ਨਵੀਂ ਦਿੱਲੀ-ਰਾਜ ਸਭਾ ਵਿਚ ਕਾਂਗਰਸ ਦੇ ਉੱਪ ਨੇਤਾ ਆਨੰਦ ਸ਼ਰਮਾ ਵਲੋਂ ਪੁੱਛੇ ਗਏ ਇਕ ਲਿਖਤੀ ਸਵਾਲ ਦੇ ਜਵਾਬ ’ਚ ਰੱਖਿਆ ਰਾਜ ਮੰਤਰੀ ਅਜੇ ਭੱਟ ਨੇ ਦੱਸਿਆ ਕਿ ਪਿਛਲੇ 3 ਸਾਲਾਂ ਵਿਚ ਦੇਸ਼ ਭਰ ’ਚ ਕੁੱਲ 1034 ਅੱਤਵਾਦੀ ਹਮਲੇ ਹੋਏ ਅਤੇ ਇਨ੍ਹਾਂ ਹਮਲਿਆਂ ਵਿਚ ਕੁੱਲ 177 ਜਵਾਨ ਸ਼ਹੀਦ ਹੋਏ। ਇਨ੍ਹਾਂ ’ਚੋਂ 1033 ਹਮਲੇ ਇਕੱਲੇ ਜੰਮੂ-ਕਸ਼ਮੀਰ ਵਿਚ ਹੋਏ ਹਨ, ਜਦਕਿ ਇਕ ਹਮਲਾ ਦਿੱਲੀ ਵਿਚ ਹੋਇਆ। ਉਨ੍ਹਾਂ ਨੇ ਦੱਸਿਆ ਕਿ ਸਾਲ 2019 ਵਿਚ ਦੇਸ਼ ਭਰ ਵਿਚ ਕੁੱਲ 594 ਅੱਤਵਾਦੀ ਹਮਲੇ ਹੋਏ ਅਤੇ ਇਹ ਸਾਰੇ ਜੰਮੂ-ਕਸ਼ਮੀਰ ਵਿਚ ਹੋਏ। ਸਾਲ 2020 ਦੌਰਾਨ ਦੇਸ਼ ਭਰ ਵਿਚ ਕੁੱਲ 244 ਅੱਤਵਾਦੀ ਹਮਲੇ ਹੋਏ ਅਤੇ ਇਹ ਸਾਰੇ ਹਮਲੇ ਵੀ ਜੰਮੂ-ਕਸ਼ਮੀਰ ’ਚ ਹੋਏ।
ਸਾਲ 2021 ਵਿਚ ਹੁਣ ਤੱਕ ਦੇਸ਼ ’ਚ ਕੁੱਲ 196 ਅੱਤਵਾਦੀ ਹਮਲੇ ਹੋਏ ਹਨ। ਇਨ੍ਹਾਂ ’ਚੋਂ 195 ਹਮਲੇ ਜੰਮੂ-ਕਸ਼ਮੀਰ ਵਿਚ ਜਦਕਿ ਇਕ ਹਮਲਾ ਦਿੱਲੀ ਵਿਚ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਪੰਜਾਬ ਅਤੇ ਹੋਰ ਥਾਵਾਂ ’ਤੇ ਕੋਈ ਅੱਤਵਾਦੀ ਹਮਲਾ ਨਹੀਂ ਹੋਇਆ। ਇਕ ਹੋਰ ਸਵਾਲ ਦੇ ਜਵਾਬ ਵਿਚ ਭੱਟ ਨੇ ਦੱਸਿਆ ਕਿ ਸਾਲ 2019 ਤੋਂ ਲੈ ਕੇ ਹੁਣ ਤੱਕ ਹੋਏ ਅੱਤਵਾਦੀ ਹਮਲਿਆਂ ’ਚ ਕੇਂਦਰੀ ਬਲਾਂ ਸਮੇਤ ਹੋਰ ਬਲਾਂ ਦੇ ਕੁੱਲ 177 ਜਵਾਨ ਸ਼ਹੀਦ ਹੋਏ। ਉਨ੍ਹਾਂ ਨੇ ਦੱਸਿਆ ਕਿ ਸਾਲ 2019 ਵਿਚ 80, 2020 ’ਚ 62 ਅਤੇ ਸਾਲ 2021 ’ਚ ਹੁਣ ਤੱਕ 35 ਜਵਾਨ ਇਨ੍ਹਾਂ ਅੱਤਵਾਦੀ ਹਮਲਿਆਂ ਵਿਚ ਸ਼ਹੀਦ ਹੋਏ।
Comment here