ਕਰਾਚੀ-ਪਾਕਿਸਤਾਨ ਦੇ ਇੱਕ ਅਧਿਕਾਰੀ ਆਮਿਰ ਮਹਿਮੂਦ ਨੇ ਪੀਟੀਆਈ ਨੂੰ ਦੱਸਿਆ ਕਿ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਧਾਰਮਿਕ ਕੱਟੜਪੰਥੀਆਂ ਵੱਲੋਂ ਅਹਿਮਦੀਆਂ ਦੀਆਂ ਕਈ ਕਬਰਾਂ ਦੀ ਕਥਿਤ ਤੌਰ ’ਤੇ ਬੇਅਦਬੀ ਕੀਤੀ ਗਈ ਹੈ। ਘੱਟ ਗਿਣਤੀ ਭਾਈਚਾਰੇ ਦੇ ਬੁਲਾਰੇ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਜਮਾਤ ਅਹਿਮਦੀਆ ਅਧਿਕਾਰੀ ਨੇ ਦੱਸਿਆ ਕਿ ਲਾਹੌਰ ਤੋਂ ਲਗਭਗ 100 ਕਿਲੋਮੀਟਰ ਦੂਰ ਹਾਫਿਜ਼ਾਬਾਦ ਜ਼ਿਲ੍ਹੇ ਵਿੱਚ ਪ੍ਰੇਮ ਕੋਟ ਕਬਰਸਤਾਨ ਵਿੱਚ ਕਬਰਾਂ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਕਬਰਾਂ ਦੀ ਭੰਨਤੋੜ ਕਰਨ ਵਾਲੇ ਲੋਕਾਂ ਨੇ ਉਨ੍ਹਾਂ ’ਤੇ “ਅਹਿਮਦੀ ਕੁੱਤਾ” ਵੀ ਲਿਖਿਆ ਹੈ ਜੋ ਪਰਿਵਾਰਾਂ ਲਈ ਬਹੁਤ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਰਹਿ ਰਹੇ ਅਹਿਮਦੀ ਮਰਨ ਤੋਂ ਬਾਅਦ ਵੀ ਸ਼ਾਂਤੀ ਵਿੱਚ ਨਹੀਂ ਹਨ।
ਮਹਿਮੂਦ ਨੇ ਘੱਟ ਗਿਣਤੀ ਭਾਈਚਾਰੇ ਦੀਆਂ ਕਬਰਾਂ ਦੀ ਬੇਅਦਬੀ ਵਿੱਚ ਸ਼ਾਮਲ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਪੰਜਾਬ ਵਿੱਚ ਵੀ ਅਹਿਮਦੀ ਭਾਈਚਾਰੇ ਦੇ ਹੋਰ ਕਬਰਸਤਾਨਾਂ ਵਿੱਚ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਇੱਕ ਵੀ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਅਤੇ ਨਾ ਹੀ ਕੋਈ ਮੁਕੱਦਮਾ ਚਲਾਇਆ ਗਿਆ ਹੈ। ਇਸ ਸਾਲ ਅਗਸਤ ’ਚ ਪਾਕਿਸਤਾਨ ਦੇ ਪੰਜਾਬ ਸੂਬੇ ’ਚ ਅਹਿਮਦੀ ਭਾਈਚਾਰੇ ਦੀਆਂ 16 ਕਬਰਾਂ ਦੀ ਕਥਿਤ ਤੌਰ ’ਤੇ ਧਾਰਮਿਕ ਕੱਟੜਪੰਥੀਆਂ ਨੇ ਬੇਅਦਬੀ ਕੀਤੀ ਸੀ। ਪਾਕਿਸਤਾਨ ਵਿੱਚ ਘੱਟ ਗਿਣਤੀਆਂ, ਖਾਸ ਕਰਕੇ ਅਹਿਮਦੀ, ਬਹੁਤ ਹੀ ਕਮਜ਼ੋਰ ਹਨ ਅਤੇ ਅਕਸਰ ਧਾਰਮਿਕ ਕੱਟੜਪੰਥੀਆਂ ਦੁਆਰਾ ਨਿਸ਼ਾਨਾ ਬਣਾਇਆ ਜਾਂਦਾ ਹੈ। ਪਾਕਿਸਤਾਨੀ ਸੰਸਦ ਨੇ 1974 ਵਿੱਚ ਅਹਿਮਦੀ ਭਾਈਚਾਰੇ ਨੂੰ ਗੈਰ-ਮੁਸਲਿਮ ਘੋਸ਼ਿਤ ਕੀਤਾ ਸੀ। ਇਕ ਦਹਾਕੇ ਬਾਅਦ ਉਸ ’ਤੇ ਆਪਣੇ ਆਪ ਨੂੰ ਮੁਸਲਮਾਨ ਕਹਿਣ ’ਤੇ ਵੀ ਪਾਬੰਦੀ ਲਗਾ ਦਿੱਤੀ ਗਈ ਸੀ। ਉਸ ਨੂੰ ਸਾਊਦੀ ਅਰਬ ਦੀ ਯਾਤਰਾ ’ਤੇ ਜਾਣ ਤੋਂ ਵੀ ਰੋਕ ਦਿੱਤਾ ਗਿਆ ਸੀ।
Comment here