ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਖਾਲਿਸਤਾਨੀ ਜਾਂ ਹੋਰ ਕਿਸੇ ਵੀ ਅੱਤਵਾਦੀ ਸੰਗਠਨ ਲਈ ਬ੍ਰਿਟੇਨ ਚ ਕੋਈ ਥਾਂ ਨਹੀਂ-ਬੋਰਿਸ

ਨਵੀਂ ਦਿੱਲੀ-ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਭਾਰਤ ਫੇਰੀ ਮੌਕੇ ਬ੍ਰਿਟੇਨ  ‘ਚ ਖਾਲਿਸਤਾਨੀ ਤੱਤਾਂ ਦੀ ਮੌਜੂਦਗੀ ਦਾ ਮਸਲਾ ਵੀ ਉਠਿਆ ਤਾਂ ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਕਿਹਾ ਕਿ ਬ੍ਰਿਟੇਨ ਸਪੱਸ਼ਟ ਹੈ ਕਿ ਉਹ ਕਿਸੇ ਵੀ ਤਰਾਂ ਦੇ ਅੱਤਵਾਦ ਨੂੰ ਸਵੀਕਾਰ ਨਹੀਂ ਕਰ ਸਕਦਾ। ਨਾਲ ਹੀ ਜੇਕਰ ਕੋਈ ਸੰਗਠਨ ਬ੍ਰਿਟੇਨ ਦੇ ਆਧਾਰ ‘ਤੇ ਭਾਰਤ ਨੂੰ ਧਮਕੀ ਦੇਣ ਜਾਂ ਹਿੰਸਾ ਫੈਲਾਉਣ ਦੀ ਗੱਲ ਕਰਦਾ ਹੈ, ਤਾਂ ਇਸ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਸ ਕੜੀ ‘ਚ ਭਾਰਤ ਦੇ ਨਾਲ ਮਿਲ ਕੇ ਅਸੀਂ ਅੱਤਵਾਦ ਵਿਰੋਧੀ ਤੰਤਰ ‘ਤੇ ਕੰਮ ਕੀਤਾ ਹੈ। ਅਸੀਂ ਇਸਨੂੰ ਅੱਗੇ ਲੈ ਕੇ ਜਾਵਾਂਗੇ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਦਿੱਲੀ ‘ਚ ਕਿਹਾ ਕਿ ਬ੍ਰਿਟੇਨ ਅਗਲੇ ਹਫਤੇ ਯੂਕਰੇਨ ਦੇ ਕੀਵ ‘ਚ ਆਪਣਾ ਦੂਤਾਵਾਸ ਮੁੜ ਖੋਲ੍ਹੇਗਾ। ਬ੍ਰਿਟੇਨ ਅਤੇ ਸਾਡੇ ਸਹਿਯੋਗੀ ਇਸ ‘ਤੇ ਕੋਈ ਅਸਥਿਰ ਰੁਖ ਨਹੀਂ ਲੈਣਗੇ, ਕਿਉਂਕਿ ਪੁਤਿਨ ਇਸ ਹਮਲੇ ਨੂੰ ਅੰਜਾਮ ਦੇ ਰਹੇ ਹਨ। ਸਭ ਤੋਂ ਪਹਿਲਾਂ ਅਸੀਂ ਯੂਕਰੇਨ ਦੀ ਸਥਿਤੀ ਬਾਰੇ ਗੱਲ ਕਰਨਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਬ੍ਰਿਟੇਨ ਜਲਦੀ ਹੀ ਯੂਕਰੇਨ ਨੂੰ ਤੋਪਖਾਨੇ ਸਮੇਤ ਕਈ ਸਹਾਇਤਾ ਪ੍ਰਦਾਨ ਕਰੇਗਾ ਤਾਂ ਜੋ ਉਹ ਆਪਣਾ ਬਚਾਅ ਕਰ ਸਕੇ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਯੂਕਰੇਨ ਦੀ ਹੀ ਨਹੀਂ ਸਗੋਂ ਦੁਨੀਆ ਭਰ ਦੀ ਸਥਿਤੀ ਬ੍ਰਿਟੇਨ ਅਤੇ ਭਾਰਤ ਨੂੰ ਮਿਲ ਕੇ ਠੋਸ ਕਦਮ ਚੁੱਕਣ ਲਈ ਮਜ਼ਬੂਰ ਕਰ ਰਹੀ ਹੈ। ਰੂਸ ਨੂੰ ਲੈ ਕੇ ਭਾਰਤ ਦੀ ਸਥਿਤੀ ਚੰਗੀ ਤਰ੍ਹਾਂ ਜਾਣੀ ਜਾਂਦੀ ਹੈ। ਇਹ ਬਦਲਣ ਵਾਲਾ ਨਹੀਂ ਹੈ। ਉਸਨੇ ਕਿਹਾ ਕਿ ਇਹ ਇੱਕ ਵਾਸਤਵਿਕ ਸੰਭਾਵਨਾ ਹੈ। ਪੁਤਿਨ ਕੋਲ ਵੱਡੀ ਫੌਜ ਹੈ। ਉਸ ਕੋਲ ਹੁਣ ਇੱਕੋ ਇੱਕ ਵਿਕਲਪ ਹੈ ਕਿ ਉਹ ਆਪਣੇ ਦ੍ਰਿਸ਼ਟੀਕੋਣ ਨੂੰ ਜਾਰੀ ਰੱਖੇ। ਬ੍ਰਿਟੇਨ ਦੇ ਪੀਐੱਮ ਨੇ ਪੱਛਮੀ ਖੁਫੀਆ ਅਧਿਕਾਰੀਆਂ ਦੇ ਮੁਲਾਂਕਣ ‘ਤੇ ਕਿਹਾ ਕਿ ਯੂਕਰੇਨ ਯੁੱਧ ਅਗਲੇ ਸਾਲ ਦੇ ਅੰਤ ਤੱਕ ਚੱਲ ਸਕਦਾ ਹੈ ਅਤੇ ਰੂਸ ਇਸ ਵਿੱਚ ਜਿੱਤ ਸਕਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੈਂ ਆਪਣੇ ਵਾਰਤਾਕਾਰਾਂ ਨੂੰ ਦੀਵਾਲੀ ਤਕ ਮੁਕਤ ਵਪਾਰ ਸਮਝੌਤਾ ਪੂਰਾ ਕਰਨ ਲਈ ਕਿਹਾ ਹੈ।ਵਿਸ਼ਵ ਵਿੱਚ ਤੀਬਰ ਭੂ-ਰਾਜਨੀਤਕ ਉਥਲ-ਪੁਥਲ ਦੇ ਪਿਛੋਕੜ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਬ੍ਰਿਟਿਸ਼ ਹਮਰੁਤਬਾ ਬੋਰਿਸ ਜੌਨਸਨ ਸ਼ੁੱਕਰਵਾਰ ਨੂੰ ਇੱਕ ਨਵੇਂ ਅਤੇ ਵਿਸਤ੍ਰਿਤ ਭਾਰਤ-ਯੂਕੇ ਰੱਖਿਆ ਗੱਠਜੋੜ ਅਤੇ ਇਸ ਸਾਲ ਦੇ ਅੰਤ ਤਕ ਇੱਕ ਮੁਕਤ ਵਪਾਰ ਸਮਝੌਤੇ ‘ਤੇ ਗੱਲਬਾਤ ਲਈ ਸਹਿਮਤ ਹੋਏ।

ਬੋਰਿਸ ਦੇ ਬਿਆਨ ਤੇ ਸਿੱਖ ਸੰਗਠਨ ਨਰਾਜ਼

ਭਾਰਤ ਦੇ ਦੌਰੇ ’ਤੇ ਆਏ ਬਰਤਾਨੀਆ ਦੇ ਪ੍ਰਧਾਨ ਮੰਤਰੀ ਦੇ ਬਿਆਨ ਕਿ ਯੂ. ਕੇ. ਖ਼ਾਲਿਸਤਾਨੀ ਕੱਟੜਪੰਥੀਆਂ ਨਾਲ ਨਜਿੱਠਣ ਲਈ ਭਾਰਤ ਨਾਲ ਕੰਮ ਕਰੇਗਾ, ਨੇ ਬ੍ਰਿਟਿਸ਼ ਦੇ ਸਿੱਖਾਂ ਲਈ ਵੱਡੀ ਚਿੰਤਾ ਪੈਦਾ ਕਰ ਦਿੱਤੀ ਹੈ। ਮੌਜੂਦਾ ਯੂ. ਕੇ. ਸਰਕਾਰ ਦਾ ਯੂ. ਕੇ. ਸਿੱਖ ਕਾਰਕੁਨਾਂ ਨੂੰ ਭਾਰਤ ਦੇ ਫਾਸ਼ੀਵਾਦੀ ਨਿਸ਼ਾਨੇ ’ਤੇ ਸਮਰੱਥ ਬਣਾਉਣ ਦਾ ਇਤਿਹਾਸ ਹੈ। ਭਾਰਤ ਦੇ ਕਹਿਣ ’ਤੇ ਮਿਡਲੈਡ ਪੁਲਸ ਕੋਲ ਪੁਖ਼ਤਾ ਸਬੂਤ ਨਾ ਹੋਣ ਦੇ ਬਾਵਜੂਦ ਪਟਿਆਲਾ ਵਿਚ ਕਤਲ ਹੋਏ ਰਾਸ਼ਟਰੀ ਸਿੱਖ ਸੰਗਤ ਦੇ ਸਾਬਕਾ ਪ੍ਰਧਾਨ ਰੁਲ਼ਦਾ ਸਿੰਘ ਕਤਲ ਕੇਸ ਵਿਚ ਯੂ. ਕੇ. ਦੇ ਜੰਮਪਲ ਤਿੰਨ ਸਿੱਖ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਤੰਗ ਪ੍ਰੇਸ਼ਾਨ ਕਰਨਾ ਅਤੇ ਭਾਰਤੀ ਪੁਲਸ ਵਲੋਂ ਬਿਨਾਂ ਕਸੂਰ ਫੜੇ ਬਰਤਾਨਵੀ ਨਾਗਰਿਕ ਜੱਗੀ ਜੌਹਲ ਕੇਸ ਨਾਲ ਸਪੱਸ਼ਟ ਹੈ। ਬਰਤਾਨਵੀ ਪ੍ਰਧਾਨ ਮੰਤਰੀ ਦੇ ਬਿਆਨ ’ਤੇ ਸਿੱਖ ਕੌਂਸਲ ਯੂ. ਕੇ. ਨੇ ‘ਖ਼ਾਲਿਸਤਾਨੀ ਕੱਟੜਪੰਥੀਆਂ’ ਵਿਰੁੱਧ ਭਾਰਤ ਦੀ ਮਦਦ ਲਈ ਐਂਟੀ ਟਾਸਕ ਫੋਰਸ ਦਾ ਗਠਨ ਕਰਨ ਨੂੰ ਗੰਭੀਰਤਾ ਨਾਲ ਲਿਆ ਹੈ। ਉਨ੍ਹਾਂ ਇਕ ਟਵੀਟ ਰਾਹੀਂ ਕਿਹਾ ਕਿ ਸਰਕਾਰ ਸਾਡੇ ਭਾਈਚਾਰੇ ਦੇ ਅੰਦਰ ‘ਕਾਨੂੰਨ ਤੋੜਨ’ ਦੀ ਸਰਗਰਮੀ ਦੇ ਪੱਕੇ ਸਬੂਤਾਂ ਨੂੰ ਸਾਹਮਣੇ ਰੱਖੇ ਤੇ ਸਾਨੂੰ ਸਰਕਾਰ ਨਾਲ ਕੰਮ ਕਰ ਕੇ ਖੁਸ਼ੀ ਹੋਵੇਗੀ। ਜਾਨਸਨ ਨੂੰ ਸਥਾਨਕ ਪੱਤਰਕਾਰ ਦੇ ਖ਼ਾਲਿਸਤਾਨ ਸਬੰਧੀ ਪੁੱਛੇ ਇਕ ਸਵਾਲ ਨੇ ਸਿੱਖਾਂ ਨੂੰ ਮੁੜ ਅੱਤਵਾਦੀ ਕਹਿਣ ਤੇ ਹਾਂ-ਪੱਖੀ ਜਵਾਬ ’ਤੇ ਯੂ. ਕੇ. ਸਿੱਖਾਂ ਨੇ ਸਖ਼ਤ ਇਤਰਾਜ਼ ਜਤਾਇਆ ਹੈ ’ਤੇ ਬੋਰਿਸ ਜਾਨਸਨ ਤੇ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਸਲੋਹ ਤੋਂ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਤੇ ਗ੍ਰਹਿ ਮੰਤਰੀ ਤੋਂ ਸੰਸਦ ਵਿਚ ਪੁੱਛੇ ਸਵਾਲਾਂ ਤੋਂ ਕਿਨਾਰਾ ਕਰਦੇ ਰਹੇ, ਜਦੋਂ ਕਿ ਸ੍ਰ. ਢੇਸੀ ਵੱਲੋਂ ਦੋਵਾਂ ਦੇ ਅਸਤੀਫ਼ੇ ਦੀ ਮੰਗ ਲਗਾਤਾਰ ਕੀਤੀ ਜਾਂਦੀ ਰਹੀ ਹੈ।

Comment here