ਸਿਆਸਤਖਬਰਾਂਦੁਨੀਆ

ਖੁਫ਼ੀਆ ਜਾਣਕਾਰੀ ‘ਤੇ ਆਧਾਰਿਤ ਭਾਰਤ ‘ਤੇ ਲੱਗੇ ਦੋਸ਼ : ਦਾਅਵਾ

ਟੋਰਾਂਟੋ-ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਨੇ ਤੂਲ ਫੜੀ ਹੋਈ ਹੈ। ਕੈਨੇਡਾ ਦੇ ਇਕ ਅਧਿਕਾਰੀ ਨੇ ਕਿਹਾ ਕਿ ਸਿੱਖ ਕੈਨੇਡੀਅਨ ਵਿਅਕਤੀ ਦੇ ਕਤਲ ਵਿੱਚ ਭਾਰਤ ਦੀ ਸ਼ਮੂਲੀਅਤ ਦੇ ਦੋਸ਼ ਕੈਨੇਡਾ ਵਿੱਚ ਭਾਰਤੀ ਡਿਪਲੋਮੈਟਾਂ ਦੀ ਨਿਗਰਾਨੀ ਅਤੇ ਇੱਕ ਮੁੱਖ ਸਾਥੀ ਵੱਲੋਂ ਮੁਹੱਈਆ ਕਰਵਾਈ ਗਈ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਹਨ। ਇੱਕ ਕੈਨੇਡੀਅਨ ਅਧਿਕਾਰੀ ਨੇ ਵੀਰਵਾਰ ਨੂੰ ਐਸੋਸੀਏਟਿਡ ਪ੍ਰੈਸ ਨੂੰ ਦੱਸਿਆ ਕਿ ਭਾਰਤੀ ਅਧਿਕਾਰੀਆਂ ਅਤੇ ਕੈਨੇਡਾ ਵਿੱਚ ਭਾਰਤੀ ਡਿਪਲੋਮੈਟਾਂ ਦੀ ਗੱਲਬਾਤ ਅਤੇ ਖ਼ੁਫੀਆ ਜਾਣਕਾਰੀ ਸਾਂਝੀ ਕਰਨ ਵਾਲੇ ਸਮੂਹ ‘ਫਾਈਵ ਆਈਜ਼’ ਦੇ ਇੱਕ ਮੈਂਬਰ ਨੇ ਇਸ ਸਬੰਧ ਵਿਚ ਜਾਣਕਾਰੀ ਮੁਹੱਈਆ ਕਰਾਈ।
‘ਫਾਈਵ ਆਈਜ਼’ ਵਿੱਚ ਕੈਨੇਡਾ, ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਸ਼ਾਮਲ ਹਨ। ਅਧਿਕਾਰੀ ਨੇ ਆਪਣਾ ਨਾਂ ਨਾ ਦੱਸਣ ਦੀ ਸ਼ਰਤ ‘ਤੇ ਇਹ ਜਾਣਕਾਰੀ ਦਿੱਤੀ। ਹਾਲਾਂਕਿ, ਉਨ੍ਹਾਂ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਇਹ ਗੁਪਤ ਜਾਣਕਾਰੀ ਕਿਸ ਸਹਿਯੋਗੀ ਦੇਸ਼ ਨੇ ਸਾਂਝੀ ਕੀਤੀ ਜਾਂ ਗੱਲਬਾਤ ਵਿੱਚ ਕੀ ਸੀ ਅਤੇ ਉਨ੍ਹਾਂ ਨੂੰ ਇਸ ਬਾਰੇ ਕਿਵੇਂ ਪਤਾ ਲੱਗਾ। ‘ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ’ ਨੇ ਸਭ ਤੋਂ ਪਹਿਲਾਂ ਖੁਫੀਆ ਜਾਣਕਾਰੀ ਦਾ ਵੇਰਵਾ ਦਿੱਤਾ ਸੀ। ਖਾਲਿਸਤਾਨੀ ਵੱਖਵਾਦੀ ਨੇਤਾ ਨਿੱਝਰ ਦੇ ਕਤਲ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਕੂਟਨੀਤਕ ਵਿਵਾਦ ਜਾਰੀ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜੂਨ ਵਿੱਚ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਟਾਂ ਦੀ ‘ਸੰਭਾਵੀ’ ਸ਼ਮੂਲੀਅਤ ਦੇ ਦੋਸ਼ਾਂ ਤੋਂ ਬਾਅਦ ਇਹ ਵਿਵਾਦ ਖੜ੍ਹਾ ਹੋਇਆ। ਭਾਰਤ ਨੇ ਵੀਰਵਾਰ ਨੂੰ ਕੈਨੇਡਾ ਵਿੱਚ ਆਪਣੇ ਹਾਈ ਕਮਿਸ਼ਨ ਅਤੇ ਕੌਂਸਲੇਟਾਂ ਨੂੰ ਦਰਪੇਸ਼ ‘ਸੁਰੱਖਿਆ ਖਤਰਿਆਂ’ ਦੇ ਮੱਦੇਨਜ਼ਰ ਕੈਨੇਡੀਅਨ ਨਾਗਰਿਕਾਂ ਨੂੰ ਵੀਜ਼ਾ ਜਾਰੀ ਕਰਨ ‘ਤੇ ਅਸਥਾਈ ਪਾਬੰਦੀ ਦਾ ਐਲਾਨ ਕੀਤਾ ਹੈ। ਓਟਾਵਾ ਦੇ ਦੋਸ਼ਾਂ ਨੂੰ ਲੈ ਕੇ ਕੂਟਨੀਤਕ ਵਿਵਾਦ ਦਰਮਿਆਨ ਭਾਰਤ ਨੇ ਇਹ ਕਦਮ ਚੁੱਕਿਆ ਹੈ। ਭਾਰਤ ਨੇ ਮੰਗਲਵਾਰ ਨੂੰ ਕੈਨੇਡਾ ਦੇ ਦੋਸ਼ਾਂ ਨੂੰ “ਬੇਹੂਦਾ” ਅਤੇ “ਬੇਬੁਨਿਆਦ” ਦੱਸਦਿਆਂ ਰੱਦ ਕਰ ਦਿੱਤਾ ਰਸੀ ਅਤੇ ਕੈਨੇਡਾ ਵੱਲੋਂ ਇਸ ਮਾਮਲੇ ‘ਤੇ ਇੱਕ ਭਾਰਤੀ ਅਧਿਕਾਰੀ ਨੂੰ ਕੱਢਣ ਦੇ ਬਦਲੇ ਵਜੋਂ, ਉਸ ਨੇ ਵੀ ਇੱਕ ਸੀਨੀਅਰ ਕੈਨੇਡੀਅਨ ਡਿਪਲੋਮੈਟ ਨੂੰ ਕੱਢ ਦਿੱਤਾ ਸੀ।
ਪਾਬੰਦੀਸ਼ੁਦਾ ਖਾਲਿਸਤਾਨ ਟਾਈਗਰ ਫੋਰਸ (ਕੇ.ਟੀ.ਐੱਫ.) ਦੇ ਮੁਖੀ ਅਤੇ ਭਾਰਤ ਦੇ ਸਭ ਤੋਂ ਵੱਧ ਲੋੜੀਂਦੇ ਅੱਤਵਾਦੀਆਂ ਵਿੱਚੋਂ ਇੱਕ ਹਰਦੀਪ ਸਿੰਘ ਨਿੱਝਰ (45) ਨੂੰ 18 ਜੂਨ ਨੂੰ ਕੈਨੇਡਾ ਵਿੱਚ ਇੱਕ ਗੁਰਦੁਆਰੇ ਦੇ ਬਾਹਰ 2 ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀ ਮਾਰ ਦਿੱਤੀ ਸੀ। ਉਸ ‘ਤੇ 10 ਲੱਖ ਰੁਪਏ ਦਾ ਨਕਦ ਇਨਾਮ ਸੀ। ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ 78ਵੇਂ ਸੈਸ਼ਨ ਵਿੱਚ ਹਿੱਸਾ ਲੈਣ ਲਈ ਨਿਊਯਾਰਕ ਪਹੁੰਚੇ ਟਰੂਡੋ ਨੇ ਕਿਹਾ, “ਅਸੀਂ ਕਾਨੂੰਨ ਦੇ ਰਾਜ ਵਾਲੇ ਦੇਸ਼ ਹਾਂ। ਅਸੀਂ ਕੈਨੇਡੀਅਨਾਂ ਨੂੰ ਸੁਰੱਖਿਅਤ ਰੱਖਣ ਅਤੇ ਸਾਡੀਆਂ ਕਦਰਾਂ-ਕੀਮਤਾਂ ਅਤੇ ਅੰਤਰਰਾਸ਼ਟਰੀ ਨਿਯਮ-ਅਧਾਰਿਤ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਲੋੜੀਂਦੇ ਕਦਮ ਚੁੱਕਦੇ ਰਹਾਂਗੇ। ਫਿਲਹਾਲ ਸਾਡਾ ਫੋਕਸ ਇਹੀ ਹੈ।”
