ਸਾਹਿਤਕ ਸੱਥਗੁਸਤਾਖੀਆਂ

ਕੌਣ ਬਣੇਗਾ ਪਟਵਾਰੀ ?

ਮਨੁੱਖੀ ਜ਼ਿੰਦਗੀ ਜੂਆ ਹੈ। ਹਰ ਕੋਈ ਇਹ ਜੂਆ ਖੇਡ ਦਾ ਹੈ। ਕੋਈ ਜਿੱਤ ਜਾਂਦਾ ਹੈ ਤੇ ਕੋਈ ਸਭ ਕੁੱਝ ਹਾਰ ਜਾਂਦਾ ਹੈ। ਮਹਾਭਾਰਤ ਦੇ ਵਿੱਚ ਦਰੋਪਤੀ ਤੱਕ ਦਾਅ ਉਤੇ ਲਾ ਦਿੱਤੀ ਸੀ। ਫੇਰ ਜੋ ਹੋਇਆ ਉਹ ਸਭ ਜਾਣਦੇ ਹੀ ਹੋ। ਹੁਣ ਵੀ ਇਕ ਪਾਸੇ ਸਰਕਾਰ ਹੈ ਤੇ ਦੂਜੇ ਪਾਸੇ ਲੋਕ ਹਨ। ਜੰਗ ਦਾ ਕੁਰਕਸ਼ੇਤਰ ਦਿੱਲੀ ਬਣਿਆ ਹੈ। ਜਿੱਤ ਹਾਰ ਦੇ ਲਈ ਇਹ ਦੋ ਧਿਰਾਂ ਵਿਚਕਾਰ ਸੰਘਰਸ਼ ਹੋ ਰਿਹਾ ਹੈ।
ਪੰਜਾਬ ਮੋਹਰੀ ਹੈ। ਨਾਲ ਹੋਰ ਸੂਬੇ ਹਨ। ਜੰਗ ਜਾਰੀ ਹੈ। ਇਕ ਜੰਗ ਪੰਜਾਬ ਦੇ ਬੇਰੁਜ਼ਗਾਰ ਲੜ ਰਹੇ ਹਨ। ਹੁਣੇ ਹੀ ਪਿਛਲੇ ਦਿਨੀਂ ਇਹ ਮੁਕਾਬਲਾ ਹੋਇਆ ਹੈ। ਸਰਕਾਰ ਤਾਂ ਸਤਾਰਾਂ ਕਰੋਡ਼ ਬਟੋਰ ਗਈ। ਪਟਵਾਰੀ ਕੌਣ ਬਣੇਗਾ ਅਜੇ ਪਤਾ ਨਹੀਂ।
ਕਦੇ ਟੀਵੀ ਤੇ ਕੌਣ ਬਣੇਗਾ ਕਰੋੜਪਤੀ ਆਇਆ ਕਰਦਾ ਸੀ, ਉਦੋਂ ਸਾਰਾ ਹੀ ਦੇਸ਼ ਇਸ ਖੇਡ ਵਿੱਚ ਸ਼ਾਮਲ ਹੁੰਦਾ ਸੀ।
ਹੁਣ ਪੱਤਣ ਤੇ ਮਲਾਹ ਬਦਲਗੇ। ਲੋਕ ਘਰੋਂ ਤੇ ਨੌਕਰੀਓ ਬਾਹਰ ਹੋ ਗਏ। ਤਾਲਾ ਬੰਦੀ ਤੇ ਨੋਟ ਬੰਦੀ ਨੇ ਕਰੋੜਾਂ ਨੂੰ ਧਰਤੀ ਉਤੇ ਪਟਕਾ ਸੁੱਟਿਆ ਹੈ।
ਹੁਣ ਵਿਧਾਨ ਸਭਾ ਚੋਣਾਂ ਵਿੱਚ ਗਿਣਤੀ ਦੇ ਮਹੀਨੇ ਕੈਪਟਨ ਸਰਕਾਰ ਨੇ ਨੌਕਰੀਆਂ ਦੀ ਹੱਟੀ ਖੋਲ੍ਹ ਲਈ ਹੈ। ਫਾਰਮ ਵੇਚ ਕੇ ਖਜ਼ਾਨਾ ਭਰਨਾ ਸ਼ੁਰੂ ਕਰ ਲਿਆ ਹੈ॥ ਜਦੋਂ ਅਮਦਨ ਨਾਲੋਂ ਖਰਚ ਪਾਣੀ ਵੱਧ ਜਾਵੇ ਤਾਂ ਆਖਦੇ ਹਨ ਕਿ ” ਦਾਹੜੀ ਨਾਲੋਂ ਮੁੱਛਾਂ ਵੱਡੀਆਂ ਹੋ ਗਈਆਂ ।”
ਹਾਲਤ ਪਟਵਾਰੀ ਦਾ ਪੇਪਰ ਦੇਣ ਵਾਲਿਆਂ ਦੀ ਇਹੋ ਜਿਹੀ ਹੈ। ਸਰਕਾਰ ਦੀ ਵੀ। ਸਰਕਾਰ ਦਾ ਖਜ਼ਾਨਾ ਖਾਲੀ ਹੈ। ਸੱਤਾ ਦੇ ਵਿੱਚ ਬੈਠੇ ਸੱਤਾਧਾਰੀ ਤੇ ਲਾਲਫੀਤਾਸ਼ਾਹੀ ਨੌਜਵਾਨਾਂ ਨੂੰ ਜੂਆ ਖਿਡਾਉਣ ਵਿੱਚ ਸਫਲ ਹੋ ਗਏ ਹਨ..ਕਿ ਪੰਜਾਬ ਦੇ ਲੋਕ ਜਿੰਨਾਂ ਮਰਜ਼ੀ ਪੜ੍ਹ ਲਿਖ ਗਏ ਹਨ ਪਰ ਅਜੇ ਉਹ ਸਿਆਣੇ ਨਹੀਂ ਹੋਏ । ਉਹਨਾਂ ਦੀ ਸਿਆਣਪ ਅਜੇ ਵੀ ਬੱਚੇ ਵਰਗੀ ਹੈ। ਜਿਸਨੇ ਟੌਫੀ ਦਿੱਤੀ .ਉਸਦੀ ਗੋਦ ਵਿੱਚ ਬੈਠ ਗੇ।
ਨਾਲੇ ਡਿਗਰੀਆਂ ਲੈਣ ਨਾਲ ਜੇ ਅਕਲ ਦਾ ਕੋਈ ਸਬੰਧ ਹੁੰਦਾ ਤਾਂ ਕਦੋਂ ਦਾ ਇਨਕਲਾਬ ਆ ਜਾਣਾ ਸੀ। ਨੌਕਰੀਆਂ ਦੀ ਉਹਨਾਂ ਨੇ ਚੌਰਾਹੇ ਦੇ ਵਿੱਚ ਭੇਲੀ ਸੁੱਟ ਦਿੱਤੀ । ਭੇਲੀ ਚੱਕਣ ਵਾਲਿਆਂ ਤੋਂ ਫੀਸ ਲੈ ਲਈ…ਫੇਰ ਜਿਸ ਦਿਨ ਮੁਕਾਬਲਾ ਸੀ….ਸਭ ਦੀ ਮੈਰਾਥਨ ਦੌੜ ਲਵਾ ਦਿੱਤੀ । ਹਰ ਇਕ ਦੋ ਤਿੰਨ ਜਿਲੇ ਲੰਘ ਕੇ ਪੁਜਿਆ। ਫੇਰ ਆਣ-ਜਾਣ, ਖਾਣ-ਪੀਣ.. ਬੱਸ ਕਿਰਾਇਆ.ਤੇਲ ਪਾਣੀ..ਫਾਰਮ ਭਰਨ ਦਾ ਬੈਕ ਖਰਚਾ ਵੱਖਰਾ ਹੋਇਆ ।ਖੱਜਲ ਖੁਆਰੀ ਤੇ ਮਾਨਸਿਕ ਪ੍ਰੇਸ਼ਾਨੀ ਦਾ ਬੋਨਸ ਵੱਖਰਾ ਮਿਲਿਆ । ਪੇਪਰ ਦੇ ਕਈ ਸਵਾਲ ਭੰਬਲਭੂਸ ਬਣ ਗਏ ਹਨ।
ਇਹ ਸਭ ਕੁੱਝ ਗਿਣ ਮਿੱਥ ਕੇ ਪੇਪਰ ਸੈਟ ਕਰਨ ਵਾਲਿਆਂ ਕੀਤਾ ਹੈ। ਨੌਜਵਾਨ ਸਵਾਲ ਕਰਦੇ ਹਨ ਕਿ ਪੇਪਰ ਦੇ ਵਿੱਚ ਸਵਾਲ ਗਲਤ ਪੁਛੇ ਹਨ।
ਹੁਣ ਫੇਰ ਹਾਲਤ ਇਹ ਬਣ ਗਈ ਹੈ। ਸਰਕਾਰ ਨੇ ਫੇਰ ਪੈਸੇ ਕੱਠੇ ਕਰਨ ਦਾ ਜੂਆ ਸ਼ੁਰੂ ਕਰ ਦਿੱਤਾ ਹੈ। ਸਰਕਾਰ ਦੀ ਹਾਲਤ “ਉਲਟਾ ਚੋਰ ਕੋਤਵਾਲ ਕੋ ਡਾਂਟੇ..।””.ਵਰਗੀ ਹੈ। ਹਰ ਸਵਾਲ ਦਾ ਸਹੀ ਜਵਾਬ ਸਿੱਧ ਕਰਨ ਦੀ ਫੀਸ ਵੱਖ..ਨਾਲ ਸਬੂਤ ਦਿਓ ਜਵਾਬ ਠੀਕ ਕਰਵਾਓ।
ਗਲਤੀ ਬੋਰਡ ਦੀ ਸਜ਼ਾ ਨੌਜਵਾਨਾਂ ਨੂੰ ਲਾ ਦਿੱਤੀ ਹੈ। ਹੈ ਨਾ ਨਵੀਂ ਕਿਸਮ ਦੀ ਖੇਡ ? ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ ਆਵੇ।””
ਹੁਣ ਕਹਿੰਦੇ ਹਨ ਕਿ ਪੰਜਾਬ ਦੀ ਜੁਆਨੀ ਸਿਆਣੀ ਹੈ। ਪਰ ਉਸਨੂੰ ਬੇਕਾਰੀ ਨੇ ਲਚਾਰੀ ਬਣਾਇਆ ਹੋਇਆ ਹੈ। ਫੇਰ ਬੰਦਾ ਕੀ ਕਰੇ ?
