆਉਂਦੀ ਹੋਈ ਭਿੰਨੀ ਭਿੰਨੀ ਖ਼ੁਸ਼ਬੂ ਦਾ ਆਨੰਦ ਲੈਂਦਿਆਂ ਆਪਣਾ ਸਫ਼ਰ ਪੂਰਾ ਕਰਨ ਲੱਗਾ।

-ਗੁਰਮਾਨ ਸੈਣੀ

Comment here