ਮੁਹਾਲੀ-ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਚੰਡੀਗੜ੍ਹ ਦੀਆਂ ਬਰੂਹਾਂ ’ਤੇ ਲੱਗੇ ਕੌਮੀ ਇੰਨਸਾਫ਼ ਮੋਰਚੇ ਵਲੋਂ ਅੱਜ ਭਗਤ ਰਵੀਦਾਸ ਜੀ ਦੇ ਪ੍ਰਕਾਸ਼ ਪੂਰਬ ਸ਼ਰਧਾ ਪੂਰਬਕ ਮਨਾਇਆ ਗਿਆ, ਜਿਸ ਦੇ ਸਬੰਧ ਵਿਚ ਸਾਰਾ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਰਾਗੀ ਜੱਥਿਆਂ ਵਲੋਂ ਕੀਰਤਨ ਰਾਂਹੀ, ਢਾਡੀ ਜੱਥਿਆਂ ਨੇ ਜੋਸ਼ੀਲੀਆਂ ਵਾਰਾਂ ਅਤੇ ਕਵੀਸ਼ਰਾਂ ਨੇੋ ਵੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਮੋਰਚੇ ਨੂੰ ਹੋਰ ਚੜ੍ਹਦੀਕਲਾ ਵਿਚ ਲਿਜਾਣ ਲਈ ਜੋਸ਼ੀਲੀ ਕਵੀਸ਼ਰੀ ਰਾਂਹੀ ਸੰਗਤਾਂ ’ਚ ਜੋਸ਼ ਭਰਿਆ। ਸਾਰਾ ਦਿਨ ਸੰਗਤਾਂ ਦਾ ਮੋਰਚੇ ਵਿਚ ਠਾਠਾਂ ਮਾਰਦਾ ਹੜ੍ਹ ਆਇਆ ਹੋਇਆ ਸੀ ਅਤੇ ਪੰਡਾਲ ਵੀ ਸੰਗਤਾਂ ਤਨ-ਮਨ ਅਤੇ ਧਨ ਨਾਲ ਆਪਣੀ ਹਾਜ਼ਰੀ ਭਰੀ।
ਮੋਰਚੇ ਵਿਚ ਸੰਗਤਾਂ ਵਲੋਂ ਵੱਖ-ਵੱਖ ਸੇਵਾਵਾਂ ਕੀਤੀਆਂ ਜਾਂਦੀਆਂ ਰਹੀਆਂ। ਅੱਜ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਧਰਮੀ ਪਿਤਾ ਬਾਪੂ ਗੁਰਚਰਨ ਸਿੰਘ ਨੇ ਜਥੇਦਾਰ ਹਵਾਰਾ ਵਲੋਂ ਸਮੂਚੀ ਪੰਡਾਲ ’ਚ ਹਾਜ਼ਰੀ ਭਰ ਰਹੀ ਅਤੇ ਦੁਨੀਆ ਵਿਚ ਵੱਸ ਰਹੀ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਗੁਰ ਫਤਿਹ ਬੁਲਾਈ ਅਤੇ ਭਗਤ ਰਵੀਦਾਸ ਜੀ ਦੇ ਪ੍ਰਕਾਸ਼ ਪੂਰਬ ’ਤੇ ਦਿਲ ਦੀਆਂ ਗਹਿਰਾਈਆਂ ਤੋਂ ਵਧਾਈਆਂ ਦਿੱਤੀਆਂ। ਇਸ ਦੇ ਨਾਲ ਹੀ ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ ਇਹ ਮੋਰਚਾ ਸਮੂਚੀ ਸਿੱਖ ਕੌਮ ਅਤੇ ਇੰਨਸਾਫ਼ ਪੰਸਦ ਲੋਕਾਂ ਦਾ ਮੋਰਚਾ ਹੈ ਮੋਰਚੇ ਵਿਚ ਚੱਲ ਕੇ ਆਉਣ ਵਾਲੇ ਹਰ ਸਜੱਣ ਦਾ ਭਰਵਾਂ ਸਵਾਗਤ ਹੈ ਪਰ ਜੋ ਲੋਕ ਮੋਰਚੇ ਨੂੰ ਢਾਹ ਲਗਾਉਣ ਦੇ ਮਨਸੂਬੇ ਬਣਾ ਰਹੇ ਹਨ ਉਹ ਸੰਗਤੀ ਰੂਪ ਵਿਚ ਤਾਂ ਇੱਥੇ ਆ ਸਕਦੇ ਹਨ ਪਰ ਉਨ੍ਹਾਂ ਨੂੰ ਮੋਰਚੇ ਵਿਚ ਕਿਸੇ ਕਿਸਮ ਦੀ ਸੇਵਾ ਜਾਂ ਦਖਲ ਅੰਦਾਜ਼ੀ ਨਾ ਕਰਨ ਜੇ ਕੋਈ ਅਜਿਹਾ ਕਰੇਗਾ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਕੋਈ ਨਾ ਸੋਚੇ ਕਿ ਪੰਥ ਤੋਂ ਉਲਟ ਜਾ ਕੇ ਇਸ ਮੋਰਚੇ ਤੋਂ ਕੋਈ ਪੰਥਕ ਸੋਚ ਉਲਟ ਫੈਸਲਾ ਕਰਵਾ ਲਵੇਗਾ, ਸੰਗਤ ਦੇ ਸਹਿਯੋਗ ਨਾਲ ਇਹ ਮੋਰਚਾ ਪੰਥਕ ਹੀ ਰਹੇਗਾ। ਉਨ੍ਹਾਂ ਐਲਾਨ ਕੀਤਾ ਕਿ ਮੋਰਚਾ ਕਮੇਟੀ ਵਲੋਂ ਵੀ ਜੋ ਫੈਸਲਾ ਕੀਤਾ ਜਾਵੇਗਾ ਉਹ ਸੰਗਤ ਦੇ ਸਾਹਮਣੇ ਰਖਿਆ ਜਾਵੇਗਾ । ਬਾਪੂ ਗੁਰਚਰਨ ਸਿੰਘ ਨੇ ਸੰਗਤ ਵਿਚ ਸਪਸ਼ਟ ਕੀਤਾ ਕਿ ਬੰਦੀ ਸਿੰਘਾਂ ਦੀ ਰਿਹਾਈ ਬਹੁਤ ਜਰੂਰੀ ਹੈ ਪਰ ਉਸ ਤੋਂ ਵੀ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਰਨਾ ਸਭ ਤੋਂ ਵੱਧ ਜਰੂਰੀ ਹੈ।
Comment here