ਸਿਆਸਤਖੇਡ ਖਿਡਾਰੀਵਿਸ਼ੇਸ਼ ਲੇਖ

ਖਿਡਾਰਨਾਂ ਨੂੰ ‘ਨਿਲਾਮੀ’ ਸ਼ਬਦ ‘ਤੇ ਸਖ਼ਤ ਇਤਰਾਜ਼ ਹੋਣਾ ਚਾਹੀਦਾ

ਕ੍ਰਿਕਟ ਖਿਡਾਰਨਾਂ ਨਾਲ ‘ਨਿਲਾਮੀ’, ‘ਬੋਲੀ’, ‘ਖਰੀਦਣਾ’, ‘ਵਿਕਣਾ’ ਵਰਗੇ ਲਫ਼ਜ਼ ਵਰਤਣਾ ਉਨ੍ਹਾਂ ਨੂੰ ’ਮੰਡੀ ਦਾ ਮਾਲ’ ਬਣਾਉਣਾ ਨਹੀਂ ਤਾਂ ਹੋਰ ਕੀ ਹੈ? ਖੇਡਾਂ ਮਨੁੱਖੀ ਜੁੱਸੇ ਦੀਆਂ ਖ਼ੂਬਸੂਰਤ ਸਰਗਰਮੀਆਂ ਹਨ। ਇਹ ਮਨੁੱਖੀ ਸਰੀਰਕ ਸਮਰੱਥਾ ਦੇ ਜਲਵਿਆਂ ਨਾਲ ਮਨੁੱਖਤਾ ਦੀ ਮਾਨਸਿਕ ਤੇ ਰੂਹਾਨੀ ਤ੍ਰਿਪਤੀ ਦਾ ਸਾਧਨ ਬਣਦੀਆਂ ਹਨ। ਪਰ ਪੈਸੇ ਨੇ ਮਨੁੱਖੀ ਸ਼ਕਤੀ ਦੀਆਂ ਬੁਲੰਦੀਆਂ ਸਿੱਕਿਆਂ ਦੇ ਢੇਰਾਂ ਮੂਹਰੇ ਬੌਣੀਆਂ ਬਣਾ ਧਰੀਆਂ ਹਨ। ਹੁਣ ਖਿਡਾਰੀਆਂ ਦੀਆਂ ਡੋਰਾਂ ਬਹੁਕੌਮੀ ਕਾਰਪੋਰੇਸ਼ਨਾਂ ਦੇ ਹੱਥਾਂ ਵਿਚ ਹਨ। ਖੇਡਾਂ ਦੀ ਮੁਕਤੀ ਆਖ਼ਰ ਦੇਸੀ-ਵਿਦੇਸ਼ੀ ਬਹੁਕੌਮੀ ਕੰਪਨੀਆਂ ਤੇ ਘਰਾਣਿਆਂ ਦੀ ਚੌਧਰ ਦੇ ਖ਼ਾਤਮੇ ਨਾਲ ਹੀ ਹੋਣੀ ਹੈ। ਖਿਡਾਰਨਾਂ ਨੂੰ ਮੰਡੀ ਦਾ ਮਾਲ ਬਣਾਉਣ ਵਾਲੀ ਭਾਸ਼ਾ ਵੇਖੋ: ਭਾਰਤੀ ਕ੍ਰਿਕਟ ਟੀਮ ਦੀ ਉਪ ਕਪਤਾਨ ਸਮ੍ਰਿਤੀ ਮੰਧਾਨਾ ਸਭ ਤੋਂ ਮਹਿੰਗੀ ਵਿਕੀ! ਉਸ ਨੂੰ ਰਾਇਲ ਬੰਗਲੌਰ ਚੈਲੰਜਰ ਨੇ ਖਰੀਦਿਆ। ਪਲੇਠੀ ਮਹਿਲਾ ਪ੍ਰੀਮੀਅਰ (ਡਬਲਿਊ.ਪੀ.ਐੱਲ.) ਦੀ ਨਿਲਾਮੀ ਵਿਚ ਉਹਦੀ ਬੋਲੀ 3.40 ਕਰੋੜ ਦੀ ਲੱਗੀ। ਭਾਰਤੀ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ 1.80 ਲੱਖ ’ਚ ਵਿਕੀ, ਜਦ ਕਿ ਚਾਰ ਮੁਲਕਾਂ ਦੀਆਂ ਕ੍ਰਿਕਟ ਕਪਤਾਨਾਂ ਨੂੰ ਕੋਈ ਗਾਹਕ ਹੀ ਨਹੀਂ ਮਿਲਿਆ। ਐਸਲੇ ਗਾਰਡਨਰ ਦੀ ਬੋਲੀ 3.20 ਕਰੋੜ ’ਤੇ ਟੁੱਟੀ। ਨਤਾਲੀ ਸਕੀਵਰ ਵੀ 3.20 ਕਰੋੜ ’ਚ ਨਿਲਾਮ ਹੋਈ। ਦੀਪਤੀ ਸ਼ਰਮਾ 2.60 ਕਰੋੜ ’ਚ ਯੂ.