ਚੰਡੀਗੜ੍ਹ- ਪੰਜਾਬ ਸਰਕਾਰ ਵਲੋਂ ਸਿੱਖਿਆ ਵਿਭਾਗ ਦੇ ਅਫਸਰਾਂ ਅਤੇ ਸਕੂਲ ਪ੍ਰਿੰਸੀਪਲਜ਼ ਤੇ ਮੁੱਖ ਅਧਿਆਪਕਾਂ ਨਾਲ 10 ਮਈ ਨੂੰ ਲੁਧਿਆਣਾ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਮੀਟਿੰਗ ਕੀਤੀ ਸੀ, ਇਸ ਮੌਕੇ ਖਾਣਾ ਖਾਣ ਵੇਲੇ ਪ੍ਰਿੰਸੀਪਲਜ਼ ਤੇ ਮੁੱਖ ਅਧਿਆਪਕ ਖਾਣੇ ਲਈ ਪਲੇਟਾਂ ਝਪਟਦੇ ਨਜ਼ਰ ਆਏ, ਵੀਡੀਓ ਵਾਇਰਲ ਹੋਣ ਤੇ ਸਿੱਖਿਆ ਵਿਭਾਗ ਵੀ ਨਰਾਜ਼ ਹੋਇਆ ਤੇ ਪੰਜਾਬ ਸਰਕਾਰ ਵੀ ਨਰਾਜ਼ ਹੋਈ। ਇਹਨਾਂ ਨੂੰ ਅਨੁਸ਼ਾਸਨਹੀਣਤਾ ਦੇ ਦੋਸ਼ ਤਹਿਤ ਆਪਣਾ ਪੱਖ ਰਖਣ ਲਈ ਭਲਕੇ 20 ਮਈ ਨੂੰ ਤਲਬ ਕੀਤਾ ਗਿਆ ਹੈ। ਪਰ ਇਸ ਮਾਮਲੇ ਚ ਕੁਝ ਸਕੂਲ ਮੁਖੀਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ, ਅਨੁਸ਼ਾਸਨਹੀਣਤਾ ਕਾਰਨ ਮੁੱਖ ਦਫਤਰ ਵਿਖੇ ਸੱਦਣ ਦਾ ਪੱਤਰ ਜਾਰੀ ਕਰਨ ਨੂੰ ਡੈਮੋਕਰੈਟਿਕ ਟੀਚਰਜ਼ ਫਰੰਟ ਨੇ, ਪੰਜਾਬ ਸਰਕਾਰ ਅਤੇ ਇਸ ਦੇ ਸਿੱਖਿਆ ਵਿਭਾਗ ਦਾ ਮੰਦਭਾਗਾ ਤੇ ਗ਼ੈਰ ਵਾਜਬ ਰਵੱਈਆ ਕਰਾਰ ਦਿੱਤਾ ਹੈ। ਤੇ ਕਿਹਾ ਕਿ ਇਸ ਸਭ ਬਦਇੰਤਜ਼ਾਮੀ ਲਈ ਪ੍ਰੋਗਰਾਮ ਦੇ ਪ੍ਰਬੰਧਕ ਜ਼ਿੰਮੇਵਾਰ ਸਨ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਵਲੋਂ ਪਹਿਲਾਂ ਹੀ ਹਜਾਰਾਂ ਸਕੂਲ ਮੁਖੀਆਂ ਨੂੰ, ਇੱਕ ਜਗ੍ਹਾ ਇਕੱਠਾ ਕਰਨ ਨੂੰ ਗੈਰ ਵਾਜਬ ਅਤੇ ਬੇਲੋੜੀ ਪ੍ਰਕਿਰਿਆ ਕਰਾਰ ਦਿੰਦਿਆਂ, ਪੰਜਾਬ ਸਰਕਾਰ ਨੂੰ ਸਕੂਲ ਮੁਖੀਆਂ ਦੀ ਸੁਭਾਵਿਕ ਖੱਜਲ ਖੁਆਰੀ ਤੋਂ ਸੁਚੇਤ ਕੀਤਾ ਸੀ। ਜਦਕਿ ਇਸ ਮੀਟਿੰਗ ਵਿੱਚ ਸਿਰਫ ਇਕਪਾਸੜ ਸੰਦੇਸ਼ ਹੀ ਦਿੱਤਾ ਜਾਣਾ ਸੀ, ਜੋ ਕਿ ਕਿਸੇ ਹੋਰ ਮਾਧਿਅਮ ਰਾਹੀਂ ਵੀ ਦਿੱਤਾ ਜਾ ਸਕਦਾ ਸੀ। 10 ਮਈ ਨੂੰ ਸਵੇਰ ਪੰਜ ਵਜੇ ਦੇ ਬੱਸਾਂ ਵਿੱਚ ਸਵਾਰ ਹੋ ਕੇ ਲੁਧਿਆਣਾ ਮੀਟਿੰਗ ਵਿੱਚ ਪਹੁੰਚੇ, ਸਕੂਲ ਮੁਖੀਆਂ ਨੂੰ ਜਦੋਂ ਹਾਲ ਵਿੱਚ ਪਾਣੀ ਤੱਕ ਨਾ ਮੁਹੱਈਆ ਕਰਵਾਇਆ ਗਿਆ ਹੋਵੇ ਅਤੇ ਖਾਣੇ ਲਈ ਪ੍ਰਬੰਧ ਵੀ ਸਕੂਲ ਮੁਖੀਆਂ ਦੀ ਗਿਣਤੀ ਅਨੁਸਾਰ ਢੁਕਵੇਂ ਨਾ ਹੋਣ, ਤਾਂ ਅਜਿਹੀ ਬਦਇੰਤਜ਼ਾਮੀ ਕਾਰਨ ਫੈਲੀ ਅਫ਼ਰਾਤਫ਼ਰੀ ਲਈ ਕੁਝ ਸਕੂਲ ਮੁਖੀਆਂ ਨੂੰ ਹੀ ਦੋਸ਼ੀ ਠਹਿਰਾਉਣਾ ਕਿਸੇ ਪੱਖੋਂ ਸਹੀ ਨਹੀਂ ਹੈ। ਡੈਮੋਕਰੈਟਿਕ ਟੀਚਰਜ਼ ਫਰੰਟ ਨੇ ਕਿਹਾ ਹੈ ਕਿ , ਸਕੂਲ ਸਿੱਖਿਆ ਵਿਭਾਗ ਤੋਂ ਸਕੂਲ ਮੁਖੀਆਂ ਨੂੰ ਮੁੱਖ ਦਫ਼ਤਰ ਵਿਖੇ ਸੱਦਣ ਨਾਲ ਸੰਬੰਧਤ ਪੱਤਰ ਵਾਪਸ ਲਿਆ ਜਾਵੇ ਅਤੇ ਭਵਿੱਖ ਵਿੱਚ ਵਧੇਰੇ ਸੰਵੇਦਨਸ਼ੀਲਤਾ ਤੋਂ ਕੰਮ ਲਿਆ ਜਾਵੇ।
Comment here