ਇੰਦੌਰ-ਪੁਲਸ ਦੇ ਵਧੀਕ ਡਿਪਟੀ ਕਮਿਸ਼ਨਰ ਅਭਿਨਯ ਵਿਸ਼ਵਕਰਮਾ ਨੇ ਦੱਸਿਆ ਕਿ ਖਾਲਿਸਤਾਨ ਸਮਰਥਕਾਂ ਨੂੰ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਦੇ ਦੋਸ਼ੀ 35 ਸਾਲਾ ਬਦਮਾਸ਼ ਅਤੇ ਉਸ ਦੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਇੰਦੌਰ ਵਿਚ ਚੋਰੀ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮੱਧ ਪ੍ਰਦੇਸ਼ ਪੁਲਸ ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇੰਦੌਰ ਦੇ ਵੱਖ-ਵੱਖ ਖੇਤਰਾਂ ਵਿਚ ਚੋਰੀ ਦੀਆਂ ਲੜੀਵਾਰ ਘਟਨਾਵਾਂ ਦੇ ਸਬੰਧ ਵਿਚ ਸਰਗਨਾ ਰਾਜਿੰਦਰ ਸਿੰਘ ਬਰਨਵਾਲਾ (35) ਅਤੇ ਉਸ ਦੇ ਚਾਰ ਸਾਥੀਆਂ-ਬਾਦਲ, ਰਾਜੇਸ਼, ਸਿਧਾਂਤ ਅਤੇ ਬਲਵੰਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ,“ਬਰਨਵਾਲਾ ਨੂੰ ਦਿੱਲੀ ਪੁਲਸ ਨੇ ਸਾਲ 2021 ਵਿਚ 18 ਗੈਰ ਕਾਨੂੰਨੀ ਪਿਸਤੌਲਾਂ ਨਾਲ ਗ੍ਰਿਫ਼ਤਾਰ ਕੀਤਾ ਸੀ। ਉਦੋਂ ਉਸ ‘ਤੇ ਦੋਸ਼ ਸੀ ਕਿ ਖਾਲਿਸਤਾਨ ਸਮਰਥਕਾਂ ਨੂੰ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਦਾ ਹੈ।” ਵਿਸ਼ਵਕਰਮਾ ਦੇ ਮੁਤਾਬਕ, ਗੈਰ-ਕਾਨੂੰਨੀ ਪਿਸਤੌਲਾਂ ਨੂੰ ਲੈ ਕੇ ਦਿੱਲੀ ‘ਚ ਦਰਜ ਮਾਮਲੇ ‘ਚ ਬਰਨਵਾਲਾ ਕਰੀਬ 2 ਮਹੀਨੇ ਤੋਂ ਜੇਲ੍ਹ ‘ਚ ਸੀ ਅਤੇ ਫਿਲਹਾਲ ਜ਼ਮਾਨਤ ‘ਤੇ ਬਾਹਰ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛ-ਗਿੱਛ ਜਾਰੀ ਹੈ ਅਤੇ ਇਨ੍ਹਾਂ ਤੋਂ ਮਿਲੇ ਸੁਰਾਗ ਦੇ ਆਧਾਰ ‘ਤੇ ਗੈਰ-ਕਾਨੂੰਨੀ ਹਥਿਆਰਾਂ ਦੀ ਖਰੀਦ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼ ਹੋਣ ਦੀ ਉਮੀਦ ਹੈ।
ਐਡੀਸ਼ਨਲ ਪੁਲਸ ਡਿਪਟੀ ਕਮਿਸ਼ਨਰ ਨੇ ਦੱਸਿਆ,”ਬਰਨਵਾਲਾ ਅਤੇ ਉਸ ਦੇ ਸਾਥੀਆਂ ਨੇ ਇੰਦੌਰ ‘ਚ ਇਕ ਅਗਸਤ ਤੋਂ 20 ਅਗਸਤ ਦਰਮਿਆਨ ਵੱਖ-ਵੱਖ ਇਲਾਕਿਆਂ ‘ਚ ਘੁੰਮ-ਘੁੰਮ ਕੇ 15 ਸੁੰਨਸਾਨ ਘਰਾਂ ਵਿਚ ਚੋਰੀ ਦੀ ਕੋਸ਼ਿਸ਼ ਕੀਤੀ। ਉਹ ਇਨ੍ਹਾਂ ਵਿੱਚੋਂ ਤਿੰਨ ਘਰਾਂ ਵਿਚ ਦਾਖ਼ਲ ਹੋਣ ਵਿਚ ਕਾਮਯਾਬ ਰਹੇ, ਜਿੱਥੇ ਉਨ੍ਹਾਂ ਨੇ ਸੋਨੇ-ਚਾਂਦੀ ਦੇ ਸਿੱਕੇ ਅਤੇ ਨਕਦੀ ਲੁੱਟ ਲਈ।” ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਪੁਲਸ ਨੂੰ ਪੁੱਛਗਿੱਛ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਚੋਰੀ ਕੀਤੇ ਸੋਨੇ ਅਤੇ ਚਾਂਦੀ ਦੇ ਸਿੱਕੇ ਕਿਸੇ ਸੁਨਿਆਰੇ ਨੂੰ ਵੇਚ ਦਿੱਤੇ ਸਨ ਅਤੇ ਇਸ ਦਾਅਵੇ ਦੀ ਤਸਦੀਕ ਕੀਤੀ ਜਾ ਰਹੀ ਹੈ। ਵਿਸ਼ਵਕਰਮਾ ਨੇ ਦੱਸਿਆ ਕਿ ਬਰਨਵਾਲਾ ਅਤੇ ਉਸ ਦੇ ਸਾਥੀ ਗੈਰ-ਕਾਨੂੰਨੀ ਪਿਸਤੌਲ ਬਣਾ ਕੇ ਦੇਸ਼ ਭਰ ‘ਚ ਸਪਲਾਈ ਕਰਨ ਦਾ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਜਾਂਚ ‘ਚ ਪਤਾ ਲੱਗਾ ਹੈ ਕਿ ਬਰਨਵਾਲਾ ਦਾ ਗਿਰੋਹ ਉੱਤਰ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਦੇ ਕੁਝ ਬਦਨਾਮ ਗਿਰੋਹਾਂ ਨੂੰ ਗੈਰ-ਕਾਨੂੰਨੀ ਹਥਿਆਰਾਂ ਵੀ ਸਪਲਾਈ ਕਰ ਚੁੱਕਿਆ ਹੈ।
ਖਾਲਿਸਤਾਨੀਆਂ ਨੂੰ ਹਥਿਆਰ ਸਪਲਾਈ ਕਰਨ ਵਾਲਾ ਮੁੱਖ ਸਰਗਨਾ ਕਾਬੂ

Comment here