ਸਿਆਸਤਖਬਰਾਂ

ਕੱਚੇ ਮਾਲ ਦੀਆਂ ਕੀਮਤਾਂ ਵਧਣ ਨਾਲ ਕਾਰੋਬਾਰੀ ਦੁਖੀ

ਫਗਵਾੜਾ : ਇਕ ਮਹੀਨੇ ਵਿਚ ਕਾਫੀ ਮਾਤਰਾ ਵਿੱਚ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਲਗਾਤਾਰ ਵਾਧਾ ਉਦਯੋਗ ਲਈ ਖ਼ਤਰਨਾਕ ਹੈ ਕਿਉਂਕਿ ਇਸ ਨੇ ਭਾਰਤੀ ਉਤਪਾਦਕਾਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਅਸਮਰੱਥ ਬਣਾ ਦਿੱਤਾ ਹੈ। ਸਟੀਲ ਦੀਆਂ ਕੀਮਤਾਂ ਵਿਚ 10 ਰੁਪਏ ਪ੍ਰਤੀ ਕਿੱਲੋ ਤੋਂ ਵੱਧ ਦਾ ਵਾਧਾ ਹੋਇਆ ਹੈ, ਜੋ ਉਦਯੋਗ ਅਤੇ ਖਪਤਕਾਰਾਂ ਵੱਲੋਂ ਸਵੀਕਾਰ ਕਰਨਾਂ ਮੁਸ਼ਕਿਲ ਹੋ ਰਿਹਾ ਹੈ। ਸਟੀਲ ਦੀਆਂ ਕੀਮਤਾਂ ਵਿਚ ਇਹ ਵਾਧਾ ਮਾਈਕ੍ਰੋ ਸਮਾਲ ਐਂਡ ਮੀਡੀਅਮ (ਐੱਮਐੱਸਐੱਮਈ) ਉਦਯੋਗਾਂ ਲਈ ਵੱਡੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਕਿਉਂਕਿ ਪੁਰਾਣੇ ਆਰਡਰਾਂ ਦਾ ਭੁਗਤਾਨ ਵੀ ਨਵੇਂ ਖ਼ਰੀਦੇ ਸਟੀਲ ’ਤੇ ਕਰਨਾ ਪੈ ਰਿਹਾ ਹੈ। ਅਜਿਹੇ ’ਚ ਕੀਮਤਾਂ ਵਿਚ ਤੇਜ਼ੀ ਨਾਲ ਵਾਧੇ ਦਾ ਦੌਰ ਜਾਰੀ ਹੈ। ਜੇ ਭਾਰਤ ਲੋਹੇ ਨਾਲ ਭਰਪੂਰ ਹੈ ਤਾਂ ਸਟੀਲ ਦੀਆਂ ਕੀਮਤਾਂ ਇੰਨੀ ਤੇਜ਼ੀ ਨਾਲ ਕਿਉਂ ਵੱਧ ਰਹੀਆਂ ਹਨ। ਦੂਜੇ ਪਾਸੇ ਚੀਨ ਤੋਂ ਦਰਾਮਦ ਵੱਧ ਰਹੀ ਹੈ। ਐੱਮਐੱਸਐੱਮਈ ਸੈਕਟਰ ਬੰਦ ਹੋਣ ਨਾਲ 9 ਲੱਖ ਤੋਂ ਵੱਧ ਕਾਮਿਆਂ ਦੀ ਬੇਰੁਜ਼ਗਾਰੀ ਵਧੇਗੀ, ਜਿਸ ਨਾਲ ਪੂਰੇ ਦੇਸ਼ ਵਿਚ ਬੇਕਾਬੂ ਸਥਿਤੀ ਪੈਦਾ ਹੋ ਜਾਵੇਗੀ। ਇਸ ਲਈ ਸਰਕਾਰ ਨੂੰ ਸਟੀਲ ਦੀਆਂ ਕੀਮਤਾਂ ਨੂੰ ਸਥਿਰ ਕਰਨਾ ਚਾਹੀਦਾ ਹੈ ਤਾਂ ਜੋ ਵਪਾਰੀ ਅਤੇ ਉਦਯੋਗਪਤੀ ਆਪਣਾ ਕਾਰੋਬਾਰ ਸਹੀ ਢੰਗ ਨਾਲ ਚਲਾ ਸਕਣ। ਸਨਅਤਕਾਰ ਮੁਖਿੰਦਰ ਸਿੰਘ ਨੇ ਕਿਹਾ ਕਿ ਉਦਯੋਗ ਪਹਿਲਾਂ ਹੀ ਕੋਵਿਡ ਕਾਰਨ ਹੋਏ ਨੁਕਸਾਨ ਤੋਂ ਪੱਟੜੀ ’ਤੇ ਆਉਣ ਲਈ ਸਮਾਂ ਲੈ ਰਹੇ ਹਨ। ਇਸ ਦੇ ਨਾਲ ਹੀ ਸਟੀਲ ਦੀਆਂ ਵਧਦੀਆਂ ਕੀਮਤਾਂ ਉਦਯੋਗ ਲਈ ਹਾਨੀਕਾਰਕ ਬਣ ਰਹੀਆਂ ਹਨ। ਆਰਡਰ ਲੈਣ ’ਚ ਵੀ ਔਖ ਆ ਰਹੀ ਹੈ ਕਿਉਂਕਿ ਇਕ-ਦੋ ਦਿਨਾਂ ਬਾਅਦ ਸਟੀਲ ਦੀਆਂ ਕੀਮਤਾਂ ਵਧਣਗੀਆਂ। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੂੰ ਵੀ ਦਰਾਮਦ ਡਿਊਟੀ ਖ਼ਤਮ ਕਰਨੀ ਚਾਹੀਦੀ ਹੈ। ਟਰਨੋਂ ਚਕਸ ਦੇ ਐੱਮਡੀ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਮਾਮਲੇ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਇਸਪਾਤ ਮੰਤਰੀ ਰਾਮ ਚੰਦਰ ਪ੍ਰਸਾਦ ਸਿੰਘ ਨੂੰ ਨਿੱਜੀ ਤੌਰ ’ਤੇ ਦਖ਼ਲ ਦੇ ਕੇ ਇਸ ਮਾਮਲੇ ਨੂੰ ਹੱਲ ਕਰਨਾ ਚਾਹੀਦਾ ਹੈ। ਇਸ ਲਈ ਸਰਕਾਰ ਨੂੰ ਸਵਦੇਸ਼ੀ ਨਿਰਮਾਤਾਵਾਂ ਨੂੰ ਪਹਿਲ ਦੇਣ ਲਈ ਸਟੀਲ ਦੇ ਨਿਰਯਾਤ ’ਤੇ ਪਾਬੰਦੀ ਲਗਾਉਣੀ ਚਾਹੀਦੀ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਜਾਂ ਤਾਂ ਸਟੀਲ ਦੀਆਂ ਕੀਮਤਾਂ ’ਤੇ ਕੰਮ ਕੀਤਾ ਜਾਵੇ ਜਾਂ ਸਟੀਲ ਦੀ ਬਰਾਮਦ ’ਤੇ ਰੋਕ ਲਗਾਈ ਜਾਵੇ ਤਾਂ ਜੋ ਵਪਾਰੀਆਂ ਨੂੰ ਇਸ ਮੰਦੀ ’ਚ ਰਾਹਤ ਮਿਲ ਸਕੇ। ਇਸਦੇ ਨਾਲ ਹੀ ਉਦਯੋਗਪਤੀ ਜਤਿੰਦਰ ਸਿੰਘ ਕੁੰਦੀ ਨੇ ਕਿਹਾ ਕਿ ਸਰਕਾਰ ਨੂੰ ਸਟੀਲ ਦੀ ਬਰਾਮਦਗੀ ਬੰਦ ਕਰਨੀ ਚਾਹੀਦੀ ਹੈ ਪਰ ਸਟੀਲ ਨਿਰਮਾਤਾ ਵੱਧ ਮੁਨਾਫ਼ੇ ਲਈ ਸਟੀਲ ਦਾ ਨਿਰਯਾਤ ਕਰ ਰਹੇ ਹਨ। ਜਿਸ ਕਾਰਨ ਨਿਰਮਾਣ ਖੇਤਰ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਬਰਾਮਦ ਦੇ ਨਾਲ-ਨਾਲ ਘਰੇਲੂ ਬਾਜ਼ਾਰ ’ਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Comment here