ਪੀ. ਵਾਰੀਅਰਜ਼ ਨੇ ਖਰੀਦੀ। ਜੈਮਿਮਾ ਰੋਡਰਿਗਜ਼ ਦਾ ਦਿੱਲੀ ਕੈਪੀਟਲਜ਼ ਨੇ 2.20 ਕਰੋੜ ਮੁੱਲ ਪਾਇਆ। ਬੈਥ ਮੂਨੀ ਗੁਜਰਾਤ ਜਾਇੰਟਸ ਨੇ 2 ਕਰੋੜ ’ਚ ਖਰੀਦੀ। ਐਲਿਸ ਪੈਰੀ ਦੀ ਬੋਲੀ 1.7 ਕਰੋੜ ਪਈ। ਕੁੱਲ 20 ਖਿਡਾਰਨਾਂ ਦੀ ਨਿਲਾਮੀ ਕਰੋੜ ਰੁਪਏ ਤੋਂ ਉਪਰ ਗਈ। ਕੁਝ ਲੱਖਾਂ ’ਚ ਤੇ ਕੁਝ ਹਜ਼ਾਰਾਂ ’ਚ ਸਸਤੀਆਂ ਵਿਕੀਆਂ। ਕਈਆਂ ਵਿਚਾਰੀਆਂ ਨੂੰ ਕੋਈ ਗਾਹਕ ਹੀ ਨਹੀਂ ਮਿਲਿਆ।
ਹੈਰਾਨੀ ਦੀ ਗੱਲ ਹੈ ਕਿ ਅਜਿਹੇ ਲਫ਼ਜ਼ ਵਰਤੇ ਜਾਣ ’ਤੇ ਨਾ ਖਿਡਾਰੀਆਂ ਨੂੰ ਕੋਈ ਉਜ਼ਰ ਹੈ ਤੇ ਨਾ ਖਿਡਾਰਨਾਂ ਨੂੰ। ਖਿਡਾਰੀਆਂ ਨੂੰ ਸਖ਼ਤ ਇਤਰਾਜ਼ ਹੋਣਾ ਚਾਹੀਦੈ ਕਿ ਉਨ੍ਹਾਂ ਨੂੰ ‘ਵਿਕੇ’ ਜਾਂ ‘ਖਰੀਦੇ’ ਕਿਉਂ ਕਿਹਾ ਜਾ ਰਿਹੈ? ਮਾਣ ਸਨਮਾਨ ਨਾਲ ਟੀਮਾਂ ’ਚ ਪਾਏ ਕਿਉਂ ਨਹੀਂ ਕਹਿੰਦੇ? ਇਹਦੇ ਉਲਟ ਸਭ ਤੋਂ ਮਹਿੰਗੀ ਵਿਕਣ ਵਾਲੀ ਸਮ੍ਰਿਤੀ ਮੰਧਾਨਾ ਨੇ ਬਿਆਨ ਦੇ ਦਿੱਤਾ, ‘ਅੱਗੇ ਅਸੀਂ ਆਈ.ਪੀ.ਐੱਲ. ’ਚ ਪੁਰਸ਼ ਖਿਡਾਰੀਆਂ ਦੀ ਨਿਲਾਮੀ ਦੇਖਦੇ ਰਹੇ ਹਾਂ। ਹੁਣ ਖਿਡਾਰਨਾਂ ਲਈ ਇਸ ਤਰ੍ਹਾਂ ਦੀ ਨਿਲਾਮੀ ਹੋਣਾ ਸਾਡੇ ਲਈ ਵੀ ’ਵੱਡਾ ਦਿਨ’ ਹੈ।’
ਖਿਡਾਰੀਆਂ ਨੂੰ ਪੈਸਿਆਂ ਦੇ ਲਾਲਚਵੱਸ ਕੋਈ ਇਤਰਾਜ਼ ਹੋਵੇ ਜਾਂ ਨਾ ਹੋਵੇ ਪਰ ਬਤੌਰ ਖੇਡ ਲੇਖਕ ਮੈਨੂੰ ਖੇਡਾਂ ਖਿਡਾਰੀਆਂ ਨਾਲ ਜੋੜੇ ਜਾ ਰਹੇ ਮੰਡੀ ਦੇ ਮਾਲ ਵਾਂਗ ਨਿਲਾਮੀ, ਬੋਲੀ, ਖਰੀਦਣ ਤੇ ਵਿਕਣ ਵਰਗੇ ਸ਼ਬਦ ਵਰਤਣ ’ਤੇ ਸਖ਼ਤ ਇਤਰਾਜ਼ ਹੈ। ਖੇਡ ਮੈਦਾਨਾਂ ਦੇ ਜੁਝਾਰੂਆਂ ਨੂੰ ਇਹ ਸ਼ਬਦ ਅਪਮਾਨਿਤ ਕਰਨ ਵਾਲੇ ਹਨ ਜੋ ਸ਼ੋਭਾ ਨਹੀਂ ਦਿੰਦੇ। ਇਉਂ ਤਾਂ ਕੱਲ੍ਹ ਨੂੰ ਖੇਡ ਲੇਖਕਾਂ, ਪੱਤਰਕਾਰਾਂ, ਸੰਪਾਦਕਾਂ ਯਾਨੀ ਹਰ ਤਰ੍ਹਾਂ ਦੇ ਮੀਡੀਆਕਾਰਾਂ ਨਾਲ ਵੀ ਨਿਲਾਮ ਹੋਣ, ਖਰੀਦਣ ਤੇ ਵਿਕਣ ਦੇ ਵਿਸ਼ੇਸ਼ਣ ਲੱਗਣ ਲੱਗ ਪੈਣਗੇ। ਬੇਸ਼ੱਕ ਅਸਲੀਅਤ ਇਹੋ ਹੈ ਕਿ ਪੂੰਜੀਵਾਦੀ ਯੁੱਗ ਵਿਚ ਖੇਡਾਂ ਦੇ ਵਪਾਰੀਕਰਨ ਦਾ ਸਿਲਸਿਲਾ ਪੂਰੀ ਦੁਨੀਆ ’ਚ ਚੱਲ ਚੁੱਕਿਐ। ਕਿਸੇ ਖੇਡ ਦੀ ਵਿਕਰੀ, ਉਹਦੇ ਦਰਸ਼ਕਾਂ ਦੀ ਗਿਣਤੀ ਤੈਅ ਕਰਦੀ ਹੈ ਕਿ ਉਹ ਖੇਡ-ਕੰਪਨੀਆਂ ਲਈ ਕਿੰਨੇ ਕੁ ਮੁਨਾਫ਼ੇ ਦਾ ਜ਼ਰੀਆ ਹੋ ਸਕਦੀ ਹੈ। ਭਾਰਤ ਵਿਚ ਕ੍ਰਿਕਟ ਦੀ ਖੇਡ ਇਹਦੀ ਸਭ ਤੋਂ ਵੱਧ ਸ਼ਿਕਾਰ ਹੈ। ਇਹ ਉਹੀ ਵਰਤਾਰਾ ਹੈ ਜਿਹੜਾ ਕਬੱਡੀ ਤੇ ਪੰਜਾਬੀ ਗਾਇਕੀ ਵਿਚ ਚੱਲ ਰਿਹੈ ਜੋ ਮੁਨਾਫ਼ੇਖ਼ੋਰ ਕਾਰੋਬਾਰਾਂ ਲਈ ਲੁਭਾਉਣੀ ਥਾਂ ਬਣਿਆ ਹੋਇਐ।
ਨੋਟ : 1912 ਦੀਆਂ ਓਲੰਪਿਕ ਖੇਡਾਂ ਸਮੇਂ ਮਹਾਨ ਅਥਲੀਟ ਜਿਮ ਥੋਰਪੇ ਅਮਰੀਕਾ ਦੀ ਅਥਲੈਟਿਕਸ ਟੀਮ ਵਿਚ ਚੁਣਿਆ ਗਿਆ। ਉਹ ਏਨਾ ਤਕੜਾ ਸੀ ਕਿ ਖੇਡ ਅਧਿਕਾਰੀਆਂ ਨੂੰ ਨਿਰਣਾ ਕਰਨਾ ਔਖਾ ਸੀ ਪਈ ਉਸ ਨੂੰ ਕਿਹੜੇ-ਕਿਹੜੇ ਮੁਕਾਬਲੇ ’ਚ ਪਾਉਣ? ਅਖ਼ੀਰ ਅਜਿਹੇ ਦੋ ਈਵੈਂਟਾਂ ਵਿਚ ਪਾ ਲੈਣ ਦਾ ਫੈਸਲਾ ਲਿਆ, ਜੋ ਸਭ ਤੋਂ ਔਖੇ ਸਨ। ਜਿਮ ਥੋਰਪੇ ਨੇ ਪਟੈਂਥਲਨ ਤੇ ਡਕੈਥਲਨ ਦੋਹਾਂ ਵਿਚੋਂ ਹੀ ਸੋਨ ਤਗ਼ਮੇ ਜਿੱਤ ਲਏ। ਸਵੀਡਨ ਦੇ ਬਾਦਸ਼ਾਹ ਨੇ ਉਸ ਨੂੰ ਸਨਮਾਨ ਦਿੰਦਿਆਂ ਕਿਹਾ, ‘ਸ੍ਰੀਮਾਨ ਜੀ, ਤੁਸੀਂ ਦੁਨੀਆ ਦੇ ਮਹਾਨਤਮ ਅਥਲੀਟ ਹੋ!’