ਪਟਵਾਰੀ ਲਈ 2 ਲੱਖ 34 ਹਜ਼ਾਰ ਨੇ ਫਾਰਮ ਭਰੇ। ਅਸਾਮੀਆਂ 1152 ਤੇ ਪੇਪਰ ਦਿੱਤਾ ਹੈ 1.75 ਲੱਖ ਨੇ। ਕਹਾਵਤ ਹੈ ” ਇਕ ਅਨਾਰ ਸੌ ਬੀਮਾਰ !”.ਪਰ ਇਥੇ ਤਾਂ ਇਕ ਅਨਾਰ 203 ਬੀਮਾਰ ਹੋ ਗਏ ਹਨ। ਇਹਨਾਂ ਦੇ ਵਿੱਚ ਇਕ ਲੱਖ ਕੁੜੀਆਂ ਵੀ ਹਨ..ਜਿਹਨਾਂ ਨੇ ਫਾਰਮ ਭਰੇ ਸਨ ਤੇ ਪੇਪਰ ਦਿੱਤਾ ਹੈ।
ਸਰਕਾਰ ਨੂੰ ਬੇਰੁਜ਼ਗਾਰ ਨੌਜਵਾਨਾਂ ਦੇ ਭਵਿੱਖ ਦੇ ਖਰਾਬ ਹੋਣ ਦਾ ਕੋਈ ਫਿਕਰ ਨਹੀਂ । ਉਹ ਨੌਜਵਾਨਾਂ ਦੇ ਨਾਲ ਕੋਰਾ ਮਜ਼ਾਕ ਕਰ ਰਹੀ ਹੈ।
ਪਟਿਆਲਾ ਦੇ ਵਿੱਚ ਰੋਜ਼ ਨੌਕਰੀਆਂ ਪੁਲਿਸ ਦੇ ਰਹੀ ਹੈ। ਉਝ ਕੈਪਟਨ ਸਰਕਾਰ ਨੇ ਤਾਂ ਪਹਿਲਾਂ ਹੀ ਘਰ ਘਰ ਨੌਕਰੀ ਦਿੱਤੀ ਹੋਈ ਹੈ। ਉਹਨਾਂ ਜੋ ਵਾਹਦੇ ਕੀਤੇ ਸਨ ਪੂਰੇ ਕਰ ਦਿੱਤੇ ਹਨ। ਜੇ ਸ਼ੱਕ ਹੈ ਤਾਂ ਸੜਕਾਂ ਤੇ ਲੱਗੇ..ਸਾਈਨ ਬੋਰਡ ਦੇਖ ਲਵੋ ।
ਹੁਣ ਸਰਕਾਰ ਕੀ ਕਰੇ?
ਸਰਕਾਰ ਨੂੰ ਹੋਰ ਬਹੁਤ ਕੰਮ ਹਨ। ਗਾਲਿਬ ਸਾਹਿਬ ਆਖਦੇ ਹਨ ਕਿ ” ਖਜ਼ਾਨਾ ਖਾਲੀ ਹੈ। ਜੇ ਖਜ਼ਾਨਾ ਖਾਲੀ ਹੈ..ਫੇਰ ਉਹ ਕਾਹਦਾ ਮੰਤਰੀ ਹੈ?.. ਬੱਲੇ ਤੇਰੇ ਗਾਲਿਬ ਸਾਹਿਬ…ਸੰਗ ਸ਼ਰਮ ਹਯਾ ਨਾਮ ਦੀ ਤੁਹਾਡੇ ਕੋਲ ਕੋਈ ਵਸਤੂ ਹੈ * ?
