ਡੀਜੀਪੀ ਤੇ ਆਈਜੀ ਨੂੰ ਦਿੱਤੀ ਧਮਕੀ
ਪਟਿਆਲਾ- ਬੀਤੇ ਦਿਨੀਂ ਇੱਥੇ ਸ੍ਰੀ ਕਾਲੀ ਮਾਤਾ ਮੰਦਰ ‘ਚ ਖਾਲਿਸਤਾਨ ਦੇ ਪੋਸਟਰ ਲਗਾਉਣ ਦੇ ਮਾਮਲੇ ‘ਚ ਪੁਲਿਸ ਨੇ 2 ਮੁਲਜ਼ਮਾਂ ਨੂੰ ਫੜਿਆ ਹੈ, ਜੋ ਕਿ ਖਾਲਿਸਤਾਨੀ ਸਮਰਥਕ ਦੱਸੇ ਜਾ ਰਹੇ ਹਨ। ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਭੜਕੇ ਖਾਲਿਸਤਾਨੀ ਸੰਸਥਾ ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪਨੂੰ ਨੇ ਪੰਜਾਬ ਪੁਲਿਸ ਦੇ ਦੋ ਵੱਡੇ ਅਧਿਕਾਰੀਆਂ ਨੂੰ ਧਮਕੀ ਦਿੱਤੀ ਹੈ। ਖਾਲਿਸਤਾਨੀ ਸੰਸਥਾ ਦੇ ਮੁਖੀ ਨੇ ਇੱਕ ਵੀਡੀਓ ਜਾਰੀ ਕਰਕੇ ਡੀਜੀਪੀ ਪੰਜਾਬ ਗੌਰਵ ਯਾਦਵ ਅਤੇ ਪਟਿਆਲਾ ਰੇਂਜ ਦੇ ਆਈਜੀ ਛੀਨਾ ਨੂੰ ਧਮਕੀ ਦਿੱਤੀ ਹੈ। ਇਸ ਨਾਲ ਹੀ ਵੀਡੀਓ ਵਿੱਚ ਉਸ ਨੇ ਕੁੱਝ ਤਸਵੀਰਾਂ ਜਾਰੀ ਕੀਤੀਆਂ ਹਨ, ਜਿਨ੍ਹਾਂ ਵਿੱਚ ਵੇਖਿਆ ਜਾ ਸਕਦਾ ਹੈ ਕਿ ਰਾਜਪੁਰਾ ਸਦਰ ਥਾਣੇ ਦੇ ਬਾਹਰ ਖਾਲਿਸਤਾਨ ਜਿੰਦਾਬਾਦ ਲਿਖਿਆ ਗਿਆ ਹੈ। ਵੀਡੀਓ ਵਿੱਚ ਕਿਹਾ ਹੈ ਕਿ ਤੁਸੀ ਖਾਲਿਸਤਾਨ ਵਾਲੇ ਇਹ 2 ਵਿਅਕਤੀ ਫੜ ਕੇ ਆਪਣੀ ਬਹਾਦਰੀ ਵਿਖਾ ਰਹੇ ਹੋ, ਪਰ ਬੇਅਦਬੀ ਵਾਲੇ ਅਜੇ ਤੱਕ ਨਹੀਂ ਫੜੇ ਗਏ। ਗੁਰਪਤਵੰਤ ਪਨੂੰ ਨੇ ਵੀਡੀਓ ਵਿੱਚ ਧਮਕੀ ਦਿੰਦਿਆਂ ਕਿਹਾ ਹੈ ਕਿ ਛੇਤੀ ਹੀ ਉਹ ਵੱਡਾ ਐਕਸ਼ਨ ਕਰਨਗੇ ਅਤੇ ਇਸ ਵਾਰ ਉਸ ਦੇ ਨਿਸ਼ਾਨੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਣਗੇ। ਉਸ ਨੇ ਕਿਹਾ ਕਿ ਇਸ ਵਾਰ ਉਹ ਮਾਨ ਤੇ ਕੇਜਰੀਵਾਲ ਦੀਆਂ ਗੱਡੀਆਂ ‘ਤੇ ਖਾਲਿਸਤਾਨ ਜਿੰਦਾਬਾਦ ਲਿਖਣਗੇ। ਪਨੂੰ ਨੇ ਡੀਜੀਪੀ ਤੇ ਆਈਜੀ ਛੀਨਾ ਨੂੰ ਸਿੱਧਾ ਚੈਲੰਜ ਕਰਦਿਆਂ ਕਿਹਾ ਕਿ ਹੁਣ ਸਾਡੇ ਹਰਿਆਣਾ ਦੇ ਭਰਾ ਪੰਜਾਬ ਵਿੱਚ ਵੜ ਚੁੱਕੇ ਹਨ ਅਤੇ ਹੁਣ ਅਸੀਂ ਮਾਨ ਅਤੇ ਕੇਜਰੀਵਾਲ ਦੀਆਂ ਗੱਡੀਆਂ ‘ਤੇ ਖਾਲਿਸਤਾਨ ਲਿਖਾਂਗੇ। ਹੁਣ ਅਸੀਂ ਵੇਖਾਂਗੇ ਤੁਹਾਨੂੰ ਕਿ ਕਿਵੇਂ ਤੁਸੀ ਸਾਡੇ ਹਰਿਆਣਾ ਦੇ ਭਰਾਵਾਂ ਨੂੰ ਫੜ ਸਕਦੇ ਹੋ।
ਇਸ ਵੀਡੀਓ ਦੇ ਆਉਣ ਤੇ ਪੁਲਸ ਹੋਰ ਚੌਕਸ ਹੋ ਗਈ ਹੈ।
Comment here