ਟਰੂਡੋ ਨੇ ਕਿਹਾ, “ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਦਾ ਮਹੱਤਵ ਵੱਧ ਰਿਹਾ ਹੈ ਅਤੇ ਇੱਕ ਅਜਿਹਾ ਦੇਸ਼ ਹੈ ਜਿਸ ਨਾਲ ਸਾਨੂੰ ਖੇਤਰੀ ਤੌਰ ‘ਤੇ ਹੀ ਨਹੀਂ, ਸਗੋਂ ਵਿਸ਼ਵ ਪੱਧਰ ‘ਤੇ ਕੰਮ ਕਰਨਾ ਜਾਰੀ ਰੱਖਣ ਦੀ ਲੋੜ ਹੈ। ਅਸੀਂ ਉਕਸਾਉਣ ਜਾਂ ਸਮੱਸਿਆਵਾਂ ਪੈਦਾ ਕਰਨ ਬਾਰੇ ਨਹੀਂ ਸੋਚ ਰਹੇ ਹਾਂ ਪਰ ਅਸੀਂ ਕਾਨੂੰਨ ਦੇ ਰਾਜ ਦੀ ਮਹੱਤਤਾ ਬਾਰੇ ਸਪਸ਼ਟ ਹਾਂ ਅਤੇ ਕੈਨੇਡੀਅਨਾਂ ਦੀ ਸੁਰੱਖਿਆ ਦੀ ਮਹੱਤਤਾ ਬਾਰੇ ਵੀ ਸਪੱਸ਼ਟ ਹਾਂ।”
ਭਾਰਤ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਕੈਨੇਡਾ ਨੂੰ ਖਾਲਿਸਤਾਨੀ ਸਮਰਥਕਾਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ ਜੋ ਉਸ ਦੇ ਖੇਤਰ ਤੋਂ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ। ਬਾਗਚੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਕੈਨੇਡਾ ਵਿੱਚ ਸਾਡੇ ਹਾਈ ਕਮਿਸ਼ਨ ਅਤੇ ਕੌਂਸਲੇਟ ਨੂੰ “ਸੁਰੱਖਿਆ ਖਤਰੇ” ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਭਾਰਤ ਕੈਨੇਡਾ ਤੋਂ ਆਈਆਂ ਵੀਜ਼ਾ ਅਰਜ਼ੀਆਂ ‘ਤੇ ਕਾਰਵਾਈ ਕਰਨ ਵਿੱਚ ਅਸਥਾਈ ਤੌਰ ‘ਤੇ ਅਸਮਰੱਥ ਹੈ। ਬਾਗਚੀ ਨੇ ਕਿਹਾ ਕਿ ਸਥਿਤੀ ਦੀ ਨਿਯਮਤ ਤੌਰ ‘ਤੇ ਸਮੀਖਿਆ ਕੀਤੀ ਜਾਵੇਗੀ। ਉਨ੍ਹਾਂ ਕਿਹਾ, ”ਮਸਲਾ ਭਾਰਤ ਦੌਰੇ ਦਾ ਨਹੀਂ ਹੈ। ਜਿਨ੍ਹਾਂ ਕੋਲ ਵੈਧ ਵੀਜ਼ਾ ਅਤੇ ਓਵਰਸੀਜ਼ ਇੰਡੀਅਨ ਸਿਟੀਜ਼ਨਸ਼ਿਪ ਕਾਰਡ ਵਰਗੇ ਦਸਤਾਵੇਜ਼ ਹਨ, ਉਹ ਭਾਰਤ ਦੀ ਯਾਤਰਾ ਕਰਨ ਲਈ ਸੁਤੰਤਰ ਹਨ।
ਪਿਛਲੇ ਕੁਝ ਮਹੀਨਿਆਂ ਤੋਂ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿਚ ਖਾਲਿਸਤਾਨੀ ਸਮਰਥਕ ਤੱਤਾਂ ਦੀਆਂ ਵਧਦੀਆਂ ਗਤੀਵਿਧੀਆਂ ਦੇ ਮੱਦੇਨਜ਼ਰ ਤਣਾਅ ਬਣਿਆ ਹੋਇਆ ਹੈ। ਭਾਰਤ ਦਾ ਮੰਨਣਾ ਹੈ ਕਿ ਟਰੂਡੋ ਸਰਕਾਰ ਉਸ ਦੀਆਂ ਅਸਲ ਚਿੰਤਾਵਾਂ ਵੱਲ ਧਿਆਨ ਨਹੀਂ ਦੇ ਰਹੀ ਹੈ।

Comment here