ਕਾਬੁਲ-ਅਫ਼ਗਾਨਿਸਤਾਨ ‘ਚ ਤਾਲਿਬਾਨ ਵਲੋਂ ਕੀਤੇ ਜਾ ਰਹੇ ਕਤਲੇਆਮ ਨੂੰ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਚੁੱਕਣ ਤੋਂ ਬਾਅਦ ਕੌਮਾਂਤਰੀ ਅਪਰਾਧਿਕ ਅਦਾਲਤ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਤਾਲਿਬਾਨ ਨੇ ਖਾਸ ਤੌਰ ‘ਤੇ ਕੰਧਾਰ ਸੂਬੇ ਦੀ ਪਾਕਿਸਤਾਨ ਨਾਲ ਲੱਗਦੀ ਸਰਹੱਦ ਨਾਲ ਲੱਗਦੇ ਸਪਿੰਨ ਬੋਲਡਕ ਸ਼ਹਿਰ ‘ਚ ਨਿਰਦੋਸ਼ ਨਾਗਰਿਕਾਂ, ਔਰਤਾਂ ਅਤੇ ਬੱਚਿਆਂ ਦੀ ਹੱਤਿਆ ਕੀਤੀ ਹੈ। ਇੱਥੇ ਸੂਬੇ ਦੇ ਅਧਿਕਾਰੀਆਂ ਦੇ ਰਿਸ਼ਤੇਦਾਰ, ਫ਼ੌਜ ਅਤੇ ਪੁਲਿਸ ਦੇ ਮੁਲਾਜ਼ਮਾਂ ਨੂੰ ਪਹਿਲਾਂ ਹਿਰਾਸਤ ‘ਚ ਲਿਆ ਗਿਆ, ਫਿਰ ਗੋਲ਼ੀ ਨਾਲ ਉਡਾ ਦਿੱਤਾ। ਕੁਝ ਥਾਵਾਂ ‘ਤੇ ਤਾਂ ਸਿਰ ਕਲਮ ਕਰਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। 8 ਅਤੇ 16 ਜੁਲਾਈ ਨੂੰ ਸੰਘਰਸ਼ ਦੌਰਾਨ ਇਸ ਸੰਘਰਸ਼ ‘ਤੇ ਤਾਲਿਬਾਨ ਨੇ ਸਰਕਾਰ ਤੇ ਫ਼ੌਜ ਦੇ ਜਾਸੂਸਾਂ ਦੀ ਭਾਲ ਕੀਤੀ ਤੇ ਸਾਰੇ ਲੋਕਾਂ ਨੂੰ ਗੋਲ਼ੀ ਮਾਰ ਦਿੱਤੀ। ਹਿਊਮਨ ਰਾਈਟ ਵਾਚ ਦੀ ਐਸੋਸੀਏਟ ਡਾਇਰੈਕਟਰ, ਏਸ਼ੀਆ ਪੇਟ੍ਰੀਸ਼ੀਆ ਗੋਸਮੈਨ ਨੇ ਕਿਹਾ ਕਿ ਤਾਲਿਬਾਨ ਨੇ ਇੱਥੇ ਤਿੰਨ ਸੌ ਲੋਕਾਂ ਨੂੰ ਹਿਰਾਸਤ ‘ਚ ਲਿਆ ਤੇ ਅਣਪਛਾਤੀ ਜਗ੍ਹਾ ‘ਤੇ ਲੈ ਗਏ। ਹੁਣ ਇਸ ਗੱਲ ਦਾ ਖ਼ਦਸ਼ਾ ਹੈ ਕਿ ਤਾਲਿਬਾਨ ਇੱਥੇ ਹੋਰ ਵੀ ਜ਼ਿਆਦਾ ਖ਼ੂਨ-ਖਰਾਬਾ ਕਰ ਸਕਦਾ ਹੈ। ਹਾਲਾਂਕਿ ਤਾਲਿਬਾਨ ਨੇਤਾਵਾਂ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤੋਂ ਇਨਕਾਰ ਕੀਤਾ ਹੈ ਪਰ ਜ਼ਮੀਨੀ ਪੱਧਰ ‘ਤੇ ਹਾਲਾਤ ਦੱਸ ਰਹੇ ਹਨ ਕਿ ਨਿਰਦੋਸ਼ ਲੋਕਾਂ ‘ਤੇ ਜ਼ੁਲਮ ਕੀਤਾ ਜਾ ਰਿਹਾ ਹੈ। ਹੁਣ ਕੌਮਾਂਤਰੀ ਅਪਰਾਧਿਕ ਅਦਾਲਤ (ਆਈਸੀਸੀ) ਨੇ ਇੱਥੇ ਜੰਗੀ ਅਪਰਾਧਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਮਾਮਲਿਆਂ ‘ਚ ਉਹ ਤਾਲਿਬਾਨੀ ਕਮਾਂਡਰ ਵੀ ਦੋਸ਼ੀ ਮੰਨੇ ਜਾਣਗੇ, ਜਿਨ੍ਹਾਂ ਦੀ ਅਗਵਾਈ ‘ਚ ਨਿਰਦੋਸ਼ ਲੋਕਾਂ ‘ਤੇ ਅੱਤਿਆਚਾਰ ਹੋ ਰਿਹਾ ਹੈ। ਪੇਟ੍ਰੀਸ਼ੀਆ ਗੋਸ਼ਮੈਨ ਨੇ ਕਿਹਾ ਕਿ ਸੰਯੁਕਤ ਰਾਸ਼ਟਰ, ਅਮਰੀਕਾ ਤੇ ਹੋਰ ਦੇਸ਼ਾਂ ਨੂੰ ਹੱਤਿਆ ਦਾ ਇਹ ਸਿਲਸਿਲਾ ਬੰਦ ਕਰਵਾਉਣ ਲਈ ਤਾਲਿਬਾਨ ਨੂੰ ਸਖ਼ਤ ਸੰਦੇਸ਼ ਦੇਣਾ ਚਾਹੀਦਾ ਹੈ। ਉਨ੍ਹਾਂ ਕਿਾ ਕਿ ਸਪਿੰਨ ਬੋਲਡਕ ‘ਚ ਲਾਸ਼ਾਂ ਮਿਲੀਆਂ ਹਨ ਜਦੋਂ ਕਿ ਲਾਪਤਾ ਤਿੰਨ ਸੌ ਲੋਕਾਂ ਦਾ ਅਜੇ ਕੋਈ ਪਤਾ ਨਹੀਂ ਲੱਗਾ ਹੈ। ਇਹ ਵੀ ਖਬਰ ਆਈ ਹੈ ਕਿ ਅਫ਼ਗਾਨਿਸਤਾਨ ‘ਚ ਜ਼ਿਲ੍ਹਿਆਂ ‘ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਦੇ ਕਾਲੇ ਕਾਨੂੰਨ ਮੁੜ ਤੋਂ ਸ਼ੁਰੂ ਹੋ ਗਏ ਹਨ। ਇੱਥੇ ਅਫ਼ਗਾਨ ਪਰਿਵਾਰਾਂ ਦੀਆਂ ਕੁੜੀਆਂ ਨਾਲ ਅੱਤਵਾਦੀ ਜਬਰਨ ਵਿਆਹ ਕਰ ਰਹੇ ਹਨ। ਪੁਰਸ਼ਾਂ ਲਈ ਮਸਜਿਦ ‘ਚ ਰੋਜ਼ ਨਮਾਜ਼ ਪੜ੍ਹਨ, ਟੋਪੀ ਪਹਿਨਣ ਤੇ ਦਾੜ੍ਹੀ ਵਧਾਉਣ ਦਾ ਫਰਮਾਨ ਜਾਰੀ ਕਰ ਦਿੱਤਾ ਗਿਆ ਹੈ। ਔਰਤਾਂ ‘ਤੇ ਵੀ 2001 ਤੋਂ ਪਹਿਲਾਂ ਲਾਗੂ ਰਹੇ ਸ਼ਰੀਅਤ ਕਾਨੂੰਨ ਥੋਪਣਾ ਸ਼ੁਰੂ ਕਰ ਦਿੱਤਾ ਗਿਆ ਹੈ। ਹਾਲਾਂਕਿ ਤਾਲਿਬਾਨ ਦੇ ਬੁਲਾਰੇ ਸੁਹੈਲ ਸ਼ਾਹੀਨ ਨੇ ਦੋ ਦਿਨ ਪਹਿਲਾਂ ਕਿਹਾ ਸੀ ਕਿ ਉਦਾਰਵਾਦੀ ਰਵੱਈਆ ਅਪਣਾਇਆ ਜਾਵੇਗਾ। ਔਰਤਾਂ ਨੂੰ ਕੰਮ ਕਰਨ ਦੀ ਆਜ਼ਾਦੀ ਹੋਵੇਗੀ।
ਓਧਰ ਅਫ਼ਗਾਨ ਫ਼ੌਜ ਨੇ ਹਵਾਈ ਹਮਲਿਆਂ ‘ਚ ਹੈਲੀਕਾਪਟਰ ਦੀ ਮਦਦ ਲੈਣੀ ਸ਼ੁਰੂ ਕਰ ਦਿੱਤੀ ਹੈ। ਬਲਖ਼ ਸੂਬੇ ‘ਚ ਤਾਲਿਬਾਨ ਦੇ ਟਿਕਾਣਿਆਂ ‘ਤੇ ਹੈਲੀਕਾਪਟਰ ਨਾਲ ਫਾਇਰਿੰਗ ਕੀਤੀ ਗਈ। ਇਸ ਆਪ੍ਰਰੇਸ਼ਨ ‘ਚ ਤਾਲਿਬਾਨ ਦੇ 81 ਅੱਤਵਾਦੀ ਮਾਰੇ ਗਏ। ਹਵਾਈ ਹਮਲੇ ‘ਚ ਅੱਤਵਾਦੀਆਂ ਦੇ ਵਾਹਨ ਤੇ ਗੋਲਾ-ਬਾਰੂਦ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ ਗਿਆ।
ਇਸ ਦੌਰਾਨ ਅਮਰੀਕਾ ਵੀ ਸਰਗਰਮ ਤੇ ਫਿਕਰਮੰਦ ਹੈ, ਅਫ਼ਗਾਨਿਸਤਾਨ ‘ਚ ਤੇਜ਼ੀ ਨਾਲ ਕਾਬਜ਼ ਹੋ ਰਹੇ ਤਾਲਿਬਾਨ ਦੇ ਸਬੰਧ ‘ਚ ਅਮਰੀਕਾ ਦੇ ਰੱਖਿਆ ਮੰਤਰੀ ਲਾਇਡ ਆਸਟਿਨ ਨੇ ਚਿੰਤਾ ਪ੍ਰਗਟਾਈ ਹੈ। ਅਲਾਸਕਾ ‘ਚ ਪੱਤਰਕਾਰਾਂ ਨਾਲ ਗੱਲ ਕਰਦੇ ਸਮੇਂ ਉਨ੍ਹਾਂ ਕਿਹਾ ਕਿ ਅਫ਼ਗਾਨ ਫ਼ੌਜ ਲਈ ਜ਼ਰੂਰੀ ਹੈ ਕਿ ਉਹ ਤਾਲਿਬਾਨ ਦੇ ਜ਼ਿਲਿ੍ਹਆਂ ‘ਤੇ ਕਬਜ਼ੇ ਦੀ ਤੇਜ਼ ਰਫ਼ਤਾਰ ਨੂੰ ਕਾਰਵਾਈ ਕਰ ਕੇ ਰੋਕੇ। ਅੱਤਵਾਦੀਆਂ ‘ਤੇ ਯੋਜਨਾ ਤਹਿਤ ਆਪਣੇ ਹਮਲਿਆਂ ਨੂੰ ਅੰਜਾਮ ਦੇਵੇ। ਉਨ੍ਹਾਂ ਕਿਹਾ ਕਿ ਅਫ਼ਗਾਨ ਫ਼ੌਜ ਜੰਗ ਦੀ ਕਾਰਜ ਯੋਜਨਾ ਨੂੰ ਅਸਰਦਾਰ ਬਣਾ ਰਹੀ ਹੈ।
ਚੀਨ, ਪਾਕਿਸਤਾਨ ਤੇ ਤੁਰਕੀ ਦੀ ਤਿਕੜੀ ਤੇਜ਼ੀ ਨਾਲ ਸਰਗਰਮ
ਅਮਰੀਕੀ ਫ਼ੌਜ ਦੀ ਅਫ਼ਗਾਨਿਸਤਾਨ ਤੋਂ ਹੋ ਰਹੀ ਵਾਪਸੀ ਦਰਮਿਆਨ ਆਪਣੇ ਹਿੱਤਾਂ ਲਈ ਚੀਨ, ਪਾਕਿਸਤਾਨ ਤੇ ਤੁਰਕੀ ਦੀ ਤਿਕੜੀ ਤੇਜ਼ੀ ਨਾਲ ਇੱਥੇ ਸਰਗਰਮ ਹੋ ਰਹੀ ਹੈ। ਤਾਲਿਬਾਨ ਦੇ ਤੇਜ਼ੀ ਨਾਲ ਕਾਬਜ਼ ਹੋਣ ਤੋਂ ਬਾਅਦ ਪਾਕਿਸਤਾਨ ਨੇ ਵੀ ਰੰਗ ਬਦਲਣਾ ਸ਼ੁਰੂ ਕਰ ਦਿੱਤਾ ਹੈ। ਉਹ ਅਮਰੀਕਾ ਅਤੇ ਪੱਛਮੀ ਦੇਸ਼ਾਂ ਦਾ ਸਹਿਯੋਗੀ ਦੇਸ਼ ਬਣ ਕੇ ਸ਼ਾਂਤੀ ਸਥਾਪਤ ਕਰਨ ਦਾ ਨਾਟਕ ਕਰ ਰਿਹਾ ਸੀ, ਹੁਣ ਉਸ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ। ਇਹ ਰਿਪੋਰਟ ਟਾਈਮਜ਼ ਆਫ ਇਜ਼ਰਾਈਲ ‘ਚ ਪ੍ਰਕਾਸ਼ਿਤ ਹੋਈ ਹੈ। ਰਿਪੋਰਟ ਮੁਤਾਬਕ ਮੌਜੂਦਾ ਸਮੇਂ ਪਾਕਿਸਤਾਨ ਨੂੰ ਖ਼ਰਾਬ ਆਰਥਿਕ ਸਥਿਤੀ ‘ਚ ਅਮਰੀਕੀ ਸੁਰੱਖਿਆ ਘੇਰੇ ਦੀ ਜ਼ਰੂਰਤ ਹੈ, ਅਜਿਹੀ ਸਥਿਤੀ ‘ਚ ਵੀ ਉਹ ਚੀਨ ਤੇ ਤੁਰਕੀ ਦੇ ਨਾਲ ਹੀ ਅੱਗੇ ਵੱਧ ਰਿਹਾ ਹੈ। ਇਸ ਰਿਪੋਰਟ ‘ਚ ਵਿਦੇਸ਼ੀ ਮਾਮਲਿਆਂ ਦਾ ਜਾਣਕਾਰ ਫੇਬੀਅਨ ਬਾਸ਼ਰਟ ਨੇ ਕਿਹਾ ਕਿ ਪਾਕਿਸਤਾਨ ਨੇ ਆਪਣੀ ਨੀਤੀ ‘ਚ ਬਦਲਾਅ ਇਸ ਸਾਲ ਜੂਨ ਤੋਂ ਹੀ ਕਰਨਾ ਸ਼ੁਰੂ ਕਰ ਦਿੱਤਾ ਸੀ, ਜਦੋਂ ਉਸ ਨੇ ਕਿਹਾ ਸੀ ਕਿ ਉਹ ਅਮਰੀਕਾ ਨੂੰ ਫ਼ੌਜੀ ਅੱਡੇ ਲਈ ਆਪਣੀ ਜ਼ਮੀਨ ਨਹੀਂ ਦੇਵੇਗਾ। ਹਾਲ ਹੀ ‘ਚ ਤਾਲਿਬਾਨ ਨੇ ਚੀਨ ਦੀਆਂ ਉਨ੍ਹਾਂ ਚਿੰਤਾਵਾਂ ਨੂੰ ਵੀ ਘੱਟ ਕਰ ਦਿੱਤਾ ਹੈ, ਜਿਸ ‘ਚ ਉਸ ਦਾ ਮੰਨਣਾ ਹੈ ਕਿ ਤਾਲਿਬਾਨੀ ਸ਼ਾਸਨ ‘ਚ ਅਫ਼ਗਾਨਿਸਤਾਨ ਉਈਗਰਾਂ ਦੇ ਸੰਗਠਨ ਪੂਰਬੀ ਤੁਰਕਿਸਤਾਨ ਇਸਲਾਮਿਕ ਮੂਵਮੈਂਟ ਦਾ ਕੇਂਦਰ ਬਣ ਜਾਵੇਗਾ। ਇਹ ਸੰਗਠਨ ਸ਼ਿਨਜਿਆਂਗ ‘ਚ ਸਰਗਰਮ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਤੁਰਕੀ ਵੀ ਇਸ ਤਿਕੜੀ ‘ਚ ਸ਼ਾਮਲ ਹੋ ਕੇ ਆਪਣਾ ਲਾਭ ਦੇਖ ਰਿਹਾ ਹੈ, ਉਸ ਨੂੰ ਲੱਗਦਾ ਹੈ ਕਿ ਉਹ ਮੁਸਲਿਮ ਦੇਸ਼ਾਂ ਦੀ ਅਗਵਾਈ ਕਰ ਸਕੇਗਾ। ਤੁਰਕੀ ਪਹਿਲਾਂ ਹੀ ਆਪਣੇ ਦੇਸ਼ ‘ਚ ਉਈਗਰ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਕੇ ਚੀਨ ਦਾ ਪਿਆਰ ਬਣ ਗਿਆ ਹੈ। ਚੀਨ ਵੀ ਅਮਰੀਕੀ ਫ਼ੌਜ ਜੇ ਜਾਣ ਤੋਂ ਬਾਅਦ ਆਪਣੀ ਮੌਜੂਦਗੀ ਚਾਹੁੰਦਾ ਹੈ। ਇਨ੍ਹਾਂ ਤਿੰਨਾਂ ਦੇਸ਼ਾਂ ਦੀ ਅਫ਼ਗਾਨਿਸਤਾਨ ਦੀ ਖਣਿਜ ਭਰਪੂਰ ਜਾਇਦਾਦ ‘ਤੇ ਵੀ ਨਜ਼ਰ ਹੈ। ਉਧਰ, ਜੰਮੂ-ਕਸ਼ਮੀਰ ਦੇ ਮੁੱਖ ਨੇਤਾ ਫਾਰੂਕ ਗਾਦਰਬਲੀ ਨੇ ਟਵੀਟ ਕਰ ਕੇ ਕਿਹਾ ਕਿ ਚੀਨ, ਪਾਕਿਸਤਾਨ ਤੇ ਤਾਲਿਬਾਨ ਦਾ ਸਹਿਯੋਗ ਕਰ ਕੇ ਇਸ ਇਲਾਕੇ ਦੀ ਸ਼ਾਂਤੀ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਚਾਹੁੰਦਾ ਹੈ। ਗਾਦਰਬਲੀ ਪੀਸ ਐਂਡ ਜਸਟਿਸ ਫੋਰਮ ਦੇ ਸੰਸਥਾਪਕ ਵੀ ਹਨ।
Comment here