ਸਰਕਾਰ ਨੇ ਤਾਂ ਅਜੇ ਨਸ਼ੇ ਬੰਦ ਕਰਨੇ ਹਨ। ਪਹਿਲਾਂ ਸਮਗਲਰ ਨਸ਼ਾ ਵੇਚਦੇ ਸੀ..ਹੁਣ ਥਾਣੇਦਾਰ ਵੇਚਦੇ ਹਨ। ਸਭ ਦਾ ਅਾਪੋ ਆਪਣਾ ਇਲਾਕਾ ਹੈ। ਉਪਰ ਤੱਕ ਹਿੱਸਾ ਪੱਤੀ ਹੈ। ਜਿਹੜਾ ਸਹੀ ਸਮੇਂ ਹਿੱਸਾ ਭੇਜਦਾ ਹੈ.ਉਹ ਸੁਰੱਖਿਅਤ ਹੈ । ਨਹੀਂ ਫੇਰ…ਖਬਰ ਛਪਦੀ ਹੈ।… ਕੁਵਿਟਲ ਭੁੱਕੀ ਸਮੇਤ ਥਾਣੇਦਾਰ ਕਾਬੂ।
ਕਦੇ ਕੋਈ ਰੇਤ ਬੱਜਰੀ ਵਾਲਾ ਨੀ ਫੜ੍ ਹੋਇਆ । ਜੇ ਕੋਈ ਗ੍ਰਿਫਤਾਰ ਕੀਤਾ ਵੀ ਹੈ ਕੋਈ ਗਰੀਬ ਟਰਾਲੀ ਜਾਂ ਟੈਪੂ।
ਸਿਖਿਆ ਦੇ ਵਿੱਚ ਪੰਜਾਬ ਦੀ ਦੇਸ਼ ਵਿੱਚ ਝੰਡੀ ਹੈ । ਹਰ ਜਵਾਕ ਹੁਣ ਡਿਜੀਟਲ ਹੋ ਗਿਆ ਹੈ। ਹੁਣ ਫੇਰ ਕੋਵਿਡ ਆ ਗਿਆ ਹੈ। ਫੇਰ ਸਕੂਲ ਬੰਦ ਕਰ ਦਿੱਤੇ ਹਨ।
ਸਰਕਾਰੀ ਹਸਪਤਾਲ ਬੀਮਾਰ ਹਨ ਤੇ ਨੌਜਵਾਨਾਂ ਨੇ ਸੋਚਣਾ ਹੈ ਕਿ ਉਹਨਾਂ ਨੇ ਭਵਿੱਖ ਦਾ ਬਚਾ ਕਿਵੇਂ ਕਰਨਾ ਹੈ।
ਹੁਣ ਪਟਵਾਰੀ ਉਹ ਹੀ ਲੱਗੂ ਜਿਹੜਾ ….ਕੀੜੀਆਂ ਤੇ ਕੀੜਿਆਂ ਦੇ ਭੌਣ ਤੇ ਤਿਲ ਚੌਲੀ ਪਾਏਗਾ।
ਬਾਕੀ ਸਰਕਾਰ ਦੀ ਹਾਲਤ ਇਹ ਹੈ.ਕਿ … “ਆਪ ਨੰਗ ਬਾਪ ਨੰਗ..ਤੀਜੇ ਨੰਗ ਨਾਨਕੇ।”
ਸੱਚ ਇਹ ਹੈ ਕਿ ਹੁਣ ਨੌਜਵਾਨਾਂ ਨੂੰ ਆਪਣੇ ਆਲੇ ਦੁਆਲੇ ਲੱਗੇ ਧਰਮ..ਜਾਤ..ਪਾਰਟੀਆਂ ਦੇ ਟੈਗ ਲਾਹ ਕੇ..ਲੋਕਾਂ ਲਈ ਸੰਘਰਸ਼ ਤੇ ਲੜ੍ਹਾਈ ਕਰਨੀ ਪਵੇਗੀ। ਹੁਣ ਪਟਿਆਲਾ ਦੇ ਵਿੱਚ ਜੋ ਰੋਜ਼ ਹੁੰਦਾ ਹੈ…ਅਗਲੀ ਸਰਕਾਰ ਵੇਲੇ ਕਿਤੇ ਹੋਰ ਹੋਵੇਗਾ । ਹੁਣ ਪਟਵਾਰੀ ਲੱਗਣ ਲਈ ਦੀ ਜੰਗ ਨਹੀਂ ..ਸੱਤਾ ਬਦਲਣ ਲਈ ਇਕਮੁੱਠ ਹੋਣਾ ਪਵੇਗਾ !

-ਬੁੱਧ ਸਿੰਘ ਨੀਲੋਂ

Comment here