ਅਜੇ 6 ਮਹੀਨੇ ਵੀ ਨਹੀਂ ਸਨ ਗੁਜ਼ਰੇ ਕਿ ਜਿਮ ਥੋਰਪੇ ’ਤੇ ਪੇਸ਼ਾਵਰ ਖਿਡਾਰੀ ਹੋਣ ਦਾ ਦੋਸ਼ ਲੱਗ ਗਿਆ। ਕਿਸੇ ਨੇ ਭੇਤ ਖੋਲ੍ਹ ਦਿੱਤਾ ਕਿ ਉਸ ਨੇ ਪੈਸੇ ਲੈ ਕੇ ਬੇਸਬਾਲ ਦੇ ਕੁਝ ਮੈਚ ਖੇਡੇ ਸਨ। ਇੰਜ ਉਹ ਪੇਸ਼ਾਵਰ ਖਿਡਾਰੀ ਬਣ ਗਿਆ ਸੀ। ਓਲੰਪਿਕ ਖੇਡਾਂ ਦਾ ਨਿਯਮ ਹੈ ਕਿ ਸ਼ੌਕੀਆ ਖਿਡਾਰੀ ਹੀ ਓਲੰਪਿਕ ਖੇਡਾਂ ਵਿਚ ਭਾਗ ਲੈ ਸਕਦੇ ਹਨ। ਪੈਸਿਆਂ ਬਦਲੇ ਖੇਡਣ ਵਾਲੇ ਖਿਡਾਰੀ ਓਲੰਪਿਕ ਖੇਡਾਂ ’ਚ ਭਾਗ ਨਹੀਂ ਲੈ ਸਕਦੇ। ਅੱਜ-ਕੱਲ੍ਹ ਇਹ ਗੱਲ ਅਜੀਬ ਲੱਗ ਸਕਦੀ ਹੈ ਪਰ ਉਸ ਵੇਲੇ ਦੀ ਕੌਮਾਂਤਰੀ ਓਲੰਪਿਕ ਕਮੇਟੀ ਨੇ ਜਿਮ ਥੋਰਪੇ ਦੇ ਜਿੱਤੇ ਤਗ਼ਮੇ ਵਾਪਸ ਲੈ ਲਏ ਸਨ ਅਤੇ ਓਲੰਪਿਕ ਖੇਡਾਂ ਦੇ ਨਤੀਜਿਆਂ ਤੇ ਰਿਕਾਰਡਾਂ ਵਿਚੋਂ ਉਹਦਾ ਨਾਂਅ ਮਿਟਾ ਦਿੱਤਾ ਸੀ। ਆਖ਼ਰ ਉਹ ਦਿਨ ਵੀ ਆਏ ਜਦੋਂ 1932 ਵਿਚ ਲਾਸ ਏਂਜਲਸ ਦੀਆਂ ਓਲੰਪਿਕ ਖੇਡਾਂ ਸਮੇਂ ਸਟਾਕਹੋਮ ਓਲੰਪਿਕਸ ਦੇ ਹੀਰੋ ਨੂੰ ਆਪਣੇ ਹੀ ਮੁਲਕ ’ਚ ਹੋ ਰਹੀਆਂ ਓਲੰਪਿਕ ਖੇਡਾਂ ਵੇਖਣੋਂ ਆਤੁਰ ਵੇਖਿਆ ਗਿਆ। ਉਹ ਪਾਟੇ ਪੁਰਾਣੇ ਕੱਪੜਿਆਂ ਵਿਚ ਗੇਟ ਮੂਹਰੇ ਖੜ੍ਹਾ ਸੀ ਤੇ ਉਸ ਦੇ ਕੋਲ ਟਿਕਟ ਲੈ ਕੇ ਅੰਦਰ ਜਾਣ ਜੋਗੇ ਪੈਸੇ ਨਹੀਂ ਸਨ। ਇਹ ਵੱਖਰੀ ਗੱਲ ਹੈ ਕਿ ਮਰਨ ਉਪਰੰਤ ਉਹਦੇ ਤਗ਼ਮੇ ਉਹਦੇ ਵਾਰਸਾਂ ਨੂੰ ਮੋੜ ਦਿੱਤੇ ਗਏ ਤੇ ਉਹਦਾ ਮਾਣ-ਸਨਮਾਨ ਬਹਾਲ ਕਰ ਦਿੱਤਾ ਗਿਆ।
-ਸਰਵਣ ਸਿੰਘ ਕੈਨੇਡਾ

